ਕੀ ਅਸੀਂ ਸਰਾਪੀਆਂ ਕਹਾਣੀਆਂ ਦੇ ਪਾਤਰ ਹਾਂ ?

IMG-20180523-WA0051

ਜਦੋਂ ਮੈਂ ਆਪਣੇ ਫਲਸਫਿਆਂ ‘ਚ ਪਏ ਮਹਾਨ ਅਧਾਰ ਵੇਖਦਾ ਹਾਂ ਤਾਂ ਇਸ ਗੱਲ ‘ਤੇ ਯਕੀਨ ਨਹੀਂ ਬੱਝਦਾ।ਪਰ ਇਸ ਦੌਰ ਅੰਦਰ ਫਲਸਫਿਆਂ ਨੂੰ ਸੁਣਦਾ ਕੌਣ ਹੈ ? ਇਹ ਫਲਸਫਿਆਂ ਨੂੰ ਨਾ ਸੁਣਨ ਦੀ ਲਚਾਰੀ ਸਾਡਾ ਗੁਨਾਹ ਹੈ ਜਾਂ ਅਸੀ ਅਜਿਹੀ ਸੁੰਨ ‘ਚ ਹਾਂ ਕਿ ਮੰਟੋ ਦੀ ਕਹਾਣੀ ਵਾਂਗੂ ‘ਖੋਲ੍ਹ ਦੋ’ ਬੋਲ ਰਹੇ ਹਾਂ।
ਸਿਆਣੇ ਕਹਿੰਦੇ ਸਨ ਕਿ ਜੋ ਬੀਜੋਗੇ ਉਹੋ ਵੱਢੋਗੇ,ਉਹੋ ਖਾਵੋਗੇ।ਉਹ ਇਹ ਵੀ ਕਹਿੰਦੇ ਹਨ ਕਿ ਜੇਹਾ ਪਾਣੀ ਤੇਹਾ ਪ੍ਰਾਣੀ,ਜੇਹਾ ਦੁੱਧ ਤੇਹੀ ਬੁੱਧ।ਬਹਿਸ ਤੁਰਦੀ ਹੈ ਕਿ ਪੰਜਾਬ ਦੀ ਜਵਾਨੀ ਨਸ਼ੇੜੀ ਹੈ।ਸੰਸਾਰ ਦੇ ਦੂਜੇ ਹਿੱਸਿਆਂ ‘ਚ ਭਾਂਵੇ ਕੋਈ ਵੀ ਅੱਤਵਾਦ ਹੋਵੇ ਪਰ ਪੰਜਾਬ ‘ਚ ਈਕੋ ਟੈਰਾਰਿਜ਼ਮ ਤਾਂ ਯਕੀਨਨ ਹੈ।
ਨਜ਼ਰੀਆ ਇਹ ਵੀ ਕਹਿੰਦਾ ਹੈ ਕਿ ਸ਼ਰਾਬ ਦੇ ਠੇਕੇ ਚਾਣਚੱਕ ਨਹੀਂ ਵਧੇ।ਚਿੱਟਾ ਯਕਦਮ ਨਹੀਂ ਤੁਰ ਪਿਆ।ਜੇ ਬੰਦਾ ਮਿੱਟੀ ਹੈ ਅਤੇ ਮਿੱਟੀ ਤੋਂ ਬਣਦਾ ਹੈ,ਮਿੱਟੀ ‘ਚ ਜਾ ਮਿਲਦਾ ਹੈ ਤਾਂ ਇਹ ਮਿੱਟੀ ਦਾ ਸਰਾਪ ਵੀ ਤਾਂ ਹੈ।ਅਸੀ ਮਿੱਟੀ ਨੂੰ ਨਸ਼ੇੜੀ ਬਣਾਇਆ ਤਾਂ ਉਸੇ ਮਿੱਟੀ ‘ਚੋਂ ਆਉਂਦੀਆਂ ਖੁਰਾਕਾਂ ‘ਚ ਸਾਡੀ ਪ੍ਰਵਿਰਤੀ ਨਸ਼ੇੜੀ ਕਿਉਂ ਨਾ ਹੋਵੇ ? ਉਸੇ ਮਿੱਟੀ ਦੀ ਖਾਂਦੇ ਖੁਰਾਕ ‘ਚ ਦੁਧਾਰੂ ਪਸ਼ੂਆਂ ਤੋਂ ਮਿਲਣ ਵਾਲਾ ਦੁੱਧ ਗੁਣਵੱਤਾ ਭਰਪੂਰ ਕਿਵੇਂ ਹੋਵੇ ?
ਨਸੀਰੂਦੀਨ ਸ਼ਾਹ ਅਤੇ ਅਰਸ਼ਦ ਵਾਰਸੀ ਦੀ 2017 ‘ਚ ਆਈ ਇਰਾਦਾ ਪੰਜਾਬ ਦੀ ਆਬੋ ਹਵਾ ਵੱਲ ਸਾਡਾ ਇਸ਼ਾਰਾ ਕਰਦੀ ਹੈ।
ਦਰਅਸਲ ਇਹ ਫਿਲਮ ਹਾਲੀਵੁੱਡ ਦੀ ਫਿਲਮ ‘ਐਰਿਨ ਬ੍ਰੋਕੋਵਿਚ’ ਵਰਗੀ ਹੈ।ਸਾਲ 2000 ‘ਚ ਆਈ ਜੂਲੀਆ ਰਾਬਰਟਸ ਦੀ ਇਹ ਫਿਲਮ ਐਰਿਨ ਬ੍ਰੋਕੋਵਿਚ ਦੀ ਜ਼ਿੰਦਗੀ ‘ਤੇ ਅਧਾਰਤ ਹੈ।ਇਸ ਲਈ ਜੂਲੀਆ ਰਾਬਰਟਸ ਨੂੰ ਉਸ ਸਾਲ ਸਭ ਤੋਂ ਵਧੀਆ ਅਦਾਕਾਰਾ ਦਾ ਆਸਕਰ ਮਿਲਿਆ ਸੀ।Erin_Brockovich
ਇਹ ਕਹਾਣੀ ਦੱਖਣੀ ਕੈਲੀਫੋਰਨੀਆ ਦੇ ਕਸਬੇ ਹੈਨਕਲੇ ਦੀ ਸੀ।ਜਿੱਥੇ ਇੱਕ ਫੈਕਟਰੀ ਨੇ ਆਪਣਾ ਖਤਰਨਾਕ ਰਸਾਇਣ ਮਾਪਦੰਡਾਂ ਤੋਂ ਉਲਟ ਪੀਣ ਵਾਲੇ ਪਾਣੀ ‘ਚ ਰਲਾ ਦਿੱਤੇ ਸਨ।ਇਸ ਕਾਰਨ ਨੇੜੇ ਤੇੜੇ ਦੇ ਵਸਨੀਕਾਂ ‘ਚ ਕੈˆਸਰ ਫੈਲ ਗਿਆ ਸੀ।ਇੱਕ ਵਕਾਲਤ ਫਰਮ ‘ਚ ਕੰਮ ਕਰਦੀ ਏਰਿਨ ਬ੍ਰੋਕੋਵਿੱਚ ਦੀ ਕੌਸ਼ਿਸ਼ ਨਾਲ ਇਹ ਕੇਸ ਅਦਾਲਤ ਗਿਆ ਅਤੇ 1996 ‘ਚ ਅਮਰੀਕਾ ਦੇ ਇਤਿਹਾਸ ‘ਚ ਇਹ ਸਭ ਤੋˆ ਵੱਡੇ ਮੁਆਵਜ਼ੇ ਵਾਲਾ ਕੇਸ ਬਣ ਗਿਆ ਸੀ।ਕੰਪਨੀ ਨੂੰ ਆਪਣੀ ਕਰਤੂਤ ਲਈ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਅਤੇ 333 ਮਿਲੀਅਨ ਅਮਰੀਕੀ ਡਾਲਰ ਦਾ ਮੁਆਵਜ਼ਾ ਪੀੜਤਾਂ ਨੂੰ ਦੇਣਾ ਪਿਆ।
ਅਜਿਹੀ ਕੰਪਨੀਆਂ ਦੀ ਬਹੁਤਾਤ ‘ਚ ਫਿਤਰਤ ਇੱਕੋ ਜਿਹੀ ਹੈ।ਪੰਜਾਬ ਦੀਆਂ ਡਾਇੰਗ ਇੰਡਸਟਰੀ,ਫੈਕਟਰੀਆਂ ਅਤੇ ਪ੍ਰਦੂਸ਼ਣ ਦੀ ਕਹਾਣੀ ਕਿਸੇ ਤੋਂ ਲੁੱਕੀ ਨਹੀਂ ਹੈ।ਸਤਲੁਜ ਦੇ ਨੇੜੇ ਤੇੜੇ ਦੇ ਪਿੰਡਾਂ ਅੰਦਰ ਕੈਂਸਰ ਦੀਆਂ ਸੈਂਕੜੇ ਕਹਾਣੀਆਂ ਹਨ ਜੋ ਆਪਣੇ ਸਾਹ ਮੁਕਾ ਕੇ ਮਰ ਗਈਆਂ ਹਨ ਅਤੇ ਕੁਝ ਜੋ ਅਜੇ ਜਿਉਂਦੇ ਹਨ ਉਹ ਆਪਣਾ ਬਿਆਨ ਕਰਨ ਲਈ ਜਿਉਂਦੇ ਬਚੇ ਹਨ।ਪਰ ਉਹ ਜਿਉਂਦੇ ਵੀ ਕਾਹਦੇ ?
ਬਠਿੰਡਾ ਸੰਗਰੂਰ ਤੇ ਮਾਲਵੇ ਦੇ ਜ਼ਿਲ੍ਹਿਆਂ ਦੀ ਰਿਪੋਰਟ ਕਈ ਵਾਰ ਸਾਡੇ ਸਾਹਮਣੇ ਆਈ ਹੈ।ਸੱਚ ਤਾਂ ਇਹ ਹੈ ਕਿ ਇਸ ਮਾਮਲੇ ‘ਚ ਕੁਝ ਵੀ ਕੀਤਾ ਨਹੀਂ ਜਾ ਰਿਹਾ।ਕੁਝ ਸਮੇਂ ਦੀ ਅਵਾਜ਼ ਵਕਤੀ ਜਿਹਾ ਕੁਝ ਕਰਕੇ ਟਾਲ ਦਿੱਤੀ ਜਾਂਦੀ ਹੈ।ਇਹ ਉਸ ਧਰਤੀ ‘ਤੇ ਹੋ ਰਿਹਾ ਹੈ ਜਿੱਥੇ ‘ਪਹਿਲਾ ਪਾਣੀ ਜੀਓ ਹੈ’ ਕਿਹਾ ਗਿਆ ਹੈ।ਇੱਥੇ ਪਾਣੀ ਨਾਲ ਚੌਂਕਾ ਸੁੱਚਾ ਕਰ ਰਸੌਈ ਦੀ ਸ਼ੁਰੂਆਤ ਹੁੰਦੀ ਹੈ।ਇੱਥੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਦੀ ਮਹੱਤਤਾ ਹੈ।ਜੇ ਇਸ ਦੌਰ ਨੂੰ ਵੇਖੀਏ ਤਾਂ ਅਸੀਂ ਆਪਣੇ ਵੱਡਿਆਂ ਨੂੰ ਬੇਦਾਵਾ ਦੇ ਰਹੇ ਹਾਂ।
ਕੁਦਰਤ ਦੀ ਸੂਖਮਤਾਈਆਂ ਜੋ ਅਸੀ ਨਹੀਂ ਸਮਝ ਰਹੇ ਉਹਨਾਂ ਨੂੰ ਅਸੀਂ ਅਮਰੀਕਾ ਦੇ ਸਾਬਕਾ ਉੱਪ ਰਾਸ਼ਟਰਪਤੀ ‘ਅਲ ਗੋਰ’ ਦੇ ਕਥਨ ਤੋਂ ਸਮਝ ਸਕਦੇ ਹਾਂ।
ਜ਼ਰਾ ਇਸ ਨਦੀ ਨੂੰ ਵੇਖੋ ਸ਼ਾਂਤ ਵਹਿੰਦੀ ਹੋਈ,
ਪੱਤਿਆਂ ਨੂੰ ਵੇਖੋ ਹਵਾ ‘ਚ ਲਹਿਰਾਉਂਦੇ ਹੋਏ,
ਪੰਛੀਆਂ ਦਾ ਚਹਿਚਹਾਉਣਾ,ਮਹਿਸੂਸ ਕਰੋ
ਮਖਮਲੀ ਘਾਹ ਨੂੰ,ਵੇਖੋ ਗਾਵਾਂ ਨੂੰ ਚਰਦੇ ਹੋਏ…
ਫਿਰ ਤੁਸੀ ਸੋਚੋਗੇ ਕਿ ਆਹ…..ਇਹ ਸਭ ਕੁਝ ਤਾਂ ਮੈਂ ਕਿਤੇ ਗਵਾ ਹੀ ਦਿੱਤਾ।
ਆਸਕਰ ਵਿਜੇਤਾ ਦਸਤਾਵੇਜ਼ੀ ਫ਼ਿਲਮ ‘ਐਨ ਇਨਕੰਨਵੀਨਅਟ ਟਰੁੱਥ’ ਇਸ ਵੱਲ ਬਾਖੂਬੀ ਇਸ਼ਾਰਾ ਕਰਦੀ ਹੈ।ਕਿ ਵਾਤਾਵਰਨ ਸਬੰਧੀ ਜਦੋਂ ਜਦੋਂ ਮਹਿਰਾਂ ਨੇ ਚਿੰਤਾ ਜ਼ਾਹਰ ਕੀਤੀ ਤਾਂ ਬਜ਼ਾਰ ਅੰਦਰ ਵੱਸਦੇ ਲੋਕਾਂ ਨੇ ਹਮੇਸ਼ਾ ਇਹ ਜ਼ੋਰ ਪਵਾਇਆ ਕਿ ਵਾਤਾਵਰਨ ਸਬੰਧੀ ਇਹ ਰਿਪੋਰਟਾਂ ਅੰਦਰ ਜ਼ਾਹਰ ਕੀਤੇ ਤੱਥ ਬਦਲੇ ਜਾਣ ਕਿਉਂ ਕਿ ਇਸ ਨਾਲ ਆਰਥਿਕ ਨੀਤੀਆਂ ‘ਤੇ ਅਸਰ ਪੈਂਦਾ ਹੈ ਅਤੇ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਸੋ ਇਹਨਾਂ ਸਾਰੀਆਂ ਗੱਲਾਂ ਨੂੰ ਸੋਚਦੇ ਸਮਝਦੇ ਹੋਏ ਸਾਨੂੰ ਆਪਣੇ ਨਿਜ ਨੂੰ ਥੌੜ੍ਹੇ ਲਾਲਚ ਤੋਂ ਛੁਟਕਾਰਾ ਪਾਕੇ ਭਵਿੱਖ ਦੀਆਂ ਯੋਜਨਾਵਾਂ ਉੱਤੇ ਧਿਆਨ ਦੇਣਾ ਪਵੇਗਾ ਜੋ ਸਾਡੇ ਵਾਤਾਵਰਨ ਲਈ ਫਾਇਦੇਮੰਦ ਹੋਣ।
ਸੈਂਕੜੇ ਸਾਲ ਪਹਿਲਾਂ ‘ਐਪਟੋਨ ਸਿਨਕਲੀਅਰ’ ਨੇ ਕਿਹਾ ਸੀ ਕਿ ਕਿਸੇ ਮਨੁੱਖ ਨੂੰ ਇਹ ਸਮਝਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਉਸ ਨੂੰ ਨਾ ਸਮਝਨ ਲਈ ਹੀ ਤਨਖਾਹ ਦਿੱਤੀ ਜਾਂਦੀ ਹੈ।ਕੀ ਅਜੋਕਾ ਪ੍ਰਸ਼ਾਸ਼ਨ ਕੁਝ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਇਹ ਵੀ ਸਮਝਨਾ ਪਵੇਗਾ।ਕੀ ਉਹ ਆਪਣੀ ਕੁਰਸੀ ‘ਤੇ ਬੈਠੇ ਇੰਝ ਹੀ ਤਨਖਾਹਾਂ ਲੈ ਰਹੇ ਹਨ ਕਿਉਂ ਕਿ ਉਹਨਾਂ ਨੂੰ ਲੋਕਾਂ ਦੇ ਸੇਵਾਦਾਰ ਦੇ ਤੌਰ ‘ਤੇ ਰੱਖਿਆ ਹੀ ਨਹੀਂ ਗਿਆ।ਉਹਨਾਂ ਨੂੰ ਸਰਕਾਰ ਦੀਆਂ ਅਣਗਹਿਲੀਆਂ ‘ਤੇ ਪਰਦਾ ਪਾਉਣ ਲਈ ਹੀ ਰੱਖਿਆ ਗਿਆ ਹੈ।
ਆਖਰ ਕਿਉਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਗੁਪਤ ਪਾਈਪ ਰਾਹੀਂ ਨਦੀਆਂ ‘ਚ ਛੱਡਿਆ ਜਾ ਰਿਹਾ ਹੈ।ਇਸ ਪ੍ਰਤੀ 1974 ਦਾ ਵਾਤਾਵਰਨ ਸਬੰਧੀ ਐਕਟ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ ਹੈ ? ਇਹਨਾਂ ਸਾਰੇ ਪਹਿਲੂਆਂ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ।
ਆਸਕਰ ਵਿਜੇਤਾ ਦਸਤਾਵੇਜ਼ੀ ਫ਼ਿਲਮ ‘ਐਨ ਇਨਕੰਨਵੀਨਅਟ ਟਰੁੱਥ’ ਸਾਨੂੰ ਪੰਜਾਬ ਦੀ ਆਬੋ ਹਵਾ ਦੀ ਗੰਭੀਰਤਾ ਨੂੰ ਸਮਝਣ ਦਾ ਇਸ਼ਾਰਾ ਕਰ ਰਹੀ ਹੈ।ਇਹਨਾਂ ਦਿਨਾਂ ‘ਚ ਜੋ ਬਿਆਸ ਦਰਿਆ ‘ਚ ਹੋਇਆ ਉਸ ਦੀ ਚਰਚਾ ਸੰਵਾਦ ਦੇ ਹਰ ਗਲਿਆਰੇ ‘ਚ ਹੈ।2013 ਦੀ ਗੱਲ ਹੈ ਵੇਂਈ ਨਦੀ ‘ਚ ਵੀ ਕਾਲਾ ਸੰਘਿਆ ਡ੍ਰੇਨ ਅਤੇ ਹੋਰਾਂ ਫੈਕਟਰੀਆਂ ਦੇ ਜ਼ਹਿਰੀਲੇ ਕੈਮੀਕਲਾਂ ਨਾਲ ਹਜ਼ਾਰਾਂ ਮੱਛੀਆਂ ਤੜਫ ਤੜਫ ਮਰੀਆਂ ਸਨ।ਸੰਤ ਬਲਬੀਰ ਸਿੰਘ ਸੀਚੇਵਾਲ ਵਾਧੂ ਪਾਣੀ ਦੇ ਟੈਂਕਰਾਂ ਨਾਲ ਫੁਹਾਰੇ ਰਾਹੀਂ ਪਾਣੀ ਪਾ ਪਾ ਉਹਨਾਂ ਮੱਛੀਆਂ ਨੂੰ ਬਚਾਉਣ ਦੀ ਕੌਸ਼ਿਸ਼ ਕਰ ਰਹੇ ਸਨ।ਉਹ ਕੌਸ਼ਿਸ਼ ਸਾਰਥਕ ਨਹੀਂ ਸੀ।ਸੰਤ ਬਲਬੀਰ ਸਿੰਘ ਸੀਚੇਵਾਲ ਮੌਕੇ ਦੇ ਉਹਨਾਂ ਹਲਾਤ ‘ਚ ਲਾਚਾਰ ਮਹਿਸੂਸ ਕਰਦੇ ਸਨ ਅਤੇ ਕਾਫੀ ਭਰੇ ਮਨ ਨਾਲ ਗੱਲ ਕਰਦੇ ਰਹੇ।ਅਜਿਹੀ ਸੰਵੇਦਨਾ ਹਰ ਮਨ ‘ਚ ਲਿਆਉਣ ਦੀ ਲੋੜ ਹੈ।ਸ਼ੁਰੂਆਤ ਸ਼ਾਹਕੋਟ ਜ਼ਿਮਨੀ ਚੋਣ ਤੋਂ ਹੀ ਹੋ ਸਕਦੀ ਹੈ।ਜੋ ਪੰਜਾਬ ਦੀ ਆਬੋ ਹਵਾ ਬਾਰੇ ਮਜ਼ਬੂਤੀ ਨਾਲ ਕੰਮ ਨਹੀਂ ਕਰਦਾ ਉਹ ਉਮੀਦਵਾਰ ਸਾਡਾ ਆਗੂ ਨਹੀਂ ਹੋ ਸਕਦਾ।

~ ਹਰਪ੍ਰੀਤ ਸਿੰਘ ਕਾਹਲੋਂ sutlej-7591

Advertisements
Posted in Cinema, Environment, Life, Society, Women | Tagged , , , , , | Leave a comment

ਰਾਜ਼ੀ ਦੀ ਮਾਸੂਮੀਅਤ ਅਤੇ ਸਟੇਟ ਦਾ ਮੁਹਾਂਦਰਾ

Raazi

“ਮੁਲਕ ਦੇ ਅੱਗੇ ਕੁਝ ਵੀ ਨਹੀਂ,ਖ਼ੁਦ ਵੀ ਨਹੀਂ।”
ਰਾਜ਼ੀ ਫਿਲਮ ਦਾ ਇਹ ਸੰਵਾਦ ਸਵਾਲ ਖੜ੍ਹਾ ਕਰਦਾ ਹੈ ਕਿ ਖ਼ੁਦ ਦਾ ਹੋਣਾ ਕੀ ਹੈ।ਸਵੈ ਇੱਛਾ ਨਾਲ ਖੁਦ ਕੁਝ ਵੀ ਹੋ ਜਾਵੋ ਪਰ ਉਸ ਫੈਸਲੇ ‘ਤੇ ਹੱਕ ਤੁਹਾਡਾ ਹੋਵੇਗਾ।ਪਰ ਬੰਦਾ ਕੀ ਸਿਰਫ ਸਟੇਟ ਲਈ ਹੈ? ਜਦੋਂ ਕਿ ਸਟੇਟ ਬੰਦੇ ਲਈ ਅਜੇ ਵੀ ਅਧੂਰੀ ਹੈ।ਜਾਵੇਦ ਅਖ਼ਤਰ ਦਾ ਗੀਤ ਹੈ ਕਿ ਈਸ਼ਵਰ ਅੱਲ੍ਹਾ ਤੇਰੇ ਜਹਾਨ ਮੇਂ ਨਫਰਤ ਕਿਉਂ ਹੈ,ਜੰਗ ਹੈ ਕਿਉਂ ?
ਪਿਛਲੇ ਦਿਨਾਂ ‘ਚ ਮਾਣਯੋਗ ਅਦਾਲਤ ਦੇ ਅਟਾਰਨੀ ਜਨਰਲ ਕੇ.ਕੇ ਵੇਨੂਗੋਪਾਲ ਦਾ ਬਿਆਨ ਹੈ ਕਿ ਬੰਦੇ ਦੇ ਅਧਿਕਾਰ ਆਰਟੀਕਲ 21 ਵਾਲੇ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ।ਕਿਉਂ ਕਿ ਉਹਦੇ ਲਈ ਰੋਟੀ,ਕੱਪੜਾ,ਮਕਾਨ,ਬੁਨਿਆਦੀ ਸਹੂਲਤਾਂ,ਸਿੱਖਿਆ,ਸਿਹਤ,ਉਹਦੇ ਰਹਿਣ ਲਾਇਕ ਵਾਤਾਵਰਨ,ਆਬੋ ਹਵਾ ਅਤੇ ਹਰ ਤਰ੍ਹਾਂ ਦੀ ਉਸ ਜ਼ਰੂਰਤ ਨੂੰ ਜੋ ਉਹਦੀ ਜ਼ਿੰਦਗੀ ਦੇ ਮਿਆਰ ਨੂੰ ਬੇਹਤਰ ਬਣਾਵੇ ਮੁਹੱਈਆ ਕਰਵਾਉਣਾ ਵਿਕਾਸਸ਼ੀਲ ਦੇਸ਼ਾਂ ‘ਚ ਅਜੇ ਔਖਾ ਹੈ।ਦੂਜੇ ਪਾਸੇ ਜੇ ਦੇਸ਼ ਹੀ ਸਭ ਤੋਂ ਉੱਪਰ ਹੈ ਤਾਂ ਜਰਮਨ,ਇਟਲੀ ‘ਚ ਦੂਜੇ ਵਿਸ਼ਵ ਯੁੱਧ ਦੌਰਾਨ ਨਾਗਰਿਕਾਂ ਨੂੰ ਇਹੋ ਤਾਂ ਕਿਹਾ ਗਿਆ।ਤੁਹਾਡੇ ਸਾਹ ‘ਤੇ ਵੀ ਤੁਹਾਡਾ ਜੇ ਹੱਕ ਨਹੀਂ ਹੈ ਤਾਂ ਅਧਾਰ ਕਾਰਡ ਦੀ ਚਰਚਾ ‘ਚ ਇਹਦੀ ਆਲੋਚਨਾ ਕਰਨ ਵਾਲਿਆਂ ਦੀ ਗੱਲ ਕਿੰਨੀ ਹੋਰ ਗੰਭੀਰ ਹੋ ਜਾਂਦੀ ਹੈ?
ਫਿਲਮ ਰਾਜ਼ੀ ‘ਦੇਸ਼ ਅਤੇ ਅਸੀਂ’ ਦਰਮਿਆਨ ਜੋ ਸਾਡੇ ਅੱਗੇ ਲਿਆਉਂਦੀ ਹੈ ਉਹ ਖਿੱਚੋਤਾਣ ਸਾਡੀ ਲਈ ਉੱਚੇਚੇ ਤੌਰ ‘ਤੇ ਵਿਚਾਰਨ ਵਾਲੀ ਹੈ।ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ‘ਤੇ ਅਧਾਰਿਤ ਫਿਲਮ ਰਾਜ਼ੀ ਤੁਹਾਨੂੰ ਆਪਣੇ ਨਾਲ ਤੋਰਦੀ ਹੈ।ਇਹ ਨਿੱਕੀਆਂ ਨਿੱਕੀਆਂ ਲੜਾਈਆਂ ‘ਚ ਉਲਝੇ ਦੇਸ਼ਾਂ ਦੇ ਦਰਮਿਆਨ ਵੱਡਾ ਸਵਾਲ ਰੱਖ ਦਿੰਦੀ ਹੈ।ਰਾਜ਼ੀ ਦੀ ਮਾਸੂਮੀਅਤ ‘ਚ ਦੇਸ਼ ਦੇ ਆਮ ਬੰਦੇ ਦੀ ਵਿੱਥਿਆ ਨਜ਼ਰ ਆ ਜਾਂਦੀ ਹੈ।
ਗੁਰਦਾਸਪੁਰ ਦੇ ਲੰਗਾਹ ਤੋਂ ਨਾਵਲ ਬਾਰਡਰਨਾਮਾ ਦਾ ਲਿਖਾਰੀ ਨਿਰਮਲ ਨਿੰਮ੍ਹਾ ਲੰਗਾਹ ਕਹਿੰਦਾ ਹੈ ਕਿ ਬਾਰਡਰ ਹੋਣੇ ਹੀ ਨਹੀਂ ਚਾਹੀਦੇ।ਬਾਰਡਰ ਨਾਲ ਆਮ ਲੋਕਾਂ ਦਾ ਕੋਈ ਨਾਤਾ ਵੀ ਨਹੀਂ।ਇਹ ਤਾਂ ਵਿੱਤੀ ਜਾਲ ਅਤੇ ਵੱਡੇ ਮੁਨਾਫਿਆਂ ਦੀ ਖੇਡ ‘ਚ ਕਾਰੋਬਾਰ ਲਈ ਘੇਰਾਬੰਦੀ ਹੈ।ਆਖਰ ਸੰਸਾਰ ਦੇ ਦੇਸ਼ ਆਪਸ ‘ਚ ਬਿਨਾਂ ਬਾਰਡਰ ਤੋਂ ਕਿਉਂ ਨਹੀਂ ਰਹਿ ਸਕਦੇ ? ਸੰਸਾਰ ਦੇ ਕਿੰਨੇ ਹੀ ਦੇਸ਼ ਬਿਨਾਂ ਤਾਰ,ਬਿਨਾਂ ਬਾਰਡਰ ਤੋਂ ਰਹਿ ਰਹੇ ਹਨ।ਬਾਰਡਰ ਕੁਦਰਤ ਦੇ ਖਿਲਾਫ ਹਨ।ਬੰਦਾ ਵੀ ਇਸ ਧਰਤੀ ਦੇ ਹਜ਼ਾਰਾਂ ਜੀਵਾਂ ਵਾਂਗੂ ਅਜ਼ਾਦ ਹੋਣਾ ਚਾਹੀਦਾ ਹੈ।
ਨਿਰਮਲ ਨਿੰਮ੍ਹੇ ਦੀ ਇਹ ਗੱਲ ਜਾਵੇਦ ਅਖਤਰ ਦੇ ਉਸ ਗੀਤ ਵਰਗੀ ਹੈ ਕਿ ਪੰਛੀ ਨਦੀਆਂ ਪਵਨ ਕੇ ਝੌਂਕੇ ਜਿਸੇ ਸਰਹੱਦ ਨਾ ਰੋਕੇ।ਸੋਚੋ ਹਮਨੇ ਤੁਮਨੇ ਕਿਆ ਪਾਇਆ ਇਨਸਾਨ ਹੋਕੇ।ਇਸ ਦੌਰ ‘ਚ ਇਸ ਅਹਿਸਾਸ ਨੂੰ ਕਿਉਂ ਨਹੀਂ ਸਮਝਿਆ ਜਾ ਰਿਹਾ।ਸੀਤਾ ਮਾਤਾ ਦੀ ਅਗਨੀ ਪ੍ਰੀਖਿਆ ਵਾਂਗੂ ਮੋੜ ਮੋੜ ‘ਤੇ ਇਮਤਿਹਾਨ ਹੈ।ਕੋਈ ਰਾਸ਼ਟਰ ਗਾਣ ‘ਤੇ ਖੜ੍ਹਾ ਹੋ ਰਿਹਾ ਹੈ ਇਹ ਉਹਦੀ ਆਪਣੀ ਸ਼ਰਧਾ ਹੈ ਪਰ ਖੁਦ ਦੇ ਖੜ੍ਹੇ ਹੋਣ ਦਾ ਮਾਣ ਮਹਿਸੂਸ ਕਰਨ ਨਾਲੋਂ ਦੂਜੇ ਦੇ ਰਾਸ਼ਟਰ ਗਾਣ ਵੇਲੇ ਬੈਠਣ ਨੂੰ ਲੈਕੇ ਗੁੱਸਾ ਵਧੇਰੇ ਠ੍ਹਾਂਠਾਂ ਮਾਰਦਾ ਹੈ।
ਫਿਲਮ ਰਾਜ਼ੀ ਅਤੇ ਉਮੇਰਟਾ ਹਫਤੇ ਦੇ ਵਕਫੇ ‘ਚ ਹੀ ਇੱਕੋ ਮਹੀਨੇ ‘ਚ ਪਰਦ੍ਰਸ਼ਿਤ ਹੁੰਦੀ ਹਨ।ਦੋਵਾਂ ਦੇ ਸੰਦਰਭ ਇੱਕੋ ਹਨ।ਅਹਿਮਦ ਸਈਅਦ ਉਮਰ ਸ਼ੇਖ ਸਾਡੇ ਲਈ ਅੱਤਵਾਦੀ ਹੈ ਪਰ ਉਹਨਾਂ ਲਈ ਸਿਪਾਹੀ ਹੈ।ਰਾਜ਼ੀ ਸਾਡੇ ਲਈ ਉਹ ਨਾਇਕ ਹੈ ਜੀਹਦਾ ਇਤਿਹਾਸ ‘ਚ ਕਦੀ ਨਾਮ ਦਰਜ ਨਹੀਂ ਪਰ ਉਹ ਦੇਸ਼ ਲਈ ਦੁਸ਼ਮਨ ਦੇਸ਼ ‘ਚ ਆਪਣੀ ਡਿਊਟੀ ਕਰ ਰਹੀ ਹੈ ਪਰ ਦੂਜੇ ਦੇਸ਼ ਲਈ ਤਾਂ ਅੱਤਵਾਦੀ ਹੀ ਹੈ।
ਲੰਡਨ ਸਕੂਲ ਆਫ ਇਕਨਾਮਿਕਸ ਤੋਂ ਅੱਧ ਵਿਚਾਲੇ ਡਿਗਰੀ ਛੱਡ ਵੱਖਵਾਦੀਆਂ ਦੇ ਕਾਫਲੇ ‘ਚ ਸ਼ਾਮਲ ਹੁੰਦਾ ਬ੍ਰਿਟਿਸ਼ ਮੂਲ ਦਾ ਉਮਰ ਸ਼ੇਖ ਉਹੋ ਅੱਤਵਾਦੀ ਹੈ ਜੀਹਨੂੰ ਛਡਾਉਣ ਲਈ ਕੰਧਾਰ ਹਵਾਈ ਜਹਾਜ਼ ਹਾਈਜੈੱਕ ਕੀਤਾ।ਉਸ ਤੋਂ ਬਾਅਦ ਇਹੋ ਉਮਰ ਸ਼ੇਖ ਪਾਕਿਸਤਾਨ ‘ਚ ਸਰਕਾਰੀ ਮਹਿਮਾਨ ਬਣ ਰਹਿੰਦਾ ਵੀ ਹੈ ਅਤੇ 9/11 ਵਰਲਡ ਟਰੇਡ ਸੈਂਟਰ ਹਮਲੇ ਦੀਆਂ ਤਾਰਾਂ ਵੀ ਜੁੜਦੀਆਂ ਹਨ ਅਤੇ 26/11 ਮੁੰਬਈ ਹਮਲੇ ਦਾ ਜ਼ਿੰਮੇਵਾਰ ਵੀ ਹੈ।
ਇਸ ਬਾਰੇ ਪਾਕਿਸਤਾਨ ਦੇ ਪਰਵੇਜ਼ ਮੁੱਸ਼ਰਫ ਦਾ ਆਪਣੀ ਜੀਵਨੀ ‘ਇਨ ਦੀ ਲਾਈਨ ਆਫ ਫਾਇਰ’ ‘ਚ ਕੁਝ ਹੋਰ ਕਹਿਣਾ ਹੈ।ਉਹਨਾਂ ਮੁਤਾਬਕ ਇਹ ਐੱਮ.ਆਈ 6 ਦਾ ਏਜੰਟ ਹੈ।ਬਾਅਦ ‘ਚ ਉਹਨਾਂ ਇਹਨੂੰ ਡਬਲ ਏਜੰਟ ਵੀ ਕਿਹਾ।ਵਾਲ ਸਟ੍ਰੀਟ ਜਨਰਲ ਦੇ ਪੱਤਰਕਾਰ ਡੇਨੀਅਲ ਪਰਲ ਨੂੰ ਅਗਵਾ ਕਰਕੇ ਬੇਦਰਦੀ ਨਾਲ ਕੀਤੇ ਕਤਲ ਪਿੱਛੇ ਵੀ ਉਮਰ ਸ਼ੇਖ ਦਾ ਹੀ ਹੱਥ ਸੀ।ਡੇਨੀਅਲ ਪਰਲ ਦੇ ਕਤਲ ਤੋਂ ਬਾਅਦ ਉਹਨਾਂ ਦੀ ਪਤਨੀ ਮਾਰੀਅਨ ਪਰਲ ਨੇ ਇਸ ਦਾਸਤਾਨ ਦੀ ਕਿਤਾਬ ‘ਏ ਮਾਇਟੀ ਹਰਟ’ ਲਿਖੀ।ਇਸ ‘ਤੇ ਐਂਜਲੀਨਾ ਜੌਲੀ ਦੀ ਇਸੇ ਨਾਮ ਦੀ ਫਿਲਮ ਵੀ ਬਣ ਚੁੱਕੀ ਹੈ।
ਹੰਸਲ ਮਹਿਤਾ ਦੀ ਫਿਲਮ ਉਮੇਰਟਾ ਉਮਰ ਸ਼ੇਖ ਨੂੰ ਪਰਦੇ ‘ਤੇ ਪੇਸ਼ ਕਰਨ ਦੌਰਾਨ ਇਹਦੇ ਪਿਛੋਕੜ ‘ਚ ਬਹੁਤਾ ਨਹੀਂ ਜਾਂਦੀ ਪਰ ਇਹ ਫਿਲਮ ਸਿਲਸਿਲੇਵਾਰ ਦਸਤਾਵੇਜ਼ੀ ਬਿਆਨ ਨਾਲ ਉਮਰ ਸ਼ੇਖ ਅਤੇ ਉਹਦੀਆਂ ਕਾਰਵਾਈਆਂ ਨੂੰ ਸਾਡੇ ਸਾਹਮਣੇ ਰੱਖਦੀ ਜਾਂਦੀ ਹੈ।ਇਸ ਫਿਲਮ ‘ਚ ਉਮਰ ਸ਼ੇਖ ਹੈ,ਸਿਖਲਾਈ ਦਿੰਦੇ ਕੈਂਪ ਹਨ,ਹੋ ਰਹੀਆਂ ਘਟਨਾਵਾਂ ਹਨ ਅਤੇ ਇਸ ਸਾਰੇ ਪਿੱਛੇ ਹੋ ਰਹੀ ਸਰਕਾਰੀ ਸ਼ਹਿ ‘ਚ ਲੁੱਕਵੀ ਸਰਕਾਰ ਸਪੋਂਸਰਡ ਮਨਜ਼ੂਰੀ ਹੈ।ਹੰਸਲ ਮਹਿਤਾ ਦੀ ਫਿਲਮ ਇਸੇ ਦਾ ਬਿਆਨ ਹੈ ਕਿ ਸਰਕਾਰ ਸਪੋਂਸਰਡ ਅੱਤਵਾਦ ਇਸ ਦੌਰ ਦੀ ਜਾਂ ਹਰ ਦੌਰ ‘ਚ ਕੋੜੀ ਅਤੇ ਤਿੱਖੀ ਸੱਚਾਈ ਹੈ।
ਪੂਰੀ ਦੁਨੀਆਂ ਸਾਜਿਸ਼ਾਂ,ਜਾਸੂਸੀਆਂ ਅਤੇ ਬਾਰੂਦਾਂ ਦੇ ਢੇਰ ‘ਤੇ ਖੜ੍ਹੀ ਹੈ।1998 ‘ਚ ਪੋਖਰਨ ਦਾ ਪਰਮਾਣੂ ਪਰੀਖਣ ਅਟਲ ਬਿਹਾਰੀ ਵਾਜਪਾਈ ਸਰਕਾਰ ਦੌਰਾਨ ਬਹੁਤ ਗੁਪਤ ਢੰਗ ਨਾਲ ਅੰਜਾਮ ਦਿੱਤਾ ਗਿਆ ਸੀ।ਅਮਰੀਕਾ ਨੇ ਆਪਣੇ ਸੈਟੇਲਾਈਟ ਜ਼ਰੀਏ ਭਾਰਤ ‘ਤੇ ਨਜ਼ਰ ਰੱਖੀ ਸੀ।ਪਰਮਾਣੂ ਹਰ ਦੇਸ਼ ਦੀ ਮਜ਼ਬੂਤੀ ਦਾ ਦਾਅਵਾ ਬਣ ਗਿਆ ਹੈ।ਇਸੇ ਨੂੰ ਲੈਕੇ ਜਾਨ ਅਬਰਾਹੀਮ ਦੀ ਫਿਲਮ ਪਰਮਾਣੂ-ਦੀ ਸਟੋਰੀ ਆਫ ਪੋਖਰਨ ਵੀ ਆ ਰਹੀ ਹੈ।ਇਸ ਸਭ ‘ਚ ਮਨੁੱਖਤਵਾਦੀ ਨਜ਼ਰੀਏ ਦੀ ਕੋਈ ਗੁੰਜਾਇਸ਼ ਨਹੀਂ।ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ ਦਾ ਕਿਸੇ ਵੇਲਿਆਂ ਦਾ ਕਥਨ ਤਾਂ ਇਹ ਵੀ ਸੀ ਕਿ ਜੰਗ ਜ਼ਰੂਰੀ ਹੈ ਤਾਂ ਕਿ ਸ਼ਾਂਤੀ ਬਰਕਰਾਰ ਰਹੇ।6 ਅਗਸਤ,9 ਅਗਸਤ 1945 ਦਾ ਨਾਕਸਾਕੀ,ਹੀਰੋਸ਼ਮਾ ਪਰਮਾਣੂ ਹਮਲੇ ਤੋਂ ਬਾਅਦ ਇਤਿਹਾਸ ਤੋਂ ਸੇਧ ਲੈ ਦੇਸ਼ਾਂ ਨੇ ਆਪਣੇ ਸੁਭਾਅ ਨਹੀਂ ਬਦਲੇ।ਜਦੋਂ ਤੁਸੀ ਕੋਈ ਨਵੀਂ ਘੜੀ ਖਰੀਦਦੇ ਹੋ ਤਾਂ ਡੱਬੇ ‘ਤੇ ਬਣੀ ਫੋਟੋ ‘ਤੇ ਹਮੇਸ਼ਾ 10.10 ਦਾ ਸਮਾਂ ਕਿਉਂ ਹੁੰਦਾ ਹੈ।ਇਹ ਸਵਾਲ ਦਾ ਜਵਾਬ ਤੁਸੀ ਖੁਦ ਲੱਭੋ।ਕਿਉਂ ਕਿ ਇਹਦਾ ਇੱਕ ਇਸ਼ਾਰਾ ਹੈ।
ਰਾਜ਼ੀ ਫਿਲਮ ਦੀ ਰਾਜ਼ੀ ਫਿਲਮ ਦੇ ਅੰਤ ‘ਚ ਆਪਣੀ ਮਾਸੂਮੀਅਤ ‘ਚ ਬਹੁਤ ਕੁਝ ਬਚਾ ਲੈਂਦੀ ਹੈ।ਉਹਦਾ ਸਵਾਲ ਹੈ ਕਿ ਅਖਰ ਇਹ ਸਾਰਾ ਕੁਝ ਕੀ ਸੀ।ਇਸ ਦਰਮਿਆਨ ਸਭ ਕੁਝ ਗਵਾਕੇ ਆਖਰ ਹਾਸਲ ਕੀ ਹੋਇਆ।ਇਹਨਾਂ ਲੜਾਈਆਂ ‘ਚ ਇਦਾਂ ਹੀ ਮਰਦੇ ਮਰਦੇ ਬੰਦਾ ਕਠਪੁਤਲੀ ਮਹਿਜ਼ ਹੈ ਤਾਂ ਜਜ਼ਬਾਤ,ਅਹਿਸਾਸ,ਮੁਹੱਬਤ,ਅਮਨ ਦੀ ਗੁੰਜਾਇਸ਼ ਹੀ ਕੀ ਹੈ ? ਰਾਜ਼ੀ ਪਾਕਿਸਤਾਨੀ ਅਫਸਰ ਤੋਂ ਪੈਦੇ ਹੋਏ ਬੱਚੇ ਨੂੰ ਜਨਮ ਦਿੰਦੀ ਹੈ।ਇਹ ਦੇਸ਼ਾਂ ਤੋਂ ਪਾਰ ਹੋਰ ਤਰ੍ਹਾਂ ਦੀ ਮੁਹੱਬਤ ਭਰੀ ਉਮੀਦ ਹੈ।ਇਹਦੀ ਪੌਦ ਪਿਆਰ ‘ਚੋਂ ਫੁੱਟੀ ਹੈ।

~ ਹਰਪ੍ਰੀਤ ਸਿੰਘ ਕਾਹਲੋਂ
ਵਾਇਆ ਸਿਨੇਮਾ

Posted in Cinema, Politics | Tagged , , , , , | Leave a comment

ਦਾਣਾ-ਪਾਣੀ

Dana pani 2

ਬਹਿਸ ਹੈ ਕਿ ਪੁਰਾਣੇ ਦੌਰ ਨੂੰ ਚੇਤੇ ਕਰਦੇ ਵਿਸ਼ਿਆਂ ਦੀਆਂ ਫਿਲਮਾਂ ਦੀ ਲੋੜ ਕੀ ਹੈ ? ਯਕੀਨਨ ਭੇਡ ਚਾਲ ਅਕੇਵਾਂ ਪੈਦਾ ਕਰਦੀ ਹੈ ਅਤੇ ਇੱਕੋ ਤਰ੍ਹਾਂ ਦੇ ਮੂੰਹ-ਮੁਹਾਂਦਰੇ ਦੇ ਵਿਸ਼ੇ ਇੱਕ ਸਮੇਂ ਤੋਂ ਬਾਅਦ ਬਾਸੀ ਹੋ ਜਾਂਦੇ ਹਨ।ਪਰ ਇਹਦਾ ਦੂਜਾ ਸੰਦਰਭ ਇਹ ਵੀ ਹੈ ਕਿ ਕਹਾਣੀ ਕਹਿਣ ਨੂੰ ਜੇ ਵਧੀਆ ਹੈ ਤਾਂ ਕੋਈ ਹਰਜ਼ ਵੀ ਨਹੀਂ ਕਿ ਉਹ ਕਹਿ ਦਿੱਤੀ ਜਾਵੇ।ਦਰਸ਼ਕ ਬਣਦਾ ਪਿਆਰ ਆਪੇ ਦੇਵੇਗਾ ਅਤੇ ਜੇ ਉਹਨੇ ਫਿਲਮ ਨੂੰ ਖਾਰਜ ਕਰਨਾ ਹੋਵੇਗਾ ਤਾਂ ਉਹ ਵੀ ਕਰੇਗਾ।
ਪਰ ਮੇਰਾ ਨਜ਼ਰੀਆ ਦੂਜਾ ਹੈ।ਦਾਣਾ-ਪਾਣੀ ਫਿਲਮ ਵੇਖਦਿਆਂ ਮੈਨੂੰ ਮਾਂ-ਧੀ ਦੇ ਰਿਸ਼ਤੇ ‘ਚੋਂ ਸ਼ਬਦਾਂ ਦੇ ਉਹ ਮਾਇਨੇ ਚੇਤੇ ਆਏ ਜੋ ਹੁਣ ਦੇ ਨਵੇਂ ਜ਼ਮਾਨੇ ‘ਚ ਨਹੀਂ।ਗੈਜੇਟ,ਟੂਲਸ,ਐਪ ਦੀ ਦੁਨੀਆਂ ‘ਚ ਰਹਿੰਦਿਆ ਆਖਰੀ ਵੇਲੇ ਕੋਈ ਖੁੱਲ੍ਹੇ ਅੰਬਰਾਂ ਥੱਲੇ ਕੋਣ ਸੁੱਤਾ ਹੋਵੇਗਾ ਜਾਂ ਕਿੰਨਾ ਕੁ ਅਸੀਂ ਸੌਂਦੇ ਹਾਂ ? ਸਾਡੀ ਸ਼ਬਦਾਵਲੀ ‘ਚ,ਸਾਡੇ ਚੇਤਿਆਂ ‘ਚ ਸੱਭਿਆਚਾਰ ਦੀ ਜ਼ੁਬਾਨ ‘ਚ ਕੁਦਰਤ ਦੇ ਅੰਲਕਾਰ ਬਹੁਤ ਸਨ।ਚੰਨ ਮਾਹੀ,ਚੰਨ ਪੁੱਤ,ਅੱਖਾਂ ਦਾ ਤਾਰਾ,ਸੂਰਜ,ਚੰਨ ਦੇ ਗੀਤ,ਹਵਾਵਾਂ,ਤਾਰਿਆਂ ਦਾ ਜ਼ਿਕਰ,ਸਾਡੀਆਂ ਬਾਤਾਂ,ਅਖਾਣਾਂ,ਕਹਾਣੀਆਂ ‘ਚ ਹਰ ਥਾਂ ਅਸੀਂ ਕੁਦਰਤ ਨਾਲ ਇੱਕ ਮਿਕ ਸਾਂ।
ਦਾਣਾ-ਪਾਣੀ ਦੀ ਬਸੰਤ ਕੌਰ ਨੂੰ ਉਹਦੀ ਮਾਂ ਕਹਿੰਦੀ ਹੈ ਕਿ ਜਦੋਂ ਮੇਰੀ ਯਾਦ ਆਵੇ ਤਾਂ ਤੂੰ ਇਹਨਾਂ ਤਾਰਿਆਂ ਨੂੰ ਵੇਖ ਲਿਆ ਕਰੀ ਯਾਨਿ ਕਿ ਮੇਰੀ ਅਤੇ ਤੇਰੀ ਛੱਤ ‘ਤੇ ਤਾਰੇ ਇੱਕੋ ਹਨ।ਇਹ ਜ਼ੁਬਾਨ ਹੁਣ ਨਹੀਂ ਹੈ।ਸੱਭਿਆਚਾਰ ਦਾ ਕੁਦਰਤ ਨਾਲੋਂ ਨਾਤਾ ਟੁੱਟ ਗਿਆ ਹੈ।ਅਜਿਹੀਆਂ ਜ਼ੁਬਾਨਾਂ ‘ਚ ਸਾਡਾ ਸੋਣਾ ਤਾਰਿਆਂ ਦੀ ਛਾਵੇਂ ਸੀ।ਸਾਡੇ ਕੰਮਕਾਰ ਕੁਦਰਤ ਦੇ ਹਿਸਾਬ ਨਾਲ ਸਨ ਅਤੇ ਇਹਨਾਂ ਮੌਸਮਾਂ ਨੂੰ ਮਾਣਦੇ ਹੋਏ ਮਾਲ-ਪੂੜੇ ਵੀ ਪੱਕਦੇ ਸਨ ਅਤੇ ਹੋਰ ਰਹੁ ਰੀਤਾਂ ‘ਚ ਪਾਣੀ ਨੂੰ ਵੀ ਖ਼ਵਾਜਾ ਕਹਿ ਸਤਕਾਰ ਦਿੰਦੇ ਸਾਂ।ਮਿੱਟੀ,ਪਾਣੀ,ਹਵਾ ਨੂੰ ਅਰਾਧਣਾ ਅਤੇ ਮੌਸਮਾਂ ਦੇ ਗੀਤ ਇਸ ਦੌਰ ਦੀ ਅਧੁਨਿਕਤਾ ‘ਚ ਸੱਭਿਆਚਾਰ ਦੀ ਜ਼ੁਬਾਨ ‘ਚ ਕੁਦਰਤ ਮਨਫੀ ਤਾਂ ਹੋ ਹੀ ਗਈ ਹੈ।ਦਾਣਾ-ਪਾਣੀ ਦੀ ਕਹਾਣੀ ਨੂੰ ਵੇਖਦਿਆਂ ਇਹ ਨੁਕਤਾ ਚਾਣਚੱਕ ਮਹਿਸੂਸ ਹੋਇਆ।
ਦਾਣਾ ਪਾਣੀ ਦੇ ਹੇਰਵੇ ਦੀ ਬਹਿਸ ‘ਚ ਇੱਕ ਨੁਕਤਾ ਅਣਗੋਲਿਆ ਕਿਉਂ ਹੋ ਰਿਹਾ ਹੈ ? ਮਾਂ-ਧੀ ਦੀ ਕਹਾਣੀ ਕਹਿੰਦਾ ਹੋਇਆ,ਮੱਝ ਨੂੰ ਇੱਕ ਕਿੱਲੇ ਤੋਂ ਦੂਜੇ ਕਿੱਲੇ ‘ਤੇ ਬੰਨ੍ਹਦਾ ਹੋਇਆ ਉਹ ਜਨਾਨੀ ਦੀ ਬਲੀ ਚਾੜਣ ਦਾ ਬਿਆਨ ਹੈ।ਜਿੱਥੇ ਆਦਰਾਂ ਦਾ ਸਾਕ ਸਿਰਫ ਏਸ ਕਰਕੇ ਵੱਖੋ ਵੱਖ ਹੁੰਦਾ ਹੈ ਕਿਉਂ ਕਿ ਉਹ ਬੰਦੇ ਦੀ ਹਉਮੇ ਨੂੰ ਉੱਪਰ ਮੰਨਦਾ ਹੈ।ਹਰ ਦੌਰ ਅੰਦਰ ਜਨਾਨੀ ਪੱਲੇ ਇਹ ਤ੍ਰਾਸਦੀ ਸਦਾ ਆਈ ਹੈ ਜਿਹਦਾ ਬਿਆਨ ਇਹ ਫਿਲਮ ਹੈ।ਰਾਜਿੰਦਰ ਸਿੰਘ ਬੇਦੀ ਦੀ ਬਾਕਮਾਲ ਫਿਲਮ ਏਕ ਚਾਦਰ ਮੈਲੀ ਸੀ ਦੇ ਗੀਤਕਾਰ ਸੁਦਰਸ਼ਨ ਫ਼ਾਕਿਰ ਫਿਲਮ ਦੇ ਇੱਕ ਗੀਤ ‘ਚ ਲਿਖਦੇ ਹਨ-
ਇਸ ਦੁਨੀਆਂ ਮੇਂ ਔਰਤ ਕਿਆ ਹੈ ?
ਦੋ ਲਫ਼ਜ਼ੋਂ ਕੀ ਏਕ ਕਹਾਣੀ
ਦਿਲ ਮੇਂ ਮਮਤਾ,ਆਂਖ ਮੇਂ ਪਾਣੀ
ਸਦੀਓਂ ਸੇ ਯੇ ਗ਼ਮ ਕੀ ਚਿਤਾ ਹੈ
ਚਿਹਰਾ ਖੁਸ਼ੀ ਕਾ ਢੂੰਡ ਰਹੀ ਹੈ
ਹਰ ਔਰਤ ਹੈ ਹੀਰ ਹਵਾ ਸੀ
ਵਾਰਸ ਆਪਣਾ ਢੂੰਗ ਰਹੀ ਹੈ
ਇਸ ਕਹਾਣੀ ਨਾਲ ਸਬੰਧ ਨਾ ਜੋੜਣ ਵਾਲੇ,ਫਿਲਮ ਤੋਂ ਅਕੇਵਾਂ ਮਹਿਸੂਸ ਕਰਨ ਵਾਲੇ ਰਿਸ਼ਤੇ ਦੀ ਉਸ ਜ਼ੁਬਾਨ ਨੂੰ ਮਹਿਸੂਸ ਕਿਉਂ ਨਹੀਂ ਕਰ ਸਕੇ ਰੱਬ ਜਾਣੇ। ਬੀਤੇ ਸਮੇਂ ਦੀਆਂ ਬਾਤਾਂ ਪਾਉਣ ‘ਚ ਕੋਈ ਹਰਜ਼ ਨਹੀਂ।ਦਾਣਾ-ਪਾਣੀ ਫਿਲਮ ਮਾਂ-ਧੀ ਦੇ ਰਿਸ਼ਤੇ ਨੂੰ ‘ਬਾਇਓਲੋਜੀਕਲ’ ਦੀ ਵਿਗਿਆਨਕ ਜ਼ੁਬਾਨ ਤੋਂ ਨਹੀਂ ‘ਆਦਰਾਂ ਦੇ ਰਿਸ਼ਤੇ’ ਦੇ ਅਹਿਸਾਸ ‘ਚੋਂ ਸਮਝਦੀ ਹੈ।ਇਹ ਪੰਜਾਬੀ ਧਰਾਤਲ ਦੀਆਂ ਉਹ ਕਹਾਣੀਆਂ ਨੇ ਜਿਹੜੀਆਂ ਇੱਥੋਂ ਦੇ ਸਮਾਜ ‘ਚ ਗਾਹੇ ਬਗਾਹੇ ਵਾਪਰੀਆਂ ਹਨ।ਪੰਜਾਬੀ ਸਿਨੇਮਾ ‘ਚ ਹੁਣ ਉਹ ਕਹਾਣੀਆਂ ਜਾਂ ਉਹ ਪੇਸ਼ਕਾਰੀਆਂ ਹੋ ਰਹੀਆਂ ਹਨ ਜੋ ਇੱਥੋਂ ਦੇ ਸੁਭਾਅ ਦੇ ਹਿਸਾਬ ਨਾਲ ਵਾਪਰੀਆਂ।ਨਹੀਂ ਤਾਂ ਪੰਜਾਬੀ ਸਿਨੇਮਾ ਅੰਦਰ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਦੀ ਬਹੁਤਾਤ ਸੀ ਜਿੰਨ੍ਹਾਂ ਬਾਰੇ ਇਹੋ ਨਜ਼ਰੀਆ ਸੀ ਕਿ ਇਹ ਕਹਾਣੀ ਸਿਰਫ ਫਿਲਮਾਂ ‘ਚ ਹੀ ਹੋ ਸਕਦੀਆਂ ਹਨ ਅਸਲ ਜ਼ਿੰਦਗੀ ‘ਚ ਨਹੀਂ।ਕਹਿਣ ਤੋਂ ਭਾਵ ਕਿ ਚਾਹੇ ਉਹ ਗੋਲਕ ਬੁਗਨੀ ਹੋਵੇ,ਦਾਣਾ ਪਾਣੀ ਜਾਂ ਆਉਣ ਵਾਲੀ ਹਰਜੀਤਾ ਇਹ ਕਹਾਣੀਆਂ ਪੰਜਾਬ ਅੰਦਰ ਸਾਹ ਲੈਂਦੀ ਜ਼ਿੰਦਗੀ ਨੂੰ ਪਰਦਾਪੇਸ਼ ਤਾਂ ਕਰ ਰਹੀ ਹੈ।ਕਿਸੇ ਧਰਾਤਲ ਦੀ ਕਹਾਣੀ ‘ਚ ਅਸਲ ਜ਼ਿੰਦਗੀ ਦੀ ਪੇਸ਼ਕਾਰੀ ਇਰਾਨ ਦੇ ਸਿਨੇਮਾ ‘ਚ ਬਹੁਤ ਹੈ।ਬੇਸ਼ੱਕ ਪੰਜਾਬੀ ਸਿਨੇਮਾ ਇਰਾਨ ਦੇ ਸਿਨੇਮਾ ਦੇ ਹਾਣ ਦਾ ਨਹੀਂ।ਪਰ ਸਿਨੇਮਾ ਦੇ ਵਪਾਰਕ ਸੰਦਰਭ ਦੇ ਬੋਲਬਾਲੇ ‘ਚ ਪੰਜਾਬ ਦੀ ਧਰਾਤਲ ਦੀ ਸਹਿਜ ਕਹਾਣੀ ਵਿਖਾਉਣ ਦੀ ਜੇ ਕੌਸ਼ਿਸ਼ ਹੋ ਰਹੀ ਹੈ ਤਾਂ ਅਜਿਹੀ ਗੁੰਜਾਇਸ਼ ਦਾ ਸਵਾਗਤ ਵੀ ਕਰਨਾ ਚਾਹੀਦਾ ਹੈ।ਜੱਟ ਐਂਡ ਜੂਲੀਅਟ,ਅੰਬਰਸਰੀਆਂ ਜ਼ਰੂਰ ਵੇਖੋ ਪਰ ਦਾਣਾ-ਪਾਣੀ,ਸਰਦਾਰ ਮੁਹੰਮਦ ਵਰਗੀਆਂ ਫਿਲਮਾਂ ਦੀ ਗੁੰਜਾਇਸ਼ ਵੀ ਬਣੀ ਰਹੇ।
ਅੰਨ੍ਹੇ ਘੋੜੇ ਦਾ ਦਾਨ ਫਿਲਮ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਉਹਨਾਂ ਨੂੰ ਇਰਾਨ ਦਾ ਸਿਨੇਮਾ ਪ੍ਰਭਾਵਿਤ ਕਰਦਾ ਹੈ।ਇਰਾਨ ਦੇ ਹਦਾਇਤਕਾਰਾਂ ਨੇ ਆਪਣੇ ਖਿੱਤੇ ਦੇ ਅਦਬ ‘ਚੋਂ ਨਿੱਕੀ ਜਹੀ ਕਹਾਣੀ ਨੂੰ ਚੁੱਕ ਕੇ ਵੀ ਪਰਦਾਪੇਸ਼ ਕੀਤਾ ਹੈ।ਇੰਝ ਇਰਾਨ ਦੇ ਨਿੱਕੇ ਜਹੇ ਖਿੱਤੇ ਦੀ,ਨਿੱਕੀ ਜਹੀ ਕਹਾਣੀ ਉਹਨਾਂ ਕਿਰਦਾਰਾਂ ਨੂੰ,ਲਿਖਾਰੀਆਂ ਨੂੰ ਸੰਸਾਰ ਦੇ ਵੱਡੇ ਸਿਨੇਮੇ ਤੱਕ ਰੱਖ ਰਹੀ ਹੈ।ਇਹ ਵੱਡਾ ਸਿਲਸਿਲਾ ਹੈ ਅਤੇ ਸਿਨੇਮੇ ਦਾ ਹਾਸਲ ਹੈ।ਇਸ ਕਰਕੇ ਅੰਨ੍ਹੇ ਘੋੜੇ ਦਾ ਦਾਨ ਅਤੇ ਚੌਥੀ ਕੂਟ ਵਰਗੀਆਂ ਫਿਲਮਾਂ ਦੀ ਗੁੰਜਾਇਸ਼ ਵੀ ਰਹਿਣੀ ਚਾਹੀਦੀ ਹੈ।
ਹੁਣ ਪੰਜਾਬੀ ਸਿਨੇਮਾ ‘ਚ ਦਾਣਾ-ਪਾਣੀ ਅਤੇ ਜਿਹੜੀਆਂ ਵੀ ਫਿਲਮਾਂ ਆ ਰਹੀਆਂ ਹਨ,ਉਹ ਹੀਰੋ ਦਾ ਜਸ਼ਨ ਨਾ ਮਣਾਕੇ ਕਹਾਣੀ ਨੂੰ ਮੁੱਖ ਰੱਖ ਰਹੀਆਂ ਹਨ।ਇਹ ਚੰਗਾ ਇਸ਼ਾਰਾ ਹੈ।ਦਾਣਾ-ਪਾਣੀ ਦੇ ਕਿਰਦਾਰ ਜਿੰਮੀ,ਸਿੰਮੀ ਤੋਂ ਲੈਕੇ ਗੁਰਪ੍ਰੀਤ ਘੁੱਗੀ,ਮਲਕੀਤ ਰੌਣੀ,ਸੀਮਾ ਕੌਸ਼ਲ ਤੱਕ ਬਹੁਤ ਸੁਭਾਵਕ ਜਾਪਦੇ ਹਨ।ਤਰਨਵੀਰ ਸਿੰਘ ਜਗਪਾਲ ਆਪਣੀ ਨਿੱਕੀ ਉੱਮਰੇ ਰੱਬ ਦਾ ਰੇਡੀਓ ਅਤੇ ਦਾਣਾ-ਪਾਣੀ ਵਰਗੀਆਂ ਫਿਲਮਾਂ ਬਣਾ ਰਿਹਾ ਹੈ ਤਾਂ ਅੱਗੇ ਵੀ ਕਹਾਣੀਆਂ ਕਮਾਲ ਦੀ ਕਹੇਗਾ ਅਜਿਹਾ ਯਕੀਨ ਹੋਣਾ ਚਾਹੀਦਾ ਹੈ।ਜਸ ਗਰੇਵਾਲ ਕਹਾਣੀਆਂ ਪੰਜਾਬੀ ਸਿਨੇਮਾ ਅੰਦਰ ਵੰਨ ਸੁੰਵਨਤਾ ਦੀ ਉਮੀਦ ਤਾਂ ਦਿੰਦੀਆਂ ਹੀ ਹਨ।ਦਾਣਾ-ਪਾਣੀ ਫਿਮ ਵੇਖਦਿਆਂ ਇਹ ਸਾਰਥਕ ਗੱਲ ਹੈ।
ਫਿਲਮ ਦੇ ਗੀਤ ਜਿੰਨੇ ਕਮਾਲ ਹਨ ਬੈਕਗ੍ਰਾਉਂਡ ਮਿਊਜ਼ਿਕ ਉਨਾਂ ਹੀ ਘੱਟ ਪ੍ਰਭਾਵ ਪਾਉਂਦਾ ਹੈ।ਪਰ ਹਦਾਇਤਕਾਰ ਕੁਝ ਮੈਟਾਫਰ ਦਾ ਕਮਾਲ ਦੇ ਰੱਖਦਾ ਹੈ ਜਿਵੇਂ ਕੁੜੀਆਂ ਦੇ ਹਲਾਤ ਨੂੰ ਉਹ ਮੱਝ ਨੂੰ ਕਿੱਲੇ ਨਾਲ ਬੰਨ੍ਹਕੇ ਪੇਸ਼ ਕਰਦਾ ਹੈ।ਪਰ ਮੈਨੂੰ ਜਾਪਦਾ ਹੈ ਕਿ ਜੇ ਇਹ ਕਹਾਣੀ ਸੂਤਰਧਾਰ ਤੋਂ ਬਿਨਾਂ ਵੀ ਰੱਖੀ ਜਾਂਦੀ ਤਾਂ ਪ੍ਰਭਾਵ ਛੱਡਦੀ ਸੀ।ਇੰਝ ਕਹਾਣੀ ਕਿੱਸਾਗੋਈ ਦੇ ਅੰਦਾਜ਼ ‘ਚ ਵਰਤਮਾਨ ‘ਚ ਆਕੇ ਧਿਆਨ ਨੂੰ ਤੋੜਦੀ ਹੈ।
ਮੈਨੂੰ ਜਾਪਦਾ ਹੈ ਕਿ ਦਾਣਾ-ਪਾਣੀ ਨੂੰ ਆਪਣੀ ਕਹਾਣੀ ਕਹਿਣ ਲੱਗਿਆ ਪਿੱਠਵਰਤੀ ਸੰਗੀਤ ‘ਤੇ,ਸੰਪਾਦਨਾ ਅਤੇ ਦ੍ਰਿਸ਼ ਬਨਮਾ ਗੀਤਾਂ ਵੇਲੇ ਗਤੀ ਦੇ ਤਾਲਮੇਲ ‘ਤੇ ਕੰਮ ਕਰਨ ਦੀ ਲੋੜ ਸੀ।ਉਦਾਹਰਨ ਦੇ ਤੌਰ ‘ਤੇ ਜਿੰਮੀ ਜਾਂ ਤਰਸੇਮ ਜੱਸੜ ਦੇ ਫਿਲਮ ‘ਚ ਦਾਖਲ ਹੋਣ ਲੱਗਿਆ ਇਹਨਾਂ ਕਿਰਦਾਰਾਂ ਨੂੰ ਪੇਸ਼ ਕਰਨ ਵੇਲੇ ਕਹਾਣੀ ਦੇ ਮਿਜਾਜ਼ ਨਾਲ ਸਹਿਜ ਹੀ ਰੱਖਣਾ ਚਾਹੀਦਾ ਸੀ।ਇਹ ਕਹਾਣੀ ਦੀ ਰਵਾਨਗੀ ਨੂੰ ਤੋੜਦਾ ਹੈ।ਇਹੋ ਸਮੱਸਿਆ ਇਹਦੇ ਬੈਕਗ੍ਰਾਉਂਡ ਮਿਊਜ਼ਿਕ ‘ਚ ਹੈ।
ਇਸ ਸਭ ਦੇ ਬਾਵਜੂਦ ਕਹਾਣੀ,ਕਿਰਦਾਰ ਆਪਣੇ ਅਹਿਸਾਸ ਤੱਕ ਵੇਖਣ ਵਾਲੇ ਨੂੰ ਲੈਕੇ ਆਉਂਦੇ ਹਨ।ਤਕਨੀਕੀ ਗੱਲਾਂ ਇੱਕ ਪਾਸੜ ਹਨ ਪਰ ਕਹਾਣੀਆਂ ਤੁਰਦੀਆਂ ਹਨ,ਇਹ ਕਹੀਆਂ ਜਾ ਰਹੀਆਂ ਹਨ ਅਤੇ ਦਰਸ਼ਕਾਂ ਵੱਲੋਂ ਵੇਖੀਆਂ ਜਾ ਰਹੀ ਹਨ।ਸਿਨੇਮਾ ਦੇ ਵੱਧਣ-ਫੁੱਲਣ ਦੀ ਇਹੋ ਉਮੀਦ ਹੈ।ਭਾਰਤ-ਚੀਨ ਜੰਗ ਨੂੰ ਲੈਕੇ ਜੋ ਨਜ਼ਰੀਆ ਸੂਬੇਦਾਰ ਜੋਗਿੰਦਰ ਸਿੰਘ ਨਹੀਂ ਪੇਸ਼ ਕਰ ਸਕੀ ਉਹ ਦਾਣਾ-ਪਾਣੀ ਆਪਣੇ ਛੋਟੇ ਜਹੇ ਹਿੱਸੇ ‘ਚ ਕਹਿ ਗਈ ਹੈ।1962 ਦੀ ਜੰਗ ‘ਚ ਸ਼ਾਮਲ ਰਹੇ ਬ੍ਰਿਗੇਡੀਅਰ ਐੱਸ.ਪੀ ਸ਼੍ਰੀਕਾਂਤ ਦੀ ਟਿੱਪਣੀ ਸੀ ਕਿ ਇਹ ਜੰਗ ਨਹੀਂ ਸੀ।ਜੰਗ ਇੰਝ ਨਹੀਂ ਹੁੰਦੀ।ਇਸ ਨੂੰ ਲੈਕੇ ਕਿਸੇ ਤਰ੍ਹਾਂ ਦੀ ਕੋਈ ਵਿਉਂਤਬੰਦੀ ਨਹੀਂ ਸੀ।ਇਹ ਇੱਕ ਤਰ੍ਹਾਂ ਨਾਲ ਵੇਲੇ ਦੀ ਨਮਾਜ਼,ਕੁਵੇਲੇ ਦੀਆਂ ਟੱਕਰਾਂ ਸਨ।ਭਾਰਤੀ ਫੌਜ ਨੂੰ ਇਹ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ ਕਿ ਲੜਾਈ ਉਹਨਾਂ ਹੱਥੋਂ ਨਿਕਲ ਗਈ ਹੈ।ਫਿਲਮ ‘ਚ ਜਦੋਂ ਫੌਜੀ ਕਹਿੰਦਾ ਹੈ ਕਿ ਦਿੱਲੀ ਹੀ ਸਭ ਕੁਝ ਤੈਅ ਕਰਦੈ ਤਾਂ ਇਹ ਮਸਲਾ ਸੰਜੀਦਾ ਹੈ।ਮਨੀ ਰਤਨਮ ਦੀ ਫਿਲਮ ‘ਦਿਲ ਸੇ’ ‘ਚ ਰੇਡੀਓ ਰਿਪੋਰਟਰ ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ ਕਰ ਰਹੇ ਵੱਖਵਾਦੀਆਂ ਕੋਲ ਜਾਕੇ ਪੁੱਛਦਾ ਹੈ ਕਿ 60 ਸਾਲ ਦੀ ਅਜ਼ਾਦੀ ਨੂੰ ਤੁਸੀ ਕਿਵੇਂ ਵੇਖਦੇ ਹੋ ਤਾਂ ਜਵਾਬ ਹੈ ਕਿ ਤੁਹਾਡੇ ਲਈ ਤਾਂ ਦਿੱਲੀ ਹੀ ਬੱਸ ਭਾਰਤ ਹੈ।ਭਾਰਤ ਦੇ ਪ੍ਰਬੰਧ ‘ਚ ਇਹ ਵੱਡਾ ਸਵਾਲ ਤਾਂ ਹੈ। ਸੁਧੀਰ ਮਿਸ਼ਰਾ ਨਿਰਦੇਸ਼ਤ ਫਿਲਮ ਹਜ਼ਾਰੋਂ ਖਵਾਇਸ਼ੇਂ ਐਸੀ ‘ਚ ਸੰਵਾਦ ਹੈ ਕਿ ਮੈਂ ਜਿੱਥੇ ਬੈਠਾ ਹਾਂ ਇਹ ਦਿੱਲੀ ਤੋਂ 2000 ਕਿਲੋਮੀਟਰ ਦਾ ਪਾੜਾ ਨਹੀਂ ਸਗੋਂ 5000 ਹਜ਼ਾਰ ਸਾਲ ਦਾ ਪਾੜਾ ਹੈ।
ਇੱਕ ਦਿਲਚਸਪ ਕਿੱਸਾ ਹੈ ਕਿ ਚੀਨ ਨੇ ਲਦਾਖ ਵਾਲੇ ਵਿਵਾਦਤ ਇਲਾਕੇ ‘ਚ ਸੜਕ ਬਣਾ ਲਈ ਸੀ ਜੀਹਦੇ ਬਾਰੇ ਤਤਕਾਲੀ ਪ੍ਰਧਾਨਮੰਤਰੀ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਉਸ ਇਲਾਕੇ ਨੂੰ ਲੈਕੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂ ਕਿ ਉੱਥੇ ਤਾਂ ਘਾਹ ਦੀ ਪੱਤੀ ਤੱਕ ਨਹੀਂ ਉੱਗਦੀ।ਇਸ ਦੇ ਜਵਾਬ ‘ਚ ਪਾਰਲੀਮੈਂਟ ‘ਚ ਮਹਾਂਵੀਰ ਤਿਆਗੀ ਨੇ ਆਪਣੀ ਸਿਰ ਤੋਂ ਟੋਪੀ ਲਾਹਕੇ ਪੰਡਿਤ ਨਹਿਰੂ ਨੂੰ ਕਿਹਾ ਕਿ ਮੇਰੇ ਸਿਰ ‘ਤੇ ਵਾਲ ਨੀ ਉੱਗਦੇ ਹੁਣ ਇਹਦਾ ਇਹ ਅਰਥ ਤਾਂ ਨਹੀਂ ਕਿ ਮੇਰਾ ਸਿਰ ਹੀ ਕਲਮ ਕਰ ਦਿੱਤਾ ਜਾਵੇ।
 
~ ਹਰਪ੍ਰੀਤ ਸਿੰਘ ਕਾਹਲੋਂ

 

Posted in Cinema, Culture, Life, Society | Tagged , , , , , , | Leave a comment

ਆਸਾਰਾਮ,ਗੁਰਮੀਤ ਰਾਮ ਰਹੀਮ ਤੇ Spotlight

SpotlightThis is not just physical abuse…it’s spiritual abuse too….He robs you of your faiths

ਆਸਾਰਾਮ ਨੂੰ ਸਜ਼ਾ ਹੋਣਾ ਭਾਰਤੀ ਨਿਜਾਮ ਲਈ ਬਹੁਤ ਪਹਿਲੂਆਂ ਤੋਂ ਖਾਸ ਹੈ।ਹਰਿਆਣਾ ਦੇ ਰਾਮਪਾਲ,ਡੇਰਾ ਸਿਰਸਾ ਗੁਰਮੀਤ ਰਾਮ ਰਹੀਮ ਦੀ ਸਜ਼ਾ ਤੋਂ ਬਾਅਦ ਆਸਾਰਾਮ ਨੂੰ ਸਜ਼ਾ ਨੇ ਉਹਨਾਂ ਲੋਕਾਂ ਨੂੰ ਉਮੀਦ ਦਿੱਤੀ ਹੈ ਜਿੰਨ੍ਹਾਂ ਨੂੰ ਜਾਪਦਾ ਸੀ ਕਿ ਹਮਾਤੜਾਂ ਦੇ ਇਨਸਾਫ ਤੋਂ ਸੱਖਣੇ ਰਾਹਵਾਂ ਨੂੰ ਨਿਆਂ ਨਸੀਬ ਨਹੀਂ ਹੋਵੇਗਾ।ਇਸ ਮਹੀਨੇ ਅਨੁਰਾਗ ਤ੍ਰਿਪਾਠੀ ਦੀ ਪੇਂਗੁਇਨ ਪਬਲੀਕੇਸ਼ਨ ‘ਚ ‘Dera Sacha Sauda & Gurmit Ram Rahim – a dacede long investigation’ ਨਾਮ ਦੀ ਕਿਤਾਬ ਆਈ ਹੈ।ਡੇਰਿਆਂ ਦੀ ਬਣਤਰ,ਇਹਨਾਂ ਡੇਰਿਆਂ ਨਾਲ ਜੁੜਣ ਵਾਲੇ ਲੋਕਾਂ ਦੇ ਸੁਭਾਅ ਅਤੇ ਡੇਰਾ ਸੱਚਾ ਸੋਦੇ ਦੇ ਬਹਾਨੇ ਡੇਰਿਆਂ ‘ਚ ਚੱਲਦੇ ਧਰਮ ਦੇ ਕਾਰੋਬਾਰ ਨੂੰ ਸਮਝਣ ਲਈ ਇਹ ਕਿਤਾਬ ਕਾਫੀ ਖਾਸ ਹੈ।

ਧਰਮ ਬੰਦੇ ਦਾ ਸੁਭਾਅ ਹੁੰਦਾ ਹੈ।ਉਹ ਸੁਭਾਅ ਜੋ ਬੰਦੇ ਦੇ ਅੰਦਰ ਬੰਦੇ ਦੀ ਹੋਂਦ ਸੰਭਵ ਬਣਾਉਂਦਾ ਹੈ।ਪਰ ਧਰਮ ਦੀ ਰੂਹਾਨੀਅਤ ਲਗਾਤਾਰ ਨੀਲਾਮ ਹੁੰਦੀ ਗਈ।ਫਲਸਫੇ ਬਹੁਤ ਪਿੱਛੇ ਕਿਤੇ ਛੁੱਟ ਗਏ।ਬਾਕੀ ਰਹਿ ਗਿਆ ਪਾਖੰਡ,ਖੌਫ ਅਤੇ ਧਾਰਮਿਕ ਰੇਵਨਿਊ !

ਜਿਹਨੇ ਧਾਰਮਿਕ ਕਾਰਪੋਰੇਟ ਨਾਮ ਦੀ ਨਵੀਂ ਇਕਾਈ ਦਾ ਨਾਮਕਰਨ ਕਰ ਦਿੱਤਾ।ਧਰਮ ਦੇ ਨਾਮ ‘ਤੇ ਵਸਤੂ ਵਿਕਦੀਆਂ ਹਨ,ਸਿਆਸਤ ਪ੍ਰਭਾਵਿਤ ਹੁੰਦੀ ਹੈ ਅਤੇ ਨਵੀਂ ਖੇਡ ਸ਼ੁਰੂ ਹੁੰਦੀ ਹੈ।ਧਰਮ ਦੇ ਇਹਨਾਂ ਮੱਠਾਂ ਨੂੰ ਤੁਸੀ ਚਣੌਤੀ ਨਹੀਂ ਦੇ ਸਕਦੇ।ਜੇ ਤੁਸੀ ਅਜਿਹਾ ਕਰਦੇ ਹੋ ਤਾਂ ਸੁਕਰਾਤ ਵਾਂਗੂ ਜ਼ਹਿਰ ਦੇ ਪਿਆਲੇ ਤੁਹਾਨੂੰ ਪੀਣ ਦੀ ਪੇਸ਼ਕਸ਼ ਹੋਵੇਗੀ।

ਇਸ ਦੌਰ ‘ਚ ਧਰਮ ਖਤਰੇ ‘ਚ ਹੈ ! ਇਹਦੀ ਦੁਹਾਈ ਦਿੱਤੀ ਜਾ ਰਹੀ ਹੈ।ਧਰਮ ਦੇ ਮੱਠ ਧਰਮ ‘ਚ ਗਿਣਤੀ ਵਧਾਉਣ ‘ਤੇ ਜ਼ੋਰ ਦੇ ਰਹੇ ਹਨ।ਹਰ ਧਰਮ ਦਾ ਪ੍ਰੋਪੇਗੰਡਾ ਏਜੰਡਾ ਇੱਕੋ ਜਿਹਾ ਜਾਪਦਾ ਹੈ।ਇਸ ਸਾਰੇ ਵਰਤਾਰੇ ‘ਚ ਸੰਤਾਪ ਜਨਾਨੀਆਂ ਦੇ ਹਿੱਸੇ ਹੀ ਆਇਆ ਹੈ।1947 ਦੀ ਵੰਡ ਤੋਂ ਲੈਕੇ 2002 ਦੇ ਗੁਜਰਾਤ ਦੰਗੇ ਅਤੇ ਦੁਨੀਆਂ ਦੀਆਂ ਵੱਡੀਆਂ ਤ੍ਰਾਸਦੀਆਂ ‘ਚ ਬੀਬੀਆਂ ‘ਤੇ ਤਸ਼ੱਦਦ ਢਾਹਕੇ ਬੰਦਿਆਂ ਨੇ ਆਪਣੀ ਹਉਮੇ ਨੂੰ,ਅੰਦਰ ਦੇ ਜਾਨਵਰ ਨੂੰ ਠੰਡੇ ਕੀਤਾ ਹੈ।

ਕਠੂਆ ਬਲਾਤਕਾਰ ਕੇਸ,ਸਾਸਰਾਮ ਕੇਸ,ਡੇਰਾ ਸੱਚਾ ਸੋਦਾ ਤੋਂ ਲੈਕੇ ਆਸਾਰਾਮ ਕੇਸ ਸਾਡੇ ਸਭ ਲਈ ਉਹ ਕੜੀਆਂ ਨੇ ਜਿੰਨ੍ਹਾਂ ਨੂੰ ਸੰਜੀਦਗੀ ਨਾਲ ਸਮਝਣ ਦੀ ਲੋੜ ਹੈ।ਕਿਸੇ ਅਖੋਤੀ ਸੰਤ ਲਈ ਸ਼ਰਧਾ ਦੇ ਉਸ ਨੈੱਟਵਰਕ ਨੂੰ ਤੋੜਣਾ ਬਹੁਤ ਔਖਾ ਹੈ।ਸਾਨੂੰ ਹੁਣ ਵੀ ਕਦੀ ਡੇਰਾ ਸਮਰਥਕਾਂ ਦੇ ਵੀਡੀਓ ਆਮ ਹੀ ਵੇਖਣ ਨੂੰ ਮਿਲਦੇ ਹਨ ਜਿੱਥੇ ਉਹਨਾਂ ਦੀ ਆਸਥਾ ਅਜੇ ਵੀ ਬਰਕਰਾਰ ਵੇਖਣ ਨੂੰ ਮਿਲਦੀ ਹੈ।ਲੋਕਾਂ ਦੀ ਉਮੀਦ ਕਿਸੇ ਸੰਤ ਲਈ ਏਨੀ ਖਾਸ ਕਿਉਂ ਹੁੰਦੀ ਹੈ।ਇਸ ਨੂੰ ਸਮਝਣ ਲਈ ਸਭ ਤੋਂ ਸ਼ਾਨਦਾਰ ਹਵਾਲਾ ਫਿਲਮ ਸਪੋਟਲਾਈਟ ਦਾ ਇੱਕ ਸੰਵਾਦ ਹੈ।

“ਧਰਮ ਦੀਆਂ ਇਹ ਸੰਸਥਾਵਾਂ ਤੁਹਾਡੀ ਗਰੀਬੀ ਨੂੰ, ਗਰੀਬ ਪਰਿਵਾਰ ਨੂੰ ਬਹੁਤ ਗੰਭੀਰਤਾ ਨਾਲ ਵੇਖਦੀਆਂ ਹਨ।ਕਿਉਂ ਕਿ ਇੱਥੇ ਉਹ ਤੁਹਾਡੇ ਲਈ ਕੁਝ ਬੇਹਤਰ ਕਰਨ ਜਾਂਦੀਆਂ ਹਨ ਅਤੇ ਬਦਲੇ ‘ਚ ਤੁਹਾਨੂੰ ਆਪਣਾ ਆਪ ਪੇਸ਼ ਕਰਨ ਨੂੰ ਕਹਿੰਦੀਆਂ ਹਨ।ਇਸੇ ਕਾਰਵਾਈ ‘ਚ ਤੁਹਾਡਾ ਸ਼ੋਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ।
ਉਹ ਤੁਹਾਨੂੰ ਚੁਣਦੇ ਹਨ।ਉਹ ਤੁਹਾਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਤੁਹਾਨੂੰ ਨਿਸ਼ਾਨਾ ਬਣਾਉਣ ਨੂੰ ਉਹ ਤੁਹਾਡੀ ਆਤਮਾ ਦਾ ਨਿਖਾਰ ਦੱਸਦੇ ਹਨ।ਇਹ ਤੁਹਾਡਾ ਸ਼ਰੀਰਕ ਸ਼ੋਸ਼ਨ ਹੀ ਨਹੀਂ ਹੁੰਦਾ ਸਗੋਂ ਇਹ ਤੁਹਾਡਾ ਅਧਿਆਤਮਕ ਸ਼ੋਸ਼ਨ ਵੀ ਹੁੰਦਾ ਹੈ।ਉਹ ਤੁਹਾਡੇ ਵਿਸ਼ਵਾਸ਼ ਨੂੰ ਲੁੱਟਦੇ ਹਨ,ਮਨ ਦੀ ਸ਼ਾਂਤੀ ਦੇ ਨਾਮ ਥੱਲੇ,ਤੁਹਾਡੀ ਸ਼ੁੱਧੀ ਦੇ ਨਾਮ ਥੱਲੇ ਅਤੇ ਤੁਸੀ ਇਸ ਦਰਮਿਆਨ ਉਹਨਾਂ ਨੂੰ ਚਣੌਤੀ ਨਹੀਂ ਦੇ ਸਕਦੇ।”
This is not just physical abuse…it’s spiritual abuse too…He robs you of your faiths
~ Victim of Roman Catholic Church Boston ( News by The Boston Globe – 2002)
Via : Movie Spotlight (2015 – Best Movie Oscar)

2002 ‘ਚ ਅਮਰੀਕਾ ਦੇ ਅਖ਼ਬਾਰ ‘ਦੀ ਬੋਸਟਨ ਗਲੋਬ’ ਨੇ ਆਪਣੇ ਸਪੋਟਲਾਈਟ ਸੈਕਸ਼ਨ ‘ਚ ਰੋਮਨ ਕੈਥੋਲਿਕ ਚਰਚ ਦੇ ਪਾਦਰੀਆਂ ਵੱਲੋਂ ਬੱਚਿਆਂ ਦੇ ਕੀਤੇ ਯੋਨ ਸ਼ੋਸ਼ਨ ਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ।ਇਸ ਖ਼ਬਰ ਨੂੰ ਰਿਪੋਰਟ ਕਰਨਾ ਸੋਖਾ ਨਹੀਂ ਸੀ।ਅਖ਼ਬਾਰ ਚਰਚ ਨਾਲ ਸਿੱਧਾ ਆਡਾ ਲੈ ਰਿਹਾ ਸੀ।ਇਸ ਦੌਰਾਨ ਬੋਸਟਨ ਦੇ ਚਰਚਾਂ ‘ਚੋਂ ਹਜ਼ਾਰਾਂ ਕੇਸ ਸਾਹਮਣੇ ਆਏ ਜਿੱਥੇ ਪਾਦਰੀਆਂ ਵੱਲੋਂ ਯੋਨ ਸ਼ੋਸ਼ਨ ਦੀਆਂ ਗੱਲਾਂ ਨਿਕਲ ਰਹੀਆਂ ਸਨ।ਬੋਸਟਨ ਦੇ ਸੰਪਾਦਕ ਦਾ ਮੰਨਣਾ ਸੀ ਕਿ ਸਾਡੀ ਖ਼ਬਰ ਕਿਸੇ ਪਾਦਰੀ ਖਿਲਾਫ ਨਹੀਂ ਸਗੋਂ ਉਸ ਤੋਂ ਵੀ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਧਰਮ ਦੀਆਂ ਸੰਸਥਾਵਾਂ ਦੀ ਨੈਤਕਿਤਾ ਹੀ ਕਟਿਹਰੇ ‘ਚ ਆਣ ਖਲੋਤੀ ਹੈ।

ਟੋਮ ਮੈਕਾਰਥੀ ਦੀ 2015 ‘ਚ ਆਈ ਫਿਲਮ ‘ਸਪੋਟਲਾਈਟ’ ਦੀ ਬੋਸਟਨ ਗਲੋਬ ਦੀ ਇਸੇ ਖ਼ਬਰ ਨੂੰ ਲੈਕੇ ਅਖ਼ਬਾਰ ਵੱਲੋਂ ਕੀਤੇ ਕੰਮ ਅਤੇ ਖ਼ੋਜ ‘ਤੇ ਅਧਾਰਤ ਹੈ।ਇਸ ਖ਼ਬਰ ਨੇ ਅਮਰੀਕਾ ‘ਚ ਵੱਡੇ ਸਕੈਂਡਲ ਨੂੰ ਰੌਸ਼ਨੀ ‘ਚ ਲਿਆਂਦਾ ਸੀ।2002 ਦੀ ਇਸ ਖੋਜੀ ਪੱਤਰਕਾਰੀ ਦੀ ਇਸ ਫਿਲਮ ਨੂੰ ਉਸ ਸਾਲ ਆਸਕਰ ਦੀ ਸਰਵੋਤਮ ਫਿਲਮ ਐਲਾਨਿਆ ਗਿਆ ਸੀ।ਇਹ ਫਿਲਮ ਧਰਮ ਦੇ ਅੰਦਰ ਦੇ ਦੋਗਲੇਪਣ ਅਤੇ ਅਨੈਤਿਕਤਾ ਨੂੰ ਤਾਂ ਬੇਨਕਾਬ ਕਰਦਾ ਹੀ ਹੈ ਪਰ ਪੱਤਰਕਾਰੀ ਦੀ ਬੁਨਿਆਦੀ ਸਮਝ ਅਤੇ ਜ਼ਿੰਮੇਵਾਰੀ ਕੀ ਹੈ ਉਸ ਨੂੰ ਵੀ ਸਾਡੇ ਸਾਹਮਣੇ ਪਰਦਾਪੇਸ਼ ਕਰਦੀ ਹੈ।Ram rahim book

ਇਸੇ ਰੌਸ਼ਨੀ ‘ਚ ਹੁਣ ਦਾ ਹਾਲ ਸਮਝ ਲਈਏ ਤਾਂ ਲੋਕਤੰਤਰ ਦੀ ਆਤਮਾ ਕਿੱਥੇ ਵਲੂੰਧਰੀ ਜਾ ਰਹੀ ਹੈ ਇਹ ਵੀ ਸਮਝ ਆਵੇਗਾ।ਇਸ ਤੋਂ ਇਲਾਵਾ ਹੁਣ ਦੇ ਹਲਾਤ ‘ਚ ਧਾਰਮਿਕ ਚੌਧਰ ਅਤੇ ਸ਼ੁੱਧੀਕਰਨ ਦੇ ਵਿਚਾਰਾਂ ‘ਚ ਇਨਸਾਨੀਅਤ ਕਿਵੇਂ ਤਾਰ-ਤਾਰ ਹੋ ਰਹੀ ਹੈ ਇਹਦਾ ਅਹਿਸਾਸ ਵੀ ਹੋ ਜਾਵੇਗਾ।

ਆਸਾਰਾਮ ਦਾ ਸਜ਼ਾ ਤੋਂ ਬਾਅਦ ਕਹਿਣਾ ਕਿ ਜੇਲ੍ਹ ਮੇਂ ਮਜ਼ੇ ਮੇਂ ਰਹੂੰਗਾ ਜਿੱਥੇ ਇਹ ਬਿਆਨ ਕਰ ਰਿਹਾ ਹੈ ਕਿ ਉਹਨੂੰ ਆਸਥਾ ਦੇ ਘੇਰੇ ‘ਚ ਮਿਲਣ ਵਾਲੀ ਸਹੂਲੀਅਤ ਦਾ ਅੰਦਾਜ਼ਾ ਹੈ।ਉੱਥੇ ਗੁਰਮੀਤ ਰਾਮ ਰਹੀਮ ਦਾ ਪੰਚਕੂਲਾ ਅਦਾਲਤ ‘ਚ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਪਹੁੰਚਣਾ ਵੀ ਆਸਥਾ ਦੇ ਇਕੱਠ ‘ਚ ਉਹਦੇ ਸ਼ਕਤੀ ਪ੍ਰਦਰਸ਼ਨ ਦਾ ਰੂਪ ਸੀ ਜਿੱਥੇ ਉਹਨੂੰ ਲੱਗਦਾ ਸੀ ਕਿ ਅਦਾਲਤਾਂ ਦੇ ਫੈਸਲੇ ਨੂੰ ਉਹ ਪ੍ਰਭਾਵਿਤ ਕਰ ਸਕਦਾ ਸੀ।ਇਸ ਦੌਰਾਨ ਡੇਰਾ ਸਮੱਰਥਕਾਂ ਦੀ ਹਿੰਸਾ ‘ਚ ਮਾਰੇ ਗਏ ਪ੍ਰੇਮੀਆਂ ਨੂੰ ਡੇਰੇ ਨੇ ਖੁਦ ਵੀ ਨਹੀਂ ਆਪਣਾ ਮੰਨਿਆ।
ਸਧਾਰਨ ਲੋਕ ਵਿਚਾਰੇ ਤਾਂ ਸ਼ਰਧਾ ਦੇ ਪੁੰਜ ਬਣ ਆਪਣਾ ਆਪ ਵਾਰ ਦਿੰਦੇ ਹਨ।ਇਸੇ ਵਿਸ਼ਵਾਸ਼ ‘ਚ ਉਹ ਪੰਚਕੂਲੇ ਮਾਰੇ ਗਏ।ਸਿਸਟਮ ਨੇ ਆਪਣਾ ਕੰਮ ਕਰਨਾ ਸੀ।ਪਰ ਡੇਰਾ ਆਪਣੀ ਅਨੈਤਿਕਤਾ ਨਿਭਾਉਂਦਾ ਉਹਨਾਂ ਮਰਿਆਂ ਨੂੰ ਇੱਕ ਪਲ ‘ਚ ਅਨਾਥ ਕਰ ਗਿਆ।ਉਹਨਾਂ ਦੀ ਮੌਤ ਉਹਨਾਂ ਦੇ ਸਮਾਜ ਤੋਂ ਪਰ੍ਹਾਂ ਲਈ ਜੁਰਮ ਹੋ ਸਕਦਾ ਸੀ ਪਰ ਉਹ ਤਾਂ ਆਪਣੇ ਸਤਿਗੁਰੂ ਲਈ ਸ਼ਹੀਦ ਹੋਏ ਸਨ।ਇਹਨਾਂ ਡੇਰਿਆਂ ਦਾ ਇਹੋ ਚਿਹਰਾ ਹੈ।ਉਹ ਮਰਿਆਂ ਨੂੰ ਆਪਣਾ ਵੀ ਨਹੀਂ ਮੰਨਦੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਤੱਕ ਨਹੀਂ ਕਰਦੇ।

ਇਸੇ ਲੜੀ ‘ਚ ਰਾਜਸਥਾਨ ‘ਚ ਲਵ ਜਿਹਾਦ ਦੇ ਨਾਮ ਥੱਲੇ ਫੇਸਬੁੱਕ ਲਾਈਵ ਕਰਕੇ ਕਤਲ ਕਰਨ ਵਾਲੇ ਨੂੰ ਖਾਸ ਸੰਸਾਥਾਵਾਂ,ਲੋਕ ਸਨਮਾਨਿਤ ਕਰਦੇ ਹਨ ਅਤੇ ਆਰਥਿਕ ਮਦਦ ਵੀ ਦਿੰਦੇ ਹਨ।ਇੱਕ ਅਫਵਾਹ ਇਖਲਾਕ ਨੂੰ ਮਾਰ ਦਿੰਦੀ ਹੈ ਅਤੇ ਖਾਣ ਪੀਣ ਦਾ ਮੇਨਿਊ ਧਰਮ ਦੇ ਹਿਸਾਬ ਨਾਲ ਤੈਅ ਹੋਕੇ ਰਾਸ਼ਟਰੀ ਫੈਸਲਾ ਬਣਦਾ ਜਾ ਰਿਹਾ ਹੈ।ਇਹਨਾਂ ਗੱਲਾਂ ਨੂੰ ਸੰਜੀਦਗੀ ਨਾਲ,ਸ਼ਾਂਤ ਹੋਕੇ ਸਮਝਕੇ ਵੇਖਣ ਦੀ ਲੋੜ ਹੈ।ਇਹ ਹਰ ਧਰਮ ਅੰਦਰ ਹੈ।ਚੀਫ ਖਾਲਸਾ ਦੀਵਾਨ ਤੋਂ ਲੈਕੇ ਸਿੱਖ ਸਿਆਸਤ ਦੀ ਗਵਾਹੀ ਭਰਨ ਵਾਲੀਆਂ ਪਾਰਟੀਆਂ ਦੀਆਂ ਕਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ? ਬਠਿੰਡੇ ਤਖਤ ਦਮਦਮਾ ਸਾਹਿਬ ਦੇ ਗੁਰਦੁਆਰੇ ਦੀ ਸਰਾਂ ‘ਚ ਜਿਸਮ ਦੀ ਕਿਹੜੀ ਖੇਡ ਖੇਡੀ ਜਾ ਰਹੀ ਹੈ।ਕੁਝ ਤਾਂ ਹੈ ਜੋ ਗਵਾਚ ਗਿਆ ਹੈ ! ਉਹਨੂੰ ਆਲੇ ਦੁਆਲੇ ਲੱਭੋ।ਪਰ ਯਕੀਨ ਕਰਿਓ ਜਿਸ ਸ਼ੈਤਾਨ ਨੂੰ ਅਸੀਂ ਸਾਰੇ ਬਾਹਰ ਲੱਭ ਰਹੇ ਹਾਂ ਉਹ ਸਾਡੀ ਜ਼ਿਹਨੀਅਤ ਦਾ ਹਿੱਸਾ ਬਣ ਗਿਆ।ਸਾਰੀ ਦੁਨੀਆਂ ਦੀ ਖ਼ਬਰ ਰੱਖਣ ਵਾਲਿਆਂ ਨੂੰ ਇਸ ਦੀ ਖ਼ਬਰ ਸੀ ?

ਅਸਗ਼ਰ ਵਜਾਹਤ ਦੀ ‘ਮੈਂ ਹਿੰਦੂ ਹੂੰ’ ਨਾਮ ਦੀ ਕਹਾਣੀ ਹੈ।ਜਿੱਥੇ ਉਹ ਮੁੰਡਾ ਦੰਗਿਆਂ ਦੇ ਮਾਹੌਲ ‘ਚ ਪੁਲਿਸ ਨੂੰ ਸਿਰਫ ਇਸ ਲਈ ਮੁਸਲਮਾਨ ਹੋਣ ਦੇ ਬਾਵਜੂਦ ਮੈਂ ਹਿੰਦੂ ਹੂੰ ਕਹਿ ਰਿਹਾ ਹੈ ਕਿਉਂ ਕਿ ਉਹਨੂੰ ਲੱਗਦਾ ਹੈ ਕਿ ਇੰਝ ਕਹਿਣ ਨਾਲ ਉਹਨੂੰ ਅਜ਼ਾਦੀ ਮਿਲ ਜਾਵੇਗੀ ਅਤੇ ਉਹ ਅਰਾਮ ਨਾਲ ਆਪਣਾ ਸ਼ਹਿਰ ਘੁੰਮ ਸਕਦਾ ਹੈ।ਪਰ ਖੋਫ ਤਾਂ ਹਿੰਦੂ ਨੂੰ ਵੀ ਉਨਾਂ ਹੀ ਹੈ ਕਿਉਂ ਕਿ ਡੁੱਲ ਰਹੇ ਲਹੂ ‘ਚ ਧਰਮ ਲੱਭਣ ਵਾਲਾ ਲੈਬੋਟਰੀ ਟੈਸਟ ਅਜੇ ਖੋਜ ‘ਚ ਨਹੀਂ ਆਇਆ।

~ ਹਰਪ੍ਰੀਤ ਸਿੰਘ ਕਾਹਲੋਂ

Posted in Cinema, Politics, Religion, Society | Tagged , , , , , , , | Leave a comment

ਗੋਲਕ ਬੁਗਨੀ ਬੈਂਕ ਤੇ ਬਟੂਆ । ਅਕਤੂਬਰ

ਸਾਂਝ,ਸਹਿਜਤਾ ਦਾ ਜਸ਼ਨ ਦੋ ਫਿਲਮਾਂ

ਇਹ ਵਿਲੱਖਣ ਸਬੱਬ ਬਣਿਆ ਹੈ ਕਿ ਇੱਕ ਦਿਨ ਦੋ ਫਿਲਮਾਂ ਸਿਨੇਮਾ ਘਰਾਂ ‘ਚ ਪਰਦਾਪੇਸ਼ ਹੁੰਦੀਆਂ ਹਨ ਅਤੇ ਦੋਵਾਂ ਦੇ ਨੁਕਤੇ ‘ਚ ਸਾਂਝ ਹੈ।ਸ਼ੂਜੀਤ ਸਰਕਾਰ ਦੀ ਫਿਲਮ ‘ਅਕਤੂਬਰ’ ਅਤੇ ਸ਼ਿਤਿਜ ਚੌਧਰੀ ਦੀ ਫਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਮੁਸੀਬਤ ਦੇ ਵੇਲੇ ਲੋਕਾਂ ਦਾ ਇੱਕ ਦੂਜੇ ਲਈ ਖੜ੍ਹਣ ਦੇ ਹੌਂਸਲੇ ਦਾ ਬਿਆਨ ਹੈ।ਦੋਵੇਂ ਫਿਲਮਾਂ ਦੀ ਕਹਾਣੀਆਂ ਅਕਤੂਬਰ ਦੇ ਮੌਸਮ ‘ਚ ਸ਼ੁਰੂ ਹੁੰਦੀਆਂ ਹਨ।
GBBBਫਿਲਮ ਅਕਤੂਬਰ ਮੌਤ ਦੀ ਦਹਿਲੀਜ਼ ‘ਤੇ ਖੜ੍ਹੀ ਕੁੜੀ ਸ਼ਿਵਲੀ ਲਈ ਉਮੀਦ ਰੱਖਣ ਅਤੇ ਉਸ ਉਮੀਦ ‘ਚ ਬੰਦਿਆਂ ਦੀ ਸਾਂਝ ਦੀ ਕਹਾਣੀ ਹੈ।ਸ਼ਿਵਲੀ ਹੋਟਲ ਦੀ ਛੱਤ ਤੋਂ ਡਿੱਗ ਗਈ ਹੈ।ਹਸਪਤਾਲ ‘ਚ ਜ਼ਿੰਦਗੀ ਲਈ ਸੰਘਰਸ਼ ਕਰਦੀ ਕੁੜੀ ਦੀ ਮਾਂ ਅਤੇ ਉਹਦੇ ਭੈਣ ਭਰਾ ਕੋੜੇ ਤਜਰਬਿਆਂ ਚੋਂ ਲੰਘ ਰਹੇ ਹਨ।ਇਸ ਵੇਲੇ ਉਹਨਾਂ ਨੂੰ ਸਲਾਹਾਂ ਮਿਲ ਰਹੀਆਂ ਹਨ ਕਿ ਤੁਸੀ ਉਮੀਦ ਨਾ ਰੱਖੋ ਅਤੇ ਜੇ ਤੁਸੀ ਆਪਣੀ ਕੁੜੀ ਨੂੰ ਜੇਰੇ ਇਲਾਜ ਰੱਖਦੇ ਵੀ ਹੋ ਤਾਂ 21 ਸਾਲਾਂ ਦੀ ਕੁੜੀ ਦੀ ਜ਼ਿੰਦਗੀ ‘ਚ ਮੰਜੇ ‘ਤੇ ਗੁਜ਼ਾਰਦਿਆਂ ਬਾਕੀ ਬੱਚਦਾ ਵੀ ਕੀ ਹੈ ? ਇਹ ਸੋਚ ਦੁਨੀਆਦਾਰੀ ਦੀ ‘ਬੀ ਪ੍ਰੈਕਟੀਕਲ’ ਨਜ਼ਰੀਏ ਦੀ ਹੈ।ਜਿੱਥੇ ਹਸਪਤਾਲ ਦੇ ਮਹਿੰਗੇ ਇਲਾਜ,ਦਵਾਈਆਂ ਤੇ ਖਰਚੇ ਨੇ ਮਾਪਿਆਂ ਦਾ ਲੱਕ ਤੋੜ ਦਿੱਤਾ ਹੈ।ਇਸ ਸਭ ‘ਚ ਡੈਨ (ਵਰੁਣ ਧਵਨ) ਉਸ ਸਾਂਝ ਨੂੰ ਨਿਭਾਉਂਦਾ ਹੈ।ਇਹ ਪ੍ਰੇਮ ਕਹਾਣੀ ਵੀ ਨਹੀਂ ਹੈ।ਬੱਸ ਇੱਕ ਰਿਸ਼ਤਾ ਹੈ।ਉਹਦੇ ਨਾਮਕਰਨ ‘ਚ ਨਾ ਜਾਓ।ਉਹ ਸਿਰਫ ਇਸ ਬਿਨ੍ਹਾ ‘ਤੇ ਸ਼ਿਵਲੀ ਕੋਲ ਹਸਪਤਾਲ ਜਾਂਦਾ ਹੈ ਕਿਉਂ ਕਿ ਉਹਨੇ ਛੱਤ ਤੋਂ ਡਿੱਗਣ ਤੋਂ ਠੀਕ ਪਹਿਲਾਂ ਪੁੱਛਿਆ ਸੀ,“ਡੈਨ ਕਿੱਥੇ ਹੈ ?” ਫਿਲਮ ਦਾ ਨਾਇਕ ਇਸੇ ਅਹਿਸਾਸ ਨਾਲ ਸ਼ਿਵਲੀ ਲਈ ਉਮੀਦ ਰੱਖਦਾ ਹੈ,ਉਹਦੇ ਘਰ ਵਾਲਿਆਂ ਲਈ ਉਮੀਦ ਬਣਦਾ ਹੈ ਅਤੇ ਦਰਦ ‘ਚ ਅਜਿਹੀ ਸਾਂਝ ਉਹਨਾਂ ਨੂੰ ਜ਼ਿੰਦਗੀ ਦਾ ਮੁਸ਼ਕਲ ਸਮਾਂ ਲੰਘਾਉਣ ‘ਚ ਤਾਕਤ ਬਖਸ਼ਦੀ ਹੈ।
ਗੋਲਕ ਬੁਗਨੀ ਬੈਂਕ ਤੇ ਬਟੂਆ ਫਿਲਮ ਦੀ ਕਹਾਣੀ ਦਾ ਕੇਂਦਰ ਤੱਤ ਵੀ ਇਹੋ ਤਾਂ ਹੈ।ਜਿੱਥੇ ਫਿਲਮ ਅਕਤੂਬਰ ਮੌਤ ਦੀ ਦਹਿਲੀਜ਼ ‘ਤੇ ਉਮੀਦ ਦਾ ਬਿਆਨ ਹੈ।ਉੱਥੇ ਗੋਲਕ ਬੁਗਨੀ ਬੈਂਕ ਤੇ ਬਟੂਆ ਜ਼ਿੰਦਗੀ ਦੀ ਚਾਲਸਾਜ਼ੀਆਂ ‘ਚ ਮੁਹੱਬਤ ਦਾ ਬਿਆਨ ਹੈ।ਇਹ ਉਹੀ ਮੁਹੱਬਤ ਦਾ ਬਿਆਨ ਹੈ ਜਿੱਥੇ ਬੰਦੇ ਦੀ ਪਰਖ ਅਤੇ ਰਿਸ਼ਤਿਆਂ ਦੇ ਮਾਪਦੰਡ ਪੈਸੇ ਨਾਲ ਤੈਅ ਹੋ ਰਹੇ ਹਨ।ਜਿੱਥੇ ਨੋਟਬੰਦੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ।ਉਸ ਮਾਹੌਲ ‘ਚ ਮੁਹੱਲੇ ਦੇ ਬੰਦੇ ਪੈਸੇ ਤੋਂ ਪਾਰ ਦੀ ਸਾਂਝ ਬਣਨ ਅੱਗੇ ਆਉਂਦੇ ਹਨ।ਫਿਲਮ ਦੀ 1977 ਦੀ ਕਹਾਣੀ ‘ਚ ਛਿੰਦੀ (ਆਦਿੱਤੀ ਕਪੂਰ) ਕਹਿੰਦੀ ਹੈ ਕਿ ਹੁਣ ਵਿਆਹ ਤੋਂ ਬਾਅਦ ਅੱਗੇ ਲਈ ਪੈਸੇ ਜੋੜੀਏ।ਭੋਲੇ (ਅਮਰਿੰਦਰ ਗਿੱਲ) ਦਾ ਜਵਾਬ ਹੈ ਕਿ ਜੋ ਕੁਝ ਹੁਣ ਤੱਕ ਹੋਇਆ ਉਹ ਪੈਸੇ ਨਾਲ ਨਹੀਂ ਹੋਇਆ।ਜਿੰਨ੍ਹਾ ਲੋਕ ਕਮਾ ਲਏ ਉਹਨਾਂ ਨੂੰ ਹੋਰ ਦੀ ਕੀ ਲੋੜ ਹੈ।ਇਹੋ ਅਹਿਸਾਸ ਰਫਤਾਰ ਭਰੀ ਜ਼ਿੰਦਗੀ ‘ਚ ਸਭ ਤੋਂ ਵੱਧ ਲੱਭਣ ਦੀ ਲੋੜ ਹੈ।
ਗੋਲਕ ਬੁਗਨੀ ਬੈਂਕ ਤੇ ਬਟੂਆ ਤੇ ਅਕਤੂਬਰ ਬੰਦਿਆਂ ਦੀ ਉਸੇ ਸਾਂਝ ਦੀ ਕਹਾਣੀ ਹੀ ਤਾਂ ਹੈ।ਇਸ ਕਹਾਣੀ ‘ਚ ਉਮੀਦ ਹੈ,ਨਹੀਂ ਤਾਂ ਹਸਪਤਾਲ ‘ਚ ਜੇਰੇ ਇਲਾਜ ਦਾ ਖਰਚਾ ਤਾਂ ਸ਼ਿਵਲੀ ਦੀ ਮਾਂ ਦਾ ਲੱਕ ਹੀ ਤੋੜ ਦਿੰਦਾ ਹੈ।ਸਰਕਾਰਾਂ ਆਪਣੇ ਲੋਕਾਂ ਲਈ ਅਜਿਹਾ ਪ੍ਰਬੰਧ ਹੀ ਨਹੀਂ ਕਰ ਸਕੀਆ ਕਿ ਸਿਹਤ ਅਤੇ ਸਿੱਖਿਆ ਆਮ ਲੋਕਾਂ ਲਈ ਬੋਝ ਨਾ ਬਣੇ।ਇਸ ਕਹਾਣੀ ‘ਚ ਇਹੋ ਉਮੀਦ ਹੈ,ਨਹੀਂ ਤਾਂ ਗੋਲਕ ਬੁਗਨੀ ਦੇ ਕਿਰਦਾਰ ਸਰਕਾਰ ਦੀ ਨੋਟਬੰਦੀ ‘ਚ ਰੁਲਦੇ ਤਮਾਸ਼ਾ ਬਣਦੇ ਆਪਣੀ ਕੁੜੀ ਦੇ ਰਿਸ਼ਤੇ ਲਈ ਉਸ ਮੋੜ ‘ਤੇ ਖੜ੍ਹੇ ਹਨ ਜਿੱਥੇ ਉਹਨਾਂ ਦੀ ਕੁੜੀ ਦਾ ਰਿਸ਼ਤਾ ਟੁੱਟ ਸਕਦਾ ਹੈ।ਪਰ ਮੁਹੱਲੇ ਦੇ ਵਾਸੀ ਇਸ ਜਜ਼ਬੇ ‘ਚ ਸਾਹ ‘ਚ ਸਾਹ ਰਲਾਉਂਦੇ ਆ ਖੜ੍ਹੇ ਹੁੰਦੇ ਹਨ ਅਤੇ ਕੁੜੀ ਦਾ ਵਿਆਹ ਕਰਵਾ ਦਿੰਦੇ ਹਨ।
ਪਿਛਲੇ ਦਿਨਾਂ ‘ਚ ਇਸ ਗੱਲ ‘ਤੇ ਚਰਚਾ ਹੋ ਰਹੀ ਸੀ ਕਿ ਪੰਜਾਬ ਪੰਜਾਬੀ ਪੰਜਾਬੀਅਤ ‘ਚ ਇੱਕ ਮਹੀਨ ਤੰਦ ਅਣਗੋਲੀ ਗਈ ਹੈ।ਉਹ ਹੈ ਕਿ ਪੰਜਾਬੀ ਅਦਬ ਦਾ ਜਸ਼ਨ ਤਾਂ ਖੂਬ ਰਿਹਾ ਹੈ ਪਰ ਪੰਜਾਬ ਦੇ ਦੂਜੀਆਂ ਭਾਸ਼ਾਵਾਂ ‘ਚ ਲਿਖਣ ਵਾਲਿਆਂ ਦੀ ਚਰਚਾ ਉਸ ਹਿਸਾਬ ਨਾਲ ਨਹੀਂ ਕੀਤੀ ਜਾਂਦੀ।ਇਸੇ ਤਰ੍ਹਾਂ ਫਿਲਮਾਂ ‘ਚ ਵੀ ਸਮੁੱਚੇ ਪੰਜਾਬ ਦੇ ਖਾਸ ਕਿਰਦਾਰ ਹੀ ਫਿਲਮਾਂ ਦੀ ਕਹਾਣੀ ਦਾ ਹਿੱਸਾ ਬਣਦੇ ਹਨ।ਪੰਜਾਬੀ ਅਦਬ ‘ਚ ਮੁਲਕ ਰਾਜ ਆਨੰਦ ਤੋਂ ਲੈਕੇ ਫਿਲੋਰ ਦੇ ਇਬਨੇ ਇੰਸ਼ਾਂ,ਹਿੰਦੀ ਦੇ ਮੋਹਨ ਰਾਕੇਸ਼ ਨੂੰ ਅਸੀਂ ਪੰਜਾਬੀ ਸ਼ਖਸੀਅਤ ਦੇ ਰੂਪ ‘ਚ ਜ਼ਿਰਕ ‘ਚ ਨਹੀਂ ਲਿਆ ਸਕੇ।ਇਹੋ ਹਾਲ ਪੰਜਾਬ ਦੇ ਹਿੰਦੂ ਕਿਰਦਾਰਾਂ ਦਾ ਪੰਜਾਬੀ ਹੋਣ ਦੀ ਪੇਸ਼ਕਾਰੀ ਦਾ ਹੈ।ਸ਼ਿਤਿਜ ਦੀ ਪਹਿਲੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ਵੀ ਪੰਜਾਬ ਦੇ ਉਸ ਹਿੱਸੇ ਅਤੇ ਹੁਣ ਗੁਆਂਢ ‘ਚ ਪੈਂਦੇ ਹਰਿਆਣਾ ‘ਚ ਵੱਸਦੇ ਪੰਜਾਬੀ ਪੁਆਧੀ ਪ੍ਰਭਾਵ ਦੇ ਕਿਰਦਾਰਾਂ ਦਾ ਜ਼ਿਕਰ ਹੈ।ਇਸੇ ਤਰ੍ਹਾਂ ਸ਼ਿਤਿਜ ਦੀ ਗੁਲਕ ਬੁਗਨੀ ਬੈਂਕ ਤੇ ਬਟੂਆ ਮੇਰੀ ਨਜ਼ਰੇ ਇਕਲੋਤੀ ਫਿਲਮ ਨਜ਼ਰ ਆ ਰਹੀ ਹੈ ਜੋ ਸ਼ਹਿਰ ਦੇ ਹਿੰਦੂ ਪੰਜਾਬੀਆਂ ਨੂੰ ਇੰਨੇ ਬਾਰੀਕ ਨਜ਼ਰੀਏ ਤੋਂ ਪੇਸ਼ ਕਰ ਰਹੀ ਹੈ।ਇਸ ਫਿਲਮ ਦਾ ਪੂਰਾ ਕ੍ਰਾਫਟ ਬਹੁਤ ਕਮਾਲ ਹੈ।ਤੁਹਾਨੂੰ ਪੰਜਾਬ ਦੇ ਇਹ ਕਿਰਦਾਰ ਵੇਖਦੇ ਹੋਏ ਇੰਝ ਜਾਪੇਗਾ ਕਿ ਸ਼ਿਤਿਜ ਨੇ ਕਿਸੇ ਮੁਹੱਲੇ ‘ਚ ਕੈਮਰਾ ਲਾਕੇ ਛੱਡ ਦਿੱਤਾ ਹੋਵੇ ਤੇ ਉਹਨਾਂ ਦੇ ਅਸਲ ਵਿਹਾਰ ਨੂੰ ਹੀ ਰਿਕਾਰਡ ਕਰ ਲਿਆ ਹੋਵੇ।
ਕੱਪੜੇ ਵਾਲੇ ਦੁਕਾਨ ਦੇ ਮਾਲਕ ਅਤੇ ਉਹਦਾ ਮੁੰਡਾ,ਹਲਵਾਈ ਅਤੇ ਉਹਦੀ ਕੁੜੀ,ਕਾਸਮੈਟਿਕ ਵੇਚਦਾ ਪ੍ਰੋਪਰਾਈਟਰ,ਕਮੇਟੀ ਵਾਲੀ ਆਂਟੀ,ਦੋਧੀ,ਦੁਸ਼ਹਿਰੇ,ਜਗਰਾਤੇ ਕਰਵਾਉਂਦੀਆਂ ਮੁਹੱਲਾ ਕਮੇਟੀਆਂ ਦੀ ਬੈਠਕਾਂ,ਪ੍ਰਧਾਨ,ਰਾਮ ਲੀਲਾ ਕਿੰਨਾ ਕੁਝ ਨਿੱਕੇ ਨਿੱਕੇ ਕੈਨਵਸ ‘ਚ ਅਤੇ ਬਰੀਕ ਬੁਣਕਾਰੀ ਜਿਹਾ ਤੁਸੀ ਇੱਕੋ ਫਿਲਮ ‘ਚ ਵੇਖ ਰਹੇ ਹੋ।ਮੁਹੱਲੇ ਦੇ ਲੋਕਾਂ ਦੇ ਸੁਭਾਅ ਅਤੇ ਸਿਆਣਪ ‘ਚ ਫਿਲਮ ਉਹਨਾਂ ਦੇ ਸੰਵਾਦ ਅਤੇ ਹਾਵ-ਭਾਵ ਨੂੰ ਉਸੇ ਬਾਰੀਕੀ ਨਾਲ ਹੀ ਫੜ੍ਹਦੀ ਹੈ।ਪ੍ਰਧਾਨਗੀ ਨੂੰ ਲੈਕੇ ਜਦੋਜਹਿਦ ਅਤੇ ਕਾਰੋਬਾਰ ਦੇ ਬੁਨਿਆਦੀ ਬੋਲਚਾਲ ਤੋਂ ਲੈਕੇ ਫਿਲਮ ਦੀ ਜ਼ੁਬਾਨ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ।
Octoberਅਦਬ ਦਾ ਸਹਿਜ ਅਤੇ ਅਹਿਸਾਸ ਦਾ ਸੁਖ਼ਨ ਰੰਗ ਫਿਲਮ ਦੀ ਗੀਤਕਾਰੀ ‘ਚ ਵੀ ਹੈ।ਗੋਲਕ ਬੁਗਨੀ ਬੈਂਕ ਤੇ ਬਟੂਆ ਫਿਲਮ ਦਾ ਦੇ ਗੀਤ ਤੁਹਾਨੂੰ ਵੱਖਰੇ ਹੀ ਮਾਹੌਲ ‘ਚ ਲੈ ਜਾਂਦਾ ਹਨ।ਗੀਤਕਾਰੀ ਦੇ ਲਿਹਾਜ਼ ‘ਚ ਇੱਕਲੀ ਇਹੋ ਫਿਲਮ ਹੀ ਨਹੀਂ ਪਿਛਲੇ ਦਿਨਾਂ ‘ਚ ਆ ਰਹੀਆਂ ਫਿਲਮਾਂ ‘ਚ ਗੀਤਕਾਰੀ ਅੰਦਰ ਬਹੁਤ ਕਮਾਲ ਦੀ ਬੁਣਕਾਰੀ ਨਜ਼ਰ ਆ ਰਹੀ ਹੈ।ਅਜਿਹੀ ਗੀਤਕਾਰੀ ‘ਚ ਰਾਜ ਰਣਜੋਧ,ਸਾਬਿਰ ਅਲੀ ਸਾਬਿਰ,ਹਰਮਨ,ਵਿਜੈ ਵਿਵੇਕ ਜਹੇ ਅਦੀਬ ਬੰਦਿਆਂ ਨੂੰ ਥਾਂ ਮਿਲ ਰਹੀ ਹੈ।
ਫਿਲਮ ਗੋਲਕ ਬੁਗਨੀ ਜਾਂ ਅਕਤੂਬਰ ਇਸ ਦੌਰ ਦੀ ਰਫ਼ਤਾਰ ਜ਼ਿੰਦਗੀ ‘ਚ ਸਹਿਜਤਾ,ਸਾਂਝ ਅਤੇ ਅਹਿਸਾਸ ਨੂੰ ਬਿਆਨ ਕਰਦੀਆਂ ਕਹਾਣੀਆਂ ਹਨ।ਸਾਦਗੀ ਦੀ ਥੁੜ ਹੀ ਇਸ ਦੌਰ ਦਾ ਵੱਡਾ ਕ੍ਰਾਈਸਜ਼ ਹੈ।ਇਹੋ ਕਾਰਨ ਹੈ ਕਿ ਸਾਨੂੰ ਹਵੇਲੀ ਨੁੰਮਾ ਰੈਟਰੋ ਦੌਰ ਦੇ ਢਾਬੇ ਮੋਹੰਦੇ ਹਨ।ਸਾਨੂੰ ਅੰਗਰੇਜ਼ ਤੋਂ ਲੈਕੇ ਬੰਬੂਕਾਟ,ਰੱਬ ਦਾ ਰੇਡੀਓ ਤੱਕ ਦੀ ਹਰ ਫ਼ਿਲਮ ਖਿੱਚਦੀ ਹੈ।
ਸ਼ਹਿਰੀਏ ਰੰਗ ਦੀ ਜ਼ਿੰਦਗੀ ‘ਚ ਅਸੀਂ ਆਪਣੇ ਆਪ ਨੂੰ ਮਾਡਰਨ ਕਹਾਉਂਦੇ ਅੰਗਰੇਜ਼ੀ ਜ਼ੁਬਾਨ ਦੇ ਲਕਬ,ਆਪਣੇ ਮਾਹੌਲ ਤੋਂ ਉਲਟ ਟੀਵੀ,ਰੇਡੀਓ ਦੀ ਐੱਫ.ਐੱਮ ਕਲਚਰਨੁੰਮਾ ਜ਼ੁਬਾਨ ਤੋਂ ਲੈਕੇ ਉਹ ਸਾਰੇ ਪ੍ਰਤੀਕ ਅਪਣਾ ਲਏ ਜਿੰਨ੍ਹਾ ਤੋਂ ਸਾਨੂੰ ਕੋਈ ਪੇਂਡੂ ਗਵਾਰ ਨਾ ਕਹਿ ਸਕੇ।ਇਹ ਸਾਡੀ ਤ੍ਰਾਸਦੀ ਸੀ ਕਿ ਅਸੀਂ ਆਪਣੀ ਪਛਾਣ ਨੂੰ ਲੈਕੇ ਆਪਣੇ ਆਪ ਨੂੰ ਕੋਝਾ ਮਹਿਸੂਸ ਕੀਤਾ।ਇਸੇ ‘ਚੋਂ ਅਸੀਂ ਹੁਣ ਉਹਨਾਂ ਸਾਰੇ ਪ੍ਰਤੀਕਾਂ ਦਾ ਜਸ਼ਨ ਮਨਾਉਂਦੇ ਹਾਂ।ਸਾਨੂੰ ਠੇਠ ਮਲਵਈ,ਮਝੈਲ,ਪੁਆਧੀਏ ਰੰਗ ਫੇਸਬੁੱਕ ‘ਤੇ ਮੋਹੰਦੇ ਹਨ।ਪੰਜਾਬ ਪਿੰਡ ਬਨਾਮ ਸ਼ਹਿਰ ਜਾਂ ਹਿੰਦੂ ਬਨਾਮ ਸਿੱਖ ਹੋ ਗਿਆ।ਗੋਲਕ ਬੁਗਨੀ ਪੰਜਾਬ ਦੇ ਹਿੰਦੂ ਨੂੰ ਵਿਖਾਉਂਦੀ ਉਹਦੇ ਪੰਜਾਬੀ ਰੰਗ ਨੂੰ ਸਾਡੇ ਤੱਕ ਪਹੁੰਚਾ ਰਹੀ ਹੈ।ਫਿਲਮ ਦਾ ਇਹ ਵੱਡਾ ਹਾਸਲ ਹੈ।ਅਮਰਿੰਦਰ ਗਿੱਲ ਆਪਣੀ ਗਜ਼ਬ ਦੀ ਅਦਾਕਾਰੀ ਨਾਲ ਆਮ ਬੰਦੇ ਅੰਦਰ ਦੀ ਉਸੇ ਸਹਿਜਤਾ ਦਾ ਪ੍ਰਤੀਕ ਬਣਕੇ ਉਭਰਿਆ ਹੈ।ਉਹਦੀ ਸੰਵਾਦ ਅਦਾਇਗੀ ਤੋਂ ਲੈਕੇ ਅਦਾਕਾਰੀ ਸਾਨੂੰ ਆਪਣੇ ਅੰਦਰ ਬੈਠੀ ਸਧਾਰਨਤਾ ਜਹੀ ਲੱਗਦੀ ਹੈ।
ਤੂੰ ਮੈਂ ਅਧੂਰੇ
ਹੁੰਦੇ ਆਂ ਪੂਰੇ
ਇੱਕ ਦੂਜੇ ਦੇ ਸੰਗ
ਇਹ ਗੀਤ ਸਾਦ-ਮੁਰਾਦਾ ਇਹੋ ਰੰਗ ਹੈ।ਬੰਦਾ ਸੁਣੇ ਤਾਂ ਇਸ਼ਕ ‘ਚ ਤੁਰ ਜਾਵੇ।ਇਸ਼ਕ ‘ਚ ਤੁਰੇ ਤਾਂ ਮੁਹੱਬਤ ਹੋ ਜਾਵੇ।ਨਿਰਾ ਪੁਰਾ ਅਫਸਾਨਾ,ਮੁਹੱਬਤ ਦਾ ਗੀਤ,ਉਹਨਾਂ ਬੰਦਿਆਂ ਦਾ ਗੀਤ ਜੋ ਗੀਤ ਨਹੀਂ ਸੁਣਦੇ !
ਅਮਰਿੰਦਰ ਗਿੱਲ ਅਤੇ ਉਹਦੀ ਪ੍ਰੋਡਕਸ਼ਨ ਦੀ ਇਸ ਖੂਬੀ ਦਾ ਮੈਂ ਕਾਇਲ ਹਾਂ।ਉਹਨਾਂ ਪੰਜਾਬੀ ਇੰਡਸਟਰੀ ‘ਚ ਪੰਜਾਬੀ ਅਦਬ ਦੀ ਗੀਤਕਾਰੀ ਲਈ ਉੱਚੇਚੀ ਗੁੰਜਾਇਸ਼ ਰੱਖੀ ਹੈ।ਅਮਰਿੰਦਰ ਗਿੱਲ ਦੀ ਹਰ ਫਿਲਮ ‘ਚ ਅਦਬੀ ਜ਼ੁਬਾਨ ਦੇ ਰੰਗ ਦੀ ਗੀਤਕਾਰੀ ਹਾਜ਼ਰ ਹੈ।ਬੀਰ ਸਿੰਘ,ਹਰਮਨ ਵਰਗੀਆਂ ਅਦਬੀ ਕਲਮਾਂ ਦੀ ਗੀਤਕਾਰੀ,ਗੁਰਸ਼ਬਦ ਦੀ ਮੁਹਾਵਰੇਦਾਰ ਮਿਜਾਜ਼ ਦੀ ਠੇਠ ਅਵਾਜ਼ ਨੂੰ ਉਹਨਾਂ ਖਾਸ ਥਾਂ ਦਿੱਤੀ ਹੈ।
ਅਖੀਰ ‘ਤੇ
1977 ਦੀ ਕਹਾਣੀ ਨੂੰ ਸੁਰਮੀਤ ਮਾਵੀ ਨੇ ਜਿਵੇਂ ਲਿਖਿਆ ਹੈ।ਜਿਵੇਂ ਉਸ ਨੂੰ ਰੰਗ ਦਿੱਤਾ ਹੈ ਉਹ ਬਹੁਤ ਬਾਕਮਾਲ ਹੈ।ਕੁਲ ਜਮ੍ਹਾਂ ਬਾਕੀ ਗੱਲ ਇਹ ਹੈ ਕਿ ਸਿਨੇਮਾ ਤੋਂ ਬਾਹਰ ਆਉਂਦਿਆਂ ਕੋਈ ਕਹਾਣੀ ਤੁਹਾਡੇ ਨਾਲ ਤੁਰਦੀ ਆ ਜਾਵੇ ਤਾਂ ਸਮਝੋ ਉਹ ਕਹਾਣੀ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚੀ ਹੈ।

ਹਰਪ੍ਰੀਤ ਸਿੰਘ ਕਾਹਲੋਂ

Posted in Cinema, Culture, Life, Music, Society | Tagged , , , , , , , , | Leave a comment

ਪੰਜਾਬ ਦੇ ਘੜਾਮ ਦੀ ਧਰਤੀ ਤੋਂ….ਵਿਸਾਖੀ

ਵਿਸਾਖੀ ਮੌਕੇ
ਇਸ ਦੌਰ ‘ਚ ਸਾਂਝੀਵਾਲਤਾ ਦੀ ਇੱਕ ਕਹਾਣੀIMG-20180414-WA0015

ਪੰਜਾਬ ਦੀ ਜਰਖੇਜ਼ ਚੇਤਨਾ ‘ਚ ਬੇਉਮੀਦੀ ਨਹੀਂ।ਮੇਰਾ ਯਕੀਨ ਇਸ ਰੂਹਦਾਰੀ ਨਾਲ ਹੈ।ਪੰਜਾਬ ਸੱਚੀ-ਮੁੱਚੀ ਗੁਰਾਂ ਦੇ ਨਾਮ ‘ਤੇ ਜਿਓਂਦਾ ਹੈ।ਦੁਨੀਆਂ ‘ਚ ਵੱਡੇ-ਵੱਡੇ ਸਿਤਮਗਰ ਹੋਏ ਅਤੇ ਖੌਫ ਪਸਰਿਆ ਕਿ ਕੱਟੜਵਾਦ,ਫਿਰਕੂਪ੍ਰਸਤੀ ਇੱਕ ਦਿਨ ਸਭ ਕੁਝ ਤਹਿਸ ਨਹਿਸ ਕਰ ਦੇਣਗੇ।ਪਰ ਇੱਕ ਦਿਨ ਉਹ ਮਿਟ ਗਏ ਅਤੇ ਫਿਰ ਤੋਂ ਉਮੀਦ ਬੱਝੀ।ਇਨਾਂ ਉਮੀਦਾਂ ਦੇ ਹਜ਼ਾਰਾਂ ਪ੍ਰਤੀਕ ਸਾਡੇ ਆਲੇ ਦੁਆਲੇ ਹਨ।ਉਹਨਾਂ ਦੀ ਤਸਦੀਕ ਕਰਨੀ ਜ਼ਰੂਰੀ ਹੈ।ਉਹਨਾਂ ਦੇ ਨਾਲ ਚੱਲਣਾ ਜ਼ਰੂਰੀ ਹੈ।
ਜਿਵੇਂ ਬਿਹਾਰ ਸ਼੍ਰੀ ਪਟਨਾ ਸਾਹਿਬ ਗੁਰਪੁਰਬ ਮੌਕੇ ਇੱਕ ਮੰਦਰ ਦੀ ਛੱਤ ‘ਤੇ ਪਾਤਸ਼ਾਹੀ ਦੱਸਵੀਂ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਾ ਹੋਰਡਿੰਗ ਲੱਗਿਆ ਹੋਇਆ ਸੀ।ਜਿਵੇਂ ਇਸ ਵਾਰ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਹਾੜੇ ‘ਤੇ ਸਥਾਨਕ ਮਸੀਤ ਵੱਲੋਂ ਸ਼ਰਧਾਲੂਆਂ ਲਈ ਲੰਗਰ ਵਰਤਾਇਆ ਗਿਆ ਸੀ।ਇਸ ਵਾਰ ਦੀ ਵਿਸਾਖੀ ਨੂੰ ਇੱਕ ਅਜਿਹੀ ਕਹਾਣੀ ਕਹਿਣ ਨੂੰ ਦਿਲ ਕਰਦਾ ਹੈ।ਇਹ 1666 ‘ਚ ਸ਼ੁਰੂ ਹੋਈ ਸੀ।
ਸਿੱਖ ਧਰਮ ਦੇ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦੀ ਧਰਤੀ ‘ਤੇ ਹੁੰਦਾ ਹੈ।ਰਹਿਬਰੀ ਨੂਰ ਦਾ ਆਉਣਾ ਰੂਹ ਨੂੰ ਰੌਸ਼ਨ ਕਰਨ ਜਿਹਾ ਸੀ।ਪਟਨਾ ਸਾਹਿਬ ਤੋਂ ਬਹੁਤ ਦੂਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਘੜਾਮ ‘ਚ ਪੀਰ ਭੀਖਣ ਸ਼ਾਹ ਨੂੰ ਇਲਹਾਮ ਹੁੰਦਾ ਹੈ ਕਿ ਪਟਨਾ ਸਾਹਿਬ ‘ਚ ਕੋਈ ਰਹਿਬਰੀ ਰੂਹ ਦਾ ਜਨਮ ਹੋਇਆ ਹੈ।ਕਹਿੰਦੇ ਹਨ ਕਿ ਭੀਖਣ ਸ਼ਾਹ ਹੁਣਾਂ ਨੂੰ ਜਦੋਂ ਇਹ ਭਾਖਿਆ ਹੋਈ ਤਾਂ ਉਹ ਘੜਾਮ ਤੋਂ ਪਟਨਾ ਸਾਹਿਬ ਆਪਣੇ ਸ਼ਾਗਿਰਦਾਂ ਨਾਲ ਰਵਾਨਾ ਹੋਏ।ਉੱਥੇ ਉਹਨਾਂ ਗੁਰੁ ਸਾਹਬ ਦੇ ਦਰਸ਼ਨ ਕੀਤੇ ਅਤੇ ਉਹਨਾਂ ਨੂੰ ਦੁੱਧ ਵੀ ਭੇਂਟ ਕੀਤਾ।ਇਹ ਪੀਰ ਭੀਖਣ ਸ਼ਾਹ ਹੀ ਸਨ ਜਿੰਨ੍ਹਾਂ ਨੂੰ ਸਭ ਤੋਂ ਪਹਿਲਾਂ ਅਹਿਸਾਸ ਹੋਇਆ ਕਿ ਗੁਰੁ ਸਾਹਬ ਸਿੱਖ ਧਰਮ ‘ਚ ਖ਼ਾਲਸੇ ਦਾ ਰੂਪ ਪ੍ਰਗਟ ਕਰਨਗੇ।ਇਤਿਹਾਸ ਹੈ ਕਿ 1699 ਈ. ਨੂੰ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਥਾਪਨਾ ਕੀਤੀ।ਇਹ ਸਿੱਖ ਧਰਮ ‘ਚ ਬੜਾ ਮਹਾਨ ਵਰਤਾਰਾ ਸੀ।ਪੰਜ ਪਿਆਰੇ ਗੁਰੁ ਸਾਹਿਬ ਦੇ ਹੁਕਮਾਂ ਦੇ ਤੁਰਦੇ ਆਪਣਾ ਆਪ ਸੌਂਪਦੇ ਹਨ ਅਤੇ ਫਿਰ ਗੁਰੁ ਸਾਹਿਬ ਉਹਨਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛੱਕਕੇ ਖੁਦ ਨੂੰ ਵੀ ਪੰਥ ਖ਼ਾਲਸੇ ‘ਚ ਸਮ੍ਰਪਿਤ ਹੋ ਜਾਂਦੇ ਹਨ।ਇਹ ਆਪਣੇ ਆਪ ਨੂੰ ਇੱਕਮਿੱਕ ਕਰਨ ਜਿਹਾ ਵਰਤਾਰਾ ਖੁਦ ਨੂੰ ਦੂਜਿਆਂ ‘ਚ ਜਜ਼ਬ ਕਰਨ ਵਰਗਾ ਹੈ।
ਪੰਜਾਬ ਦੀ ਧਰਤੀ ‘ਤੇ ਇਹ ਵਰਤਾਰਾ ਏਨਾ ਮਹਾਨ ਹੈ ਕਿ ਅਸੀਂ ਇਸ ਤੋਂ ਸੇਧ ਲੈ ਸਕਦੇ ਸੀ।ਇਹਨਾਂ ਇਸ਼ਾਰਿਆਂ ਨੂੰ ਜੇ ਅਸੀਂ ਸਮਝਿਆਂ ਹੁੰਦਾ ਤਾਂ ਸਾਡੀ ‘ਮੈਂ’,ਸਾਡੀ ਜਾਤ,ਨਸਲ,ਰੰਗ,ਰੁਤਬਾ ਬੇਮਾਇਨੇ ਹੋਣਾ ਸੀ ਅਤੇ ਅਸੀਂ ਸਾਂਝੀਵਾਲਤਾ ਦੇ ਅਰਥਾਂ ਨੂੰ ਸਮਝਦਿਆਂ ਬੇਗ਼ਮਪੁਰੇ ਦਾ ਵਿਸਥਾਰ ਕਰਨਾ ਸੀ।ਪਰ ਕਈ ਵਾਰ ਫ਼ਲਸਫ਼ੇ ਆਪਣੀ ਹੀ ਧਰਤੀ ‘ਤੇ ਪਰਾਏ ਹੋ ਜਾਂਦੇ ਹਨ।ਅੱਜ ਵੀ ਪਿੰਡਾਂ ‘ਚ ਜਾਤ ਅਧਾਰਤ ਗੁਰਦੁਆਰੇ ਹਨ।ਸਿੱਖ ਅੰਦਰ ਮਜਹਬੀ ਤੋਂ ਲੈਕੇ ਕਈ ਜਾਤਕ ਸਿੱਖਾਂ ਦੇ ਨਾਮ ਬੋਲਦੇ ਹਨ।ਜੇ ਅਸੀਂ ਇਹਨਾਂ ਸੰਕਲਪਾਂ ਨੂੰ ਸਮਝਿਆ ਹੁੰਦਾ ਤਾਂ ਸਿਆਸਤ ‘ਚ ਲੋਕ ਨੰਬਰ ਦੋ ਅਤੇ ਆਗੂ ਨੰਬਰ ਇੱਕ ਨਾ ਹੁੰਦੇ।ਬਹੁਤ ਸਾਲ ਪਹਿਲਾਂ ਡਾ ਧਰਮਵੀਰ ਭਾਰਤੀ ਹੁਣਾਂ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਪਹਿਲਾਂ ਲੋਕ ਅਤੇ ਸਿਆਸੀ ਆਗੂ ਵੱਖੋ ਵੱਖਰੇ ਨਹੀਂ ਸਨ।ਜਿਹੜੀ ਬੱਸ ‘ਚ ਲੋਕ ਸਫਰ ਕਰਦੇ ਸਨ ਉਸੇ ਬੱਸ ‘ਚ ਸਿਆਸੀ ਆਗੂ ਦੀ ਸੀਟ ਵੀ ਰਾਖਵੀਂ ਹੁੰਦੀ ਸੀ।ਲੋਕਾਂ ਦੇ ਬੱਚੇ ਅਤੇ ਸਿਆਸੀ ਆਗੂਆਂ ਦੇ ਬੱਚੇ ਇੱਕੋ ਸਕੂਲ ‘ਚ ਪੜ੍ਹਦੇ ਸਨ ਪਰ ਹੁਣ ਇਹ ਪਾੜਾ ਵੱਧ ਗਿਆ ਹੈ।ਸਿਆਸੀ ਆਗੂ ਦੇ ਰਾਹ,ਵਿੱਦਿਅਕ ਸੰਸਥਾਵਾਂ ਤੋਂ ਲੈਕੇ ਹਰ ਸ਼ੈ ਵੰਡੀ ਗਈ ਹੈ।ਪਰ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਜੇ ਗੁਰੁ ਸਾਹਿਬ ਦਾ ਖ਼ਾਲਸੇ ਪੰਥ ‘ਚ ਆਪਣੇ ਆਪ ਨੂੰ ਸੌਂਪਣ ਦਾ ਹਵਾਲਾ ਇਸ ਦੌਰ ਦੀ ਸਿਆਸਤ ਸਮਝੀ ਹੁੰਦੀ ਤਾਂ ਬਹੁਮਤ ਦੀ ਆਪੋ ਆਪਣੇ ਖੇਤਰਾਂ ‘ਚ ਪੋਲਰਾਈਜੇਸ਼ਨ ਨਾ ਹੁੰਦੀ।
IMG-20180413-WA0022ਇਸ ਦੌਰ ਅੰਦਰ ਸਾਨੂੰ ਇਸ ਨੁਕਤੇ ਦਾ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਇਤਿਹਾਸ ਦੇ ਪ੍ਰਤੀਕਾਂ ਦੀ ਜ਼ੁਬਾਨ ਪੜ੍ਹਦਿਆਂ ਜੇ ਅੱਜ ਨੂੰ ਨਹੀਂ ਸੁਧਾਰਾਂਗੇ ਤਾਂ ਆਉਣ ਵਾਲਾ ਕੱਲ੍ਹ ਵੀ ਵੱਡੇ ਸਵਾਲਾਂ ‘ਚ ਘਿਰਿਆ ਰਹੇਗਾ।ਇਮਾਰਤਾਂ ਤੋਂ ਲੈਕੇ ਪੰਜਾਬ ਦੇ ਮਹਾਨ ਕਿਰਦਾਰਾਂ ਦੀ ਆਪਣੀ ਜ਼ੁਬਾਨ ਹੈ।ਇਹ ਸੂਖਮ ਜ਼ੁਬਾਨ ਸਮਝਣੀ ਪਵੇਗੀ।ਵਿਸਾਖੀ ਦੇ ਤਿਓਹਾਰ ਦੇ ਸੁਨਹਿਰੀ ਰੰਗਾਂ ‘ਚ ਲੋਕਾਂ ਦਾ ਜਸ਼ਨ ਉਹਦੀ ਆਰਥਿਕਤਾ,ਸਮਾਜਕਤਾ ਤੇ ਧਾਰਮਿਕ ਅਹਿਸਾਸ ਨਾਲ ਜੁੜਿਆ ਹੈ।ਅਜਿਹੇ ‘ਚ ਪੀਰ ਭੀਖਣ ਸ਼ਾਹ ਜੀ ਦੀ ਗੁਰੁ ਗੋਬਿੰਦ ਸਿੰਘ ਸਾਹਬ ਨਾਲ ਪਟਨਾ ਸਾਹਿਬ ਦੀ ਮੁਲਾਕਾਤ ਨੇ ਘੜਾਮ ਦੀ ਧਰਤੀ ‘ਤੇ ਜੋ ਸਿਰਜਿਆ ਹੈ ਉਹ ਇਸ ਦੌਰ ਦੀ ਉਮੀਦ ਵੀ ਹੈ।ਇਹ ਇਸ ਦੌਰ ‘ਚ ਸਾਂਝੀਵਾਲਤਾ ਦਾ ਰੰਗ ਵੀ ਹੈ।ਇਹਨੂੰ ਸਮਝਣ-ਵੇਖਣ-ਮਹਿਸੂਸ ਕਰਨ ਲਈ ਲਈ ਪ੍ਰੋ ਪੂਰਨ ਸਿੰਘ ਦੀਆਂ ਸਤਰਾਂ ਕਿ ‘ਪੰਜਾਬ ਜਿਓੁਂਦਾ ਗੁਰਾਂ ਦੇ ਨਾਮ ‘ਤੇ’ ਵਰਗਾਂ ਜਜ਼ਬਾ ਚਾਹੀਦਾ ਹੈ।
60ਵੇਂ ਦਹਾਕਿਆਂ ‘ਚ ਘੜਾਮ ਤੋਂ ਕਿਲੋਮੀਟਰ ਪਹਿਲਾਂ ਪਿੰਡ ਪਠਾਨਮਾਜਰਾ ‘ਚ ਪੁਰਾਤਣ ਬਾਉਲੀ ਕੰਢੇ ਗੁਰੁ ਗੋਬਿੰਦ ਸਿੰਘ ਜੀ ਅਤੇ ਪੀਰ ਭੀਖਣ ਸ਼ਾਹ ਦੇ ਮਿਲਾਪ ਦਾ ਇਤਿਹਾਸ ਸਾਹਮਣੇ ਆਇਆ।ਕਹਿੰਦੇ ਹਨ ਕਿ 1699 ਦੀ ਵਿਸਾਖੀ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਬਦਲਦੇ ਹਲਾਤ ‘ਚ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਮਾਛੀਵਾੜੇ ਤੋਂ ਮੁਕਤਸਰ ਬਠਿੰਡਾ ਹੁੰਦੇ ਗੁਰੂੁ ਸਾਹਿਬ ਜਦੋਂ ਵਾਇਆ ਦਿੱਲੀ ਹਜ਼ੂਰ ਸਾਹਿਬ ਨਾਦੇੜ ਗਏ ਤਾਂ ਉਹਨਾਂ ਉਸ ਸਮੇਂ ਪੀਰ ਭੀਖਣ ਸ਼ਾਹ ਨਾਲ ਇੱਥੇ ਮੁਲਾਕਾਤ ਕੀਤੀ ਸੀ।
ਘੜਾਮ ਦਾ ਪੁਰਾਤਨ ਨਾਮ ਕੁੱਰਾਮ ਸੀ ਜੋ ਸਮੇਂ ਦੀ ਘੜੀ ‘ਤੇ ਬਦਲਦਿਆਂ ਘੜਾਮ ਹੋ ਗਿਆ।ਕਹਿੰਦੇ ਹਨ ਕਿ ਘੜਾਮ ਸ਼੍ਰੀ ਰਾਮ ਚੰਦਰ ਜੀ ਦੇ ਨਾਨਕੇ ਸਨ ਅਤੇ ਜਿਸ ਬਾਉਲੀ ‘ਤੇ ਗੁਰੁ ਸਾਹਬ ਨਾਲ ਭੀਖਣ ਸ਼ਾਹ ਦਾ ਮਿਲਾਪ ਹੋਇਆ ਉਹ ਸ਼੍ਰੀ ਰਾਮ ਚੰਦਰ ਜੀ ਦੇ ਨਾਨਕਿਆਂ ਨੇ ਬਣਵਾਈ ਸੀ।ਜਦੋਂ ਗੁਰੁ ਸਾਹਬ ਪੀਰ ਭੀਖਣ ਸ਼ਾਹ ਨੂੰ ਮਿਲਣ ਆਏ ਉਹਨਾਂ ਸਮਿਆਂ ‘ਚ ਮੁਗਲੀਆਂ ਹਕੂਮਤ ਨਾਲ ਗੁਰੁ ਸਾਹਬ ਦੇ ਸਬੰਧ ਠੀਕ ਨਹੀਂ ਸਨ।ਇਸ ਖਿਆਲ ਕਰਕੇ ਭੀਖਣ ਸ਼ਾਹ ਹੁਣਾਂ ਗੁਰੁ ਸਾਹਬ ਨੂੰ ਘੜਾਮ ਬਲਾਉਣਾ ਠੀਕ ਨਾ ਸਮਝਿਆ ਅਤੇ ਘੜਾਮ ਤੋਂ ਬਾਹਰ ਪੁਰਾਤਨ ਬਾਉਲੀ ਦੇ ਕੰਢੇ ਉਹ ਗੁਰੁ ਸਾਹਿਬ ਨੂੰ ਮਿਲੇ ਅਤੇ ਤੋਹਫੇ ‘ਚ ਚੌਲਾ ਭੇਂਟ ਕੀਤਾ।ਉਸ ਸਮੇਂ ਦੀ ਯਾਦ ਨੂੰ ਸਮੋਇਆ ਇੱਥੇ ਗੁਰਦੁਆਰਾ ਮਿਲਾਪਸਰ ਹੈ।ਪੁਰਾਤਨ ਬਾਉਲੀ ਕੰਢੇ ਹੋਣ ਕਰਕੇ ਇਸੇ ਗੁਰਦੁਆਰੇ ਨੂੰ ਬਾਉਲੀ ਸਾਹਿਬ ਕਿਹਾ ਜਾਂਦਾ ਹੈ।
IMG-20180414-WA0020ਇਤਿਹਾਸ ਦੀ ਇਸ ਤੰਦ ‘ਚ ਦੋ ਧਰਮਾਂ ਦੀ ਜਿਹੜੀ ਸਾਂਝ ਹੈ ਉਸ ਨੂੰ ਇੱਥੋਂ ਦੇ ਵਸਨੀਕਾਂ ਨੇ ਬਹੁਤ ਮੁਹੱਬਤ ਭਰਿਆ ਬਿਆਨ ਦਿੱਤਾ ਹੈ।ਹਰ ਵਿਸਾਖੀ ਜਦੋਂ ਵਾਢੀ ਪੈਂਦੀ ਹੈ।ਜਦੋਂ ਖ਼ਾਲਸੇ ਦਾ ਜਨਮ ਹੁੰਦਾ ਹੈ।ਇੱਥੇ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ‘ਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਗਤਕੇ ਦੇ ਜੌਹਰ ਅਤੇ ਸ਼ਬਦ ਕੀਰਤਨ ਦੇ ਰੂਹਾਨੀ ਸੁਰਾਂ ‘ਚ ਸੰਗਤਾਂ ਨਗਰ ਕੀਰਤਨ ਦੇ ਰੂਪ ‘ਚ ਗੁਰਦੁਆਰਾ ਬਾਉਲੀ ਸਾਹਿਬ ਤੋਂ ਤੁਰਦੀਆਂ ਪੀਰ ਭੀਖਣ ਸ਼ਾਹ ਦੀ ਦਰਗਾਹ ‘ਤੇ ਜਾਂਦੀਆਂ ਹਨ।ਪੰਜਾਬ ਦੀ ਇਹ ਦਰਗਾਹ ਪੀਰ ਭੀਖਣ ਸ਼ਾਹ ਦੇ ਸ਼ਾਗਿਰਦ ਮੀਰਾ ਜੀ ਦੇ ਨਾਮ ਨਾਲ ਮਸ਼ਹੂਰ ਹੈ।ਇਹ ਹਵਾਲਾ ਵੀ ਹੈ ਕਿ ਇਸ ਦਰਗਾਹ ਦੀ ਹਦੂਦ ‘ਚ ਪੈਂਦੀ ਮਸੀਤ ਉਹਨਾਂ ਸਮਿਆਂ ‘ਚ ਬਾਦਸ਼ਾਹ ਸ਼ਾਹਜਹਾਨ ਨੇ ਬਣਵਾਈ ਸੀ।
ਖੈਰ ਇਸ ਅਹਿਸਾਸ ਨੂੰ ਅੱਜ ਦੇ ਦਿਨ ਮਹਿਸੂਸ ਕਰੋ।ਪੀਰ ਭੀਖਣ ਸ਼ਾਹ ਦੀ ਦਰਗਾਹ ‘ਤੇ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਰੂਹਾਨੀ ਕੀਰਤਨ,ਢਾਡੀ ਵਾਰਾਂ ਅਤੇ ਗੁਰਬਾਨੀ ਦਾ ਆਨੰਦ ਮਾਣਦਿਆਂ ਸੰਗਤਾਂ ਸਾਂਝੀਵਾਲਤਾ ਦੇ ਜਿਸ ਵਿਹੜੇ ‘ਚ ਬਹਿੰਦੀਆਂ ਹਨ ਉੱਥੇ ਧਰਮ ਨੂੰ ਕੋਈ ਖ਼ਤਰਾ ਕੀ ? ਅਤੇ ਧਰਮ ਦੇ ਨਾਮ ‘ਤੇ ਸਿਆਸਤ ਕੀ ? ਇਸ ਮਾਹੌਲ ‘ਚ ਸਭ ਕੁਝ ਬੇਪਰਦਾ ਹੋ ਜਾਂਦਾ ਹੈ ਅਤੇ ਬਾਕੀ ਰਹਿੰਦਾ ਹੈ ਸਿਰਫ ਤੇ ਸਿਰਫ ਪਿਆਰ,ਮਨੁੱਖਤਾ,ਸਾਂਝੀਵਾਲਤਾ ਦਾ ਅਹਿਸਾਸ !

~ ਹਰਪ੍ਰੀਤ ਸਿੰਘ ਕਾਹਲੋਂ

ਸਾਰੀਆਂ ਫੋਟੋਆਂ : ਹਰਿੰਦਰਪਾਲ ਸਿੰਘ ਵਿਰਕ,ਲਵਪ੍ਰੀਤ ਸਿੰਘ ਕਲੇਰ

Posted in Culture, Heritage, History, Inspiration, Life, Religion | Tagged , , , , , , , , | Leave a comment

ਆਪਣਾ ਮੂਲੁ ਪਛਾਣੁ

nanak-shahਠਾਠਾਂ ਮਾਰਦੇ ਵੇਂਈ ਨਦੀ ਦੇ ਦੁਆਲੇ ਫਿਕਰਾਂ ‘ਚ ਡੁੱਬੇ ਬੰਦਿਆਂ ਨੂੰ ਗੁਰੁ ਨਾਨਕ ਸਾਹਬ ਨੇ ੴ ਦੀ ਧੁੰਨ ਸੁਣਾਈ।ਇਸ ਤੋਂ ਬਾਅਦ ਸਿੱਖ ਫ਼ਲਸਫ਼ੇ ਦੀ ਸ਼ੁਰੂਆਤ ਹੋਈ ਅਤੇ ਸਿੱਖੀ ਦੇ ਪਸਾਰ ‘ਚ ਲੋਕਾਂ ਨੇ ਸਿੱਖ ਧਰਮ ਦੀਆਂ ਰੂਹਦਾਰੀਆਂ ਨੂੰ ਮਹਿਸੂਸ ਕੀਤਾ।ਪੰਜਾਬ ਦੀ ਜਰਖੇਜ਼ ਰਵਾਇਤ ‘ਚ ਸ਼ਬਦ ਗੁਰੁ ਦੀ ਅਰਾਧਨਾ ਅਤੇ ਭਾਈ ਮਰਦਾਨੇ ਨਾਲ ਬਾਬੇ ਨਾਨਕ ਦਾ ਰਬਾਬ ਦੀ ਤਾਨ ‘ਤੇ ਛੇੜਿਆ ਕੀਰਤਨ ਨਵੀਂ ਰੌਸ਼ਨੀ ਬਣ ਗਈ।ਇਹਨਾਂ ਪੂਰਨਿਆਂ ‘ਤੇ ਤੁਰਦੇ ਕੱਚੇ-ਪੱਕੇ,ਆਪੋ ਆਪਣੀ ਮੱਤ ਮੁਤਾਬਕ ਲੋਕਾਂ ਨੇ ਸਿੱਖੀ ਜਜ਼ਬੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ।
ਹੁਣ ਸਿੱਖ ਧਰਮ ਆਪਣੇ ਆਪ ‘ਚ ਇੱਕ ਵਿਰਾਸਤ ਹੈ।ਪਰ ਇਸ ਵੱਡੀ ਵਿਰਾਸਤ ਦੀਆਂ ਕਈ ਟਕਸਾਲਾਂ ਬਣ ਗਈਆਂ ਹਨ ਅਤੇ ਧਰਮ ਧਰਮ ਨਾ ਹੋਕੇ ਜਥੇਬੰਦੀਆਂ ਨੇ ਆਪੋ ਆਪਣੇ ਮੱਠ ਖੜ੍ਹੇ ਕਰ ਲਏ ਹਨ।ਇਹ ਮੱਠ ਜ਼ਰੂਰੀ ਨਹੀਂ ਭੌਤਿਕ ਰੂਪ ‘ਚ ਵਿਖਦੇ ਹੋਣ,ਸਾਡੇ ਮਨਾਂ ਅੰਦਰ ਆਪੋ ਆਪਣੇ ਧਰਮੀ ਹੋਣ ਦੇ ਮੱਠ ਖੜ੍ਹੇ ਹੋ ਗਏ ਹਨ।ਇਹਨਾਂ ਨਾਲ ਬੰਦੇ ਅੰਦਰ ਦਾ ਸਿੱਖ ਕਿਤੇ ਗਵਾਚ ਗਿਆ ਹੈ ਅਤੇ ਇੱਕ ਆਦਮ ਕਦ ਆਡੰਬਰ ਤਮਾਸ਼ਾ ਖੇਡ ਰਿਹਾ ਹੈ।
ਸਾਡੇ ਵਿਰਸੇ ‘ਚ ਬਾਣੀਆਂ ਨਾਲ ਹੁੰਦੀ ਸਵੇਰ ਵਿਸਰ ਰਹੀ ਹੈ।ਮੱਸਿਆ,ਪੁੰਨਿਆ ਦੇ ਦੀਵਾਨ ਅੰਦਰ ਸੁਣੀਂਦੀਆਂ ਕਵੀਸ਼ਰੀਆਂ,ਢਾਡੀ ਗਾਇਨ ਵਿਸਰ ਗਏ ਹਨ।ਸਿਆਲ ਦੀਆਂ ਠੰਡੀਆਂ ਰਾਤਾਂ ‘ਚ ਦਾਦੀ ਤੋਂ ਸੁਣੀਂਦੀ ਜਨਮ ਸਾਖੀਆਂ ‘ਚੋਂ ਮਿਲਦੀ ਗੁੜਤੀ ਹੁਣ ਨਹੀਂ ਮਿਲਦੀ।ਨਾ ਕੋ ਬੈਰੀ ਨਾਹੀਂ ਬੇਗਾਨਾ ‘ਚ ਕੋਈ ਬਿਮਲਾ ਸਾਡੀ ਚਾਚੀ ਵੀ ਸੀ।ਕੋਈ ਬਸ਼ੀਰਾ ਸਾਡਾ ਤਾਇਆ ਵੀ ਸੀ।ਸਾਡੇ ਧਰਮ ਦੀ ਖੂਬਸੂਰਤੀ ਸੀ ਕਿ ਸਾਡੇ ਇਤਿਹਾਸ ਦੇ ਅੰਦਰ ਸਾਂਝੀਵਾਲਤਾ ਦੇ ਨਿਸ਼ਾਨ ਪਏ ਹੋਏ ਹਨ।ਕੋਈ ਸਾਡਾ ਆਪਣਾ ਪੀਰ ਭੀਖਣ ਸ਼ਾਹ,ਮਲੇਰਕੋਟਲੇ ਦਾ ਨਵਾਬ,ਪੀਰ ਬੁੱਧੂ ਸ਼ਾਹ ਅਤੇ ਦੀਵਾਨ ਟੋਡਰ ਮੱਲ ਹੈ।
ਹੁਣ ਸਾਜਿਸ਼ਾਂ ਦਾ ਢੇਰ ਹੈ।ਜੇ ਸਾਜਿਸ਼ਾਂ ਦਾ ਢੇਰ ਨਹੀਂ ਵੀ ਹੈ ਤਾਂ ਸਾਨੂੰ ਮਹਿਸੂਸ ਹੀ ਹੁੰਦਾ ਰਹਿੰਦਾ ਹੈ ਕਿ ਧਰਮ ਖ਼ਤਰੇ ‘ਚ ਹੈ।ਧਰਮ ਦੀ ਬੁਨਿਆਦ ਤਾਂ ਸ਼ਬਦ ਗੁਰੁ ਹੈ।ਸ਼ਬਦ ਗੁਰੁ ਦੀ ਓਟ,ਚੜ੍ਹਦੀਕਲਾ ਦਾ ਜਜ਼ਬਾ,ਸ਼ੁਕਰਾਨੇ ਦੀ ਅਰਦਾਸ,ਕਿਰਤ ਕਰਨਾ,ਵੰਡ ਛੱਕਣਾ,ਨਾਮ ਜੱਪਣਾ ਤੇ ਸੰਗਤ ਕਰਨੀ,ਪੰਗਤ ‘ਚ ਲੰਗਰ ਛੱਕਣੇ ਸਾਨੂੰ ਗੁਰੁ ਦੇ ਲਾਡਲੇ ਬਣਾਉਂਦਾ ਹੈ।ਕਿਵੇਂ ਕੋਈ ਸਾਜਿਸ਼ਾਂ ਦੀ ਹਵਾ ਸਾਨੂੰ ਨੇਸਤਨਾਬੂਦ ਕਰ ਦੇਵੇਗੀ।ਅਸਾਂ ਗੁਰੁ ਦੇ ਹੁਕਿਮ ਦੀ ਗੁੜਤੀ ‘ਚ ਪਲੇ ਸਿੱਖ,ਉਹਦੇ ਭਾਣੇ ‘ਚ ਵਿਚਰਦੇ ਸਿੱਖ ਕਿਵੇਂ ਢਹਿ ਢੇਰੀ ਹੋ ਸਕਦੇ ਹਾਂ।ਸਾਡੇ ਮਨਾਂ ‘ਚ ਤਾਂ ਸਿਰਫ ਪਿਆਰ,ਮੁਹੱਬਤ ਹੈ।ਅਸੀਂ ਦੂਜੇ ਧਰਮਾਂ ਨੂੰ ਨਾ ਨਫਰਤ ਕਰ ਸਕੀਏ ਅਤੇ ਨਾ ਕੋਈ ਸਾਨੂੰ ਨਫਰਤ ਕਰ ਸਕੇ।ਭਾਈ ਘਨ੍ਹਈਆ ਤੋਂ ਖ਼ਾਲਸਾ ਏਡ ਤੱਕ ਹਰ ਦੌਰ ‘ਚ ਸਾਡੀ ਸੇਵਾ ਤੁਰਦੀ ਰਹਿੰਦੀ ਹੈ।ਸਿੱਖ ਦਾ ਇਹ ਜਜ਼ਬਾ ਹੈ।ਇਹ ਸਾਡੇ ਅੰਦਰ ਕਿੱਥੇ ਲੁਕਣਮੀਟੀਆਂ ਖੇਡ ਰਿਹਾ ਹੈ ਇਹਨੂੰ ਲੱਭਣਾ ਤਾਂ ਜ਼ਰਾ…!
ਕੋਈ ‘ਨਾਨਕ ਸ਼ਾਹ ਫ਼ਕੀਰ’ ਫਿਲਮ ਦੀ ਸਾਨੂੰ ਫੇਰ ਕੀ ਲੋੜ ਹੈ।ਨਾਲ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਸਮੇਂ ਦੀ ਰਫਤਾਰ ‘ਚ ਬਦਲ ਰਹੇ ਜ਼ਮਾਨੇ ‘ਚ ਅਜਿਹੀਆਂ ਬਣ ਰਹੀਆਂ ਫਿਲਮਾਂ ਨੂੰ ਕਦੋਂ ਤੱਕ ਰੋਕਾਂਗੇ ਅਤੇ ਰੋਕਣ ਦੀ ਕੀ ਲੋੜ ਹੈ।ਮਤਭੇਦ ਹੋਣੇ ਜਾਇਜ਼ ਹੋ ਸਕਦੇ ਹਨ।ਪਰ ਫ਼ਿਲਮ ਬਣਾਉਣ ਵਾਲਿਆਂ ਦੇ ਜ਼ਿਹਨ ‘ਚ ਇਹ ਕਿਸ ਤਰ੍ਹਾਂ ਦੀ ਸ਼ਰਧਾ ਹੈ ? ਹਰਿੰਦਰ ਸਿੱਕਾ ਗੁਰੁ ਨਾਨਕ ਦੇਵ ਜੀ ਬਾਰੇ ਫਿਲਮ ਬਣਾਉਂਦੇ ਬਣਾਉਂਦੇ ਪਾਕਿਸਤਾਨ ਨੂੰ ਗਾਲ੍ਹਾਂ ਕੱਢ ਜਾਂਦੇ ਹਨ।ਉਹ ਧਰਤੀ ਤਾਂ ਸਾਡੇ ਬਾਬੇ ਦੀ ਜਨਮ ਭੂਮੀ ਹੈ।ਫਲਸਫਿਆਂ ਦੀ ਗਾਥਾ ਨੂੰ ਰਚਨਾਤਮਕਤਾ ਨਾਲ ਵਿਖਾਉਣ ਲਈ ਵੱਡੀ ਸਾਧਨਾ ਦੀ ਲੋੜ ਹੈ।ਇਹਨਾਂ ਕਲਾਕਾਰਾਂ ਨੇ ਧਰਮ ਦੇ ਉਸ ਜਜ਼ਬੇ ਨੂੰ ਉਸ ਪੱਧਰ ਤੱਕ ਸਮਝਿਆ ਨਹੀਂ।ਇਹ ਫਿਲਮ ਬਣਾਉਂਦਿਆ ਨਾ ਗੁਰਬਾਣੀ ਦੇ ਮਾਇਨੇ ਹਨ ਨਾ ਕੋਈ ਅਧਾਰ…ਫਿਲਮ ਬਣਾਉਣ ਵਾਲੇ ਆਪਸ ‘ਚ ਈਰਖਾ,ਚਾਲਬਾਜ਼ੀਆਂ ‘ਚ ਉਲਝੇ ਹੋਏ ਹਨ।ਨਿਰਦੇਸ਼ਕ ਦਾ ਨਾਮ ਤੱਕ ਨਹੀਂ ਦੇਣਾ ਚਾਹੁੰਦੇ।ਉਹਨਾਂ ਫਿਲਮ ਬਣਾਉਂਦਿਆਂ ਫੇਰ ਆਪ ਕੀ ਸਿੱਖਿਆ ?
ਦੂਜੇ ਪਾਸੇ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੇ ਆਪ ਆਪਣੀ ਸੂਰਤ ਅੰਦਰ ਸਿੱਖੀ ਨੂੰ ਕਿੰਨਾ ਪ੍ਰੇਮ ਬਖਸ਼ਿਆ ਹੈ।ਬੜੇ ਪ੍ਰੇਮ ਨਾਲ ਸਹਿਜ ਹੋਕੇ ਖੁਦ ਤੋਂ ਜਵਾਬ ਲੈਣ ਦੀ ਲੋੜ ਹੈ।ਵਿਰੋਧ ਕਰਦੇ ਕਰਦੇ ਅਸੀਂ ਬੇਬੇ ਨਾਨਕੀ ਦੀ ਭੂਮਿਕਾ ਨਿਭਾਉਂਦੀ ਕੁੜੀ ਬਾਰੇ ਕੀ ਟਿੱਪਣੀਆਂ ਕਰ ਰਹੇ ਹਾਂ।ਗੱਲਾਂ ਏਨੀਆਂ ਇਕਹਿਰੀਆਂ ਨਹੀਂ।ਥੌੜ੍ਹਾ ਥੌੜ੍ਹਾ ਸਭ ਦੇ ਅੰਦਰ ਕੁਝ ਤਾਂ ਹੈ ਜੋ ਸਾਡੇ ਅੰਦਰ ਦਾ ਲਾਡਲਾ ਸਿੱਖ ਦਫਨ ਕਰ ਗਿਆ ਹੈ।ਹਾਂ ਇਹ ਜਜ਼ਬਾਤੀ ਗੱਲਾਂ ਹੋ ਸਕਦੀਆਂ ਹਨ ਪਰ ਕਿਸੇ ਦਾ ਵਿਰੋਧ ਕਰਦੇ ਕਰਦੇ ਤੁਸੀ ਆਪਣੇ ਗੁਰੂਆਂ ਦੇ ਪਾਏ ਪੂਰਨਿਆਂ ਤੋਂ ਹੀ ਥਿਰਕ ਜਾਵੋ ਤਾਂ ਇਹ ਗੱਲ ਵੀ ਸਾਡੀ ਕਮਜ਼ੋਰੀ ਹੀ ਤਾਂ ਹੈ।
ਅਸੀਂ ਆਪਣੀ ਪਛਾਣ ਦੀ ਗੱਲ ਕਰਦੇ ਹਾਂ।ਸਿੱਖੀ ਪਛਾਣ ਦੀ ਗੱਲ ਕਰਦਿਆਂ ਗੁਰੁ ਵੱਲੋਂ ਨਵਾਜਿਸ਼ ਕੀਤਾ ਗਿਆ ਸਰੂਪ ਸਾਡਾ ਕਿੱਥੇ ਹੈ ? ਕੁਝ ਤਾਂ ਹੈ ਜੋ ਆਪਣੇ ਅੰਦਰ ਵੀ ਲੱਭਣ ਦੀ ਲੋੜ ਹੈ।ਯਕੀਨਨ ਅਸੀਂ ਆਪਣੀਆਂ ਸਾਖੀਆਂ ਤੋਂ ਦੂਰ ਵੀ ਹੋਏ ਹਾਂ।
ਅਸੀਂ ਆਪਣੇ ਬੱਚਿਆਂ ਨੂੰ ਧਰਮ ‘ਚ ਪ੍ਰਪੱਕ ਕਰਦੇ ਕਰਦੇ ਉਹਨਾਂ ਨੂੰ ਧਰਮ ਦਾ ਸਹਿਜ ਵਰਤਾਰਾ ਸਿਖਾ ਰਹੇ ਹਾਂ ? ਜਾਂ ਉਹ ਰੂਪ ਦੇ ਰਹੇ ਹਾਂ ਜਿੰਨ੍ਹਾ ਬਾਰੇ ਗੁਰੁ ਨਾਨਕ ਸਾਹਬ ਨੇ ਸਾਨੂੰ ਸੁਚੇਤ ਕਰਦਿਆਂ ਧਰਮ ਦੀ ਸਹਿਜਤਾ ਸਿਖਾਈ ਸੀ।
ਖਹਿਣ ਨੂੰ ਹਜ਼ਾਰਾਂ ਰਾਹ ਨੇ,ਖੁਦ ਨੂੰ ਪਛਾਨਣ ਦਾ ਤਾਂ ਇੱਕੋ ਮੂਲ ਹੈ- ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

~ ਹਰਪ੍ਰੀਤ ਸਿੰਘ ਕਾਹਲੋਂ

#InSearchOfRoots

Posted in Cinema, Culture, Religion | Tagged , , , , | Leave a comment