ASHOK & Unbearable pain, in slow motion

Indian_relief_from_Amaravati,_Guntur._Preserved_in_Guimet_Museumਇੱਕ ਲੱਖ ਸਿਪਾਹੀਆਂ ਦੀ ਮੌਤ ਤੋਂ ਬਾਅਦ,ਡੇੜ ਲੱਖ ਲੋਕਾਂ ਦੇ ਉਜੜਣ ਤੋਂ ਬਾਅਦ ਅਤੇ ਲੱਖਾਂ ਦੀ ਗਿਣਤੀ ‘ਚ ਜ਼ਖਮੀ ਲੋਕਾਂ ਤੋਂ ਬਾਅਦ ਮੌਰੀਆ ਸਮਰਾਜ ਦਾ ਅਸ਼ੋਕ ਆਪਣੇ ਆਪ ਤੋਂ ਹਾਰ ਗਿਆ ਸੀ।
ਮੌਰੀਆ ਸਮਰਾਜ ਦੀ ਨੀਂਹ ਰੱਖਣ ਵਾਲਾ ਉਹਦਾ ਦਾਦਾ ਚੰਦਰਗੁਪਤ ਮੌਰੀਆ ਅਤੇ ਚੰਦਰਗੁਪਤ ਦਾ ਗੁਰੁ ਚਾਣਕਿਆ ਦੇ ਅਰਥਸ਼ਾਸ਼ਤਰ ਦਾ ਨਤੀਜਾ ਇਹ ਮਿਲਿਆ ਕਿ ਕਾਲਿੰਗਾ ਦੀ ਧਰਤੀ ਲਹੂ ਨਾਲ ਭਿੱਜ ਗਈ।ਧਰਤੀ ਤੋਂ ਲਹੂ ਦੇ ਦਾਗ ਤਾਂ ਸਮਾਂ ਪੈਣ ‘ਤੇ ਧੁੰਧਲੇ ਪੈ ਗਏ ਹੋਣ ਪਰ ਅਸ਼ੋਕ ਦੀ ਆਤਮਾ ਨੂੰ ਸਦਾ ਆਪਣਾ ਆਪ ਦਾਗ਼ਦਾਰ ਮਹਿਸੂਸ ਹੋਣ ਲੱਗ ਪਿਆ।
ਅਰਥ ਸ਼ਾਸ਼ਤਰ ਨੇ ਬੁੱਧ ਦੇ ਦੌਰ ‘ਚ ਪੈਦਾ ਹੋਏ ਗਣਰਾਜ ਖਤਮ ਕਰ ਦਿੱਤੇ।ਪਰ ਇਸ ਤੋਂ ਇਲਾਵਾ ਇਹ ਗੱਲ ਵੀ ਮਹੱਤਵਪੂਰਨ ਸੀ ਕਿ ਗਣਰਾਜ ਆਪਣੀ ਹੋਂਦ ਨੂੰ ਲੈਕੇ ਆਪ ਵੀ ਸੰਘਰਸ਼ ਕਰ ਰਹੇ ਸਨ ਅਤੇ ਤਾਲਮੇਲ ਦੀ ਘਾਟ ਤੋਂ ਸ਼ਾਸ਼ਨ ਉਸ ਢੰਗ ‘ਚ ਨਹੀਂ ਚਲਾ ਸਕੇ ਜਿਵੇਂ ਚਲਾਉਣ ਚਾਹੀਦਾ ਸੀ।ਖੈਰ ਸਿਆਸਤ ‘ਚ ਰਾਜਵਾੜਾਸ਼ਾਹੀ ਆਪਣੇ ਸਿਖਰਾਂ ਨੂੰ ਛੂਹ ਰਹੀ ਸੀ ਅਤੇ ਭਾਰਤ ਦੀ ਇਸ ਧਰਤੀ ਨੂੰ ਪਹਿਲੀ ਵਾਰ ਸੰਗਠਤ ਰੂਪ ‘ਚ ਮੌਰੀਆ ਸਮਰਾਜ ਮਿਲਿਆ ਸੀ।ਇਹਦੇ ਅਧਾਰ ਨੇ ਜਿਹੜੇ ਪੂਰਨੇ ਪਾਏ ਉਸ ‘ਚ ਫਰੇਬ,ਕੂਟਨੀਤਕ ਚਾਲਾਂ,ਰਾਜੇ ਦੀ ਸਿਰਮੌਰਤਾ ਅਤੇ ਆਮ ਲੋਕਾਂ ਦੀ ਲਚਾਰੀ ਸੀ।ਇੱਕ ਸ਼ਕਤੀਸ਼ਾਲੀ ਰੂਪ ‘ਚ ਅਰਥਸ਼ਾਸ਼ਤਰ ਨੇ ਭਾਂਵੇ ਵੱਡਾ ਰਾਜ ਖੜ੍ਹਾ ਕਰ ਦਿੱਤਾ ਸੀ ਪਰ ਉਹਦੇ ਲਈ ਲੋਕਾਂ ਦੀ ਹਿੱਸੇਦਾਰੀ ਕਦੀ ਵੀ ਮਹੱਤਵਪੂਰਨ ਨਹੀਂ ਸੀ।ਚਾਣਕਿਆ ਦੇ ਸ਼ਬਦਾਂ ‘ਚ ਨੈਤਕਿਤਾ ਲਈ ਰਾਜਤੰਤਰ ‘ਚ ਕੋਈ ਥਾਂ ਨਹੀਂ ਸੀ ਅਤੇ ਭਾਵੁਕਤਾ ਜਾਂ ਸੰਵੇਦਨਾ ਦਾ ਕੋਈ ਮੁੱਲ ਨਹੀਂ ਸੀ।
ਇਸ ਨੂੰ ਲੈਕੇ ਇੱਕ ਦਿਲਚਸਪ ਹਵਾਲਾ ਹੈ ਕਿ ਚੰਦਰਗੁਪਤ ਨੇ ਆਪਣੇ ਗੁਰੁ ਚਾਣਕਿਆ ਨਾਲ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਤੁਹਾਡੇ ਲਈ ਬੰਦੇ ਦੀ ਕੋਈ ਕੀਮਤ ਨਹੀਂ ਕੀ ਉਹ ਤੁਹਾਡੇ ਲਈ ਸਿਰਫ ਇੱਕ ਪੁਤਲਾ ਹੈ, ਤਾਂ ਚਾਣਕਿਆ ਦਾ ਜਵਾਬ ਸੀ ਕਿ ਰਾਜ ਕਿਸੇ ਵੀ ਬੰਦੇ ਨਾਲੋਂ ਵੱਡਾ ਹੁੰਦਾ ਹੈ,ਚਾਹੇ ਸਾਹਮਣੇ ਵਾਲਾ ਬੰਦਾ ਕਿੱਡਾ ਵੀ ਮਹਾਨ ਕਿਉਂ ਨਾ ਹੋਵੇ।
ਚਾਣਕਿਆ ਨੇ ਇਹ ਵੀ ਕਿਹਾ ਕਿ ਦੁਸ਼ਮਣ ਦਾ ਦੁਸ਼ਮਣ ਮਿੱਤਰ ਹੁੰਦਾ ਹੈ।ਅਜਿਹੇ ਪ੍ਰਬੰਧ ਹੇਠ ਇੱਕ ਰਾਜ ਆਪਣੇ ਵੱਡੇ ਰੂਪ ‘ਚ ਹੋਂਦ ‘ਚ ਤਾਂ ਆ ਗਿਆ ਪਰ ਉਹਨੇ ਹੋਰ ਬਹੁਤ ਪਹਿਲੂਆਂ ਤੋਂ ਕੱਟੜਤਾ ਨੂੰ ਜਨਮ ਦਿੱਤਾ।ਇਸ ਕੱਟੜਤਾ ‘ਚ ਬੁੱਧ ਧਰਮ ਵਾਲਿਆਂ ‘ਤੇ ਕਾਫੀ ਸਿਆਸੀ ਰੋਕਾਂ ਤੱਕ ਲੱਗੀਆਂ।ਅਜਿਹੇ ਮਾਹੌਲ ‘ਚ ਅਸ਼ੋਕ ਆਪਣੇ ਭਰਾਵਾਂ ਨੂੰ ਮਾਰਕੇ ਗੱਦੀਨਸ਼ੀਨ ਹੋਇਆ।
ਅਸ਼ੋਕ ਦੇ ਮਹਾਨ ਅਸ਼ੋਕ ਬਣਨ ਦੀ ਗਾਥਾ ‘ਚ ਅਸਹਿਣਸ਼ੀਲਤਾ ਤੋਂ ਸਹਿਣਸ਼ੀਲਤਾ ਦਾ ਸਫਰ ਹੈ।ਕੱਟੜਤਾ ਤੋਂ ਪਰਉਪਕਾਰ ਤੱਕ ਦਾ ਸਫਰ ਹੈ।ਕਾਲਿੰਗਾ ਦੇ ਯੁੱਧ ਤੋਂ ਪਹਿਲਾਂ ਵੱਡਾ ਮੋੜ ਇਹ ਸੀ ਕਿ ਅਸ਼ੋਕ ਦਾ ਛੋਟਾ ਭਰਾ ਬੋਧੀ ਬਣ ਗਿਆ ਸੀ।ਜਦੋਂ ਕਾਲਿੰਗਾ ਦੇ ਖੂਨੀ ਭੇੜ ‘ਚੋਂ ਅਸ਼ੋਕ ਦੀ ਬੇਚੈਨੀ ਵਧੀ ਤਾਂ ਅਸ਼ੋਕ ਆਪਣੇ ਇਸੇ ਭਰਾ ਦੇ ਮਾਰਫਤ ਹੀ ਬੁੱਧ ਧਰਮ ਨੂੰ ਅਪਣਾ ਸਕਿਆ ਅਤੇ ਸ਼ਾਂਤੀ ਦਾ ਦੂਤ ਬਣ ਗਿਆ।ਕਾਲਿੰਗਾ ਤੋਂ ਬਾਅਦ ਦਾ ਅਸ਼ੋਕ ਇਸ ਦੌਰ ਨੂੰ ਸਭ ਤੋਂ ਵੱਧ ਵੇਖਣ ਦੀ ਲੋੜ ਹੈ।ਭਾਰਤ ਦੀ ਧਰਤੀ ‘ਤੇ ਇਹ ਤਜਰਬਾ ਅੱਜ ਤੋਂ ਹਜਾਰਾਂ ਸਾਲ ਪਹਿਲਾਂ ਹੋ ਗਿਆ ਹੈ।
ਅਸ਼ੋਕ ਨੇ ਸਮਝਿਆ ਕਿ ਕਿਸੇ ਵੀ ਦੇਸ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਖੁਨ ਵਹਿੰਦਾ ਹੈ,ਮੌਤਾਂ ਹੁੰਦੀਆ ਹਨ ਅਤੇ ਲੋਕ ਉਜੜਦੇ ਹਨ।ਇਸ ਸਾਰੇ ਵਰਤਾਰੇ ‘ਚ ਲੋਕ ਉਜੜਦੇ ਹਨ ਤਾਂ ਉਹਨਾਂ ਦੀਆਂ ਭਾਵਨਾਵਾਂ ਵਲੂੰਧਰੀਆਂ ਜਾਂਦੀਆਂ ਹਨ।ਅਜਿਹੀ ਹਿੰਸਾ ‘ਚ ਹਰ ਧਰਮ,ਹਰ ਕੁਨਬੇ ਦੇ ਲੋਕ ਸੰਤਾਪ ਭੁਗਤਦੇ ਹਨ।ਅਜਿਹੇ ‘ਚ ਜਿਹੜੇ ਲੋਕ ਬੱਚ ਜਾਂਦੇ ਹਨ ਉਹਨਾਂ ਦੇ ਮਨਾਂ ‘ਤੇ ਸਦੀਆਂ ਆਪਣਿਆਂ ਨਾਲ ਹੋਏ ਘਾਣ ਦੀ ਪੀੜ ਰਹਿੰਦੀ ਹੈ ਅਤੇ ਉਹ ਹਾਕਮ ਧਿਰ ਪ੍ਰਤੀ ਕਦੀ ਵੀ ਖੁਸ਼ਨੁਮਾ ਖਿਆਲ ਨਹੀਂ ਰੱਖ ਪਾਉਂਦੇ।ਅਜਿਹੇ ਬਾਗੀ ਮਨਾਂ ਦੀ ਟੀਸ ਤੋਂ ਹਾਕਮ ਧਿਰ ਕਦੀ ਵੀ ਅਜ਼ਾਦ ਨਹੀਂ ਹੋ ਪਾਉਂਦੀ।
ਅਸ਼ੋਕ ਨੇ ਥਾਂ ਥਾਂ ਖੁਦਵਾਏ ਸ਼ਿਲਾਲੇਖ ਵੀ ਇਸ ਭਾਵਨਾ ਨਾਲ ਸਥਾਪਿਤ ਕੀਤੇ ਕਿ ਕਦੀ ਵੀ ਮੇਰੇ ਤੋਂ ਬਾਅਦ ਆਉਣ ਵਾਲੀਆਂ ਨਸਲਾਂ ਕਿਸੇ ਵੀ ਧਰਤੀ ‘ਤੇ ਕਾਬਜ ਹੋਣ ਦੀ ਭਾਵਨਾ ਨਾ ਰੱਖਣ ਅਤੇ ਇਸ ਭਾਵਨਾ ਤੋਂ ਮੁਕਤ ਸ਼ਾਂਤੀ ਦੀ ਗੱਲ ਕਰਨ।
ਅਸ਼ੋਕ ਨੇ ਇਸ ਗੱਲ ਉੱਤੇ ਵਧੇਰੇ ਜ਼ੋਰ ਦਿੱਤਾ ਕਿ ਸਧਾਰਣ ਲੋਕ,ਗਿਆਨੀ,ਰਿਸ਼ੀ,ਹਾਕਮ ਕਦੀ ਵੀ ਆਪਣੇ ਗੁਣਾਂ ਤੋਂ ਇੱਕ ਦੂਜੇ ‘ਤੇ ਆਪਣੀ ਉੱਚਤਾ ਸਥਾਪਿਤ ਨਾ ਕਰਨ ਅਤੇ ਅਜਿਹੀ ਸਿੱਖਿਆ ਦਾ ਪਸਾਰ ਹੋਵੇ ਜਿਹਦੇ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਸਮਝਿਆ ਜਾ ਸਕੇ ਅਤੇ ਬੰਦਾ ਆਪਣੀ ਬੋਲਬਾਣੀ ਨੂੰ ਕਾਬੂ ‘ਚ ਰੱਖ ਸਕੇ।ਅਜਿਹਾ ਕਰਨ ਪਿੱਛੇ ਕਾਰਨ ਇਹ ਸੀ ਕਿ ਅਸੀ ਇੰਝ ਆਪਣੇ ਕੁਨਬੇ ਦੀ ਜਾਂ ਸੱਭਿਆਚਾਰ ਦੀ ਤਾਰੀਫ ਕਰ ਦੂਜਿਆਂ ਨੂੰ ਨੀਵਾਂ ਨਾ ਵਿਖਾ ਸਕੀਏ।
ਅਸ਼ੋਕ ਦਾ ਜ਼ੋਰ ਕਲਿਆਣਕਾਰੀ ਸਿੱਖਿਆ ਉੱਤੇ ਵਧੇਰੇ ਸੀ ਜੋ ਸੱਭਿਅਤਾ ਦਾ ਉਜਾੜਾ ਨਾ ਕਰਕੇ ਉਹਨੂੰ ਬਲ ਦੇਵੇ।ਇਹ ਅਸ਼ੋਕ ਹੀ ਸੀ ਜਿੰਨ੍ਹੇ ਰਾਹਾਂ ‘ਤੇ ਰੁੱਖ ਲਗਾਉਣ ਦਾ ਰੁਝਾਣ ਪਾਇਆ ਅਤੇ ਆਪਣੇ ਰਾਜ ‘ਚ ਧਰਮ ਗਿਆਨ ਪਸਾਰ ਲਈ ਕੇਂਦਰ ਸਥਾਪਿਤ ਕੀਤੇ।ਪਰ ਧਿਆਨ ਰਹੇ ਕਿ ਅਸ਼ੋਕ ਦੇ ਆਪ ਬੋਧੀ ਹੋਣ ਦੇ ਬਾਵਜੂਦ ਲੋਕਾਂ ਨੂੰ ਆਪੋ ਆਪਣੇ ਧਰਮ ਦੀ ਅਜ਼ਾਦੀ ਦਿੱਤੀ ਗਈ ਸੀ ਅਤੇ ਇਹਨਾਂ ਕੇਂਦਰਾਂ ‘ਚ ਵੱਖ ਵੱਖ ਧਰਮਾਂ ਦੇ ਉਪਦੇਸ਼ ਹੁੰਦੇ ਸਨ ਨਾਂ ਕਿ ਸਿਰਫ ਇੱਕ ਖਾਸ ਧਰਮ ਨੂੰ ਲੈਕੇ……
ਇਸ ਦੌਰ ਨੂੰ ਜੋ ਅਸ਼ੋਕ ਦੇ ਰਾਜ ਤੋਂ ਸਮਝਣ ਦੀ ਲੋੜ ਹੈ ਉਹ ਹੈ ਕਿ ਮਹਾਨ ਅਸ਼ੋਕ ਦੇ ਪ੍ਰਧਾਨਮੰਤਰੀ ਨੇ ਜਦੋਂ ਪੁੱਛਿਆ ਕਿ ਤੁਸੀ ਸਰਹੱਦਾਂ ‘ਤੇ ਫੌਜੀ ਉੱਕਾ ਹੀ ਹਟਾ ਦਿੱਤੇ ਹਨ ਤਾਂ ਰਾਜ ਸੁਰੱਖਿਅਤ ਕਿਵੇਂ ਰਹਿਣਗੇ।ਇਹ ਤਾਂ ਕਿਸੇ ਮੁਸੀਬਤ ਨੂੰ ਆਪ ਅਵਾਜ਼ ਮਾਰਨਾ ਹੈ ਅਤੇ ਨੈਤਕਿਤਾ ਦੇ ਨਾਲ ਸਰਹੱਦਾਂ ਮਹਿਫੂਜ਼ ਨਹੀਂ ਹੁੰਦੀਆਂ।
ਇਸ ਦੇ ਜਵਾਬ ‘ਚ ਅਸ਼ੋਕ ਨੇ ਕਿਹਾ ਕਿ ਕਾਲਿੰਗਾ ‘ਚ ਸ਼ਕਤੀ ਤਾਂਡਵ ਕਰਕੇ ਵੇਖਿਆ ਆਪਾਂ,ਕੀ ਮਿਲਿਆ ਅਸਾਂ ਨੂੰ ?
ਪ੍ਰਧਾਨਮੰਤਰੀ ਕਹਿੰਦਾ, “ਇੰਝ ਆਪਾਂ ਵਪਾਰ ਲਈ ਰਾਹ ਪਾਇਆ,ਜੀਹਦੇ ਨਾਲ ਆਰਥਿਕ ਮਜ਼ਬੂਤੀ ਆਈ।”
ਅਸ਼ੋਕ ਕਹਿੰਦੇ ਕਿ ਅਜਿਹੀ ਮਜ਼ਬੂਤੀ ਦਾ ਕੀ ਕਰਨਾ ਜਦੋਂ ਇਸ ਲਈ ਆਪਾਂ ਨੂੰ ਫੌਜ ‘ਤੇ ਵੱਡਾ ਖਰਚਾ ਕਰਨਾ ਪਵੇ ਅਤੇ ਇੱਕ ਡਰ ਲਗਾਤਾਰ ਬਣਿਆ ਰਹੇ ਕਿ ਇਹ ਸਰਹੱਦਾਂ ਕਿਸੇ ਵੀ ਵੇਲੇ ਖੋਹੀਆਂ ਜਾ ਸਕਦੀਆਂ ਹਨ।
ਪ੍ਰਧਾਨਮੰਤਰੀ ਕਹਿੰਦਾ ਕਿ ਫਿਰ ਫੌਜ ਦੀ ਕੀ ਲੋੜ ਹੈ ?
ਅਸ਼ੋਕ ਦਾ ਜਵਾਬ ਸੀ ਕਿ ਫੌਜ ਰਹੇਗੀ ਪਰ ਉਹ ਪਿੱਛੇ ਰੱਖਿਆ ਲਈ,ਹਮਲਾ ਕਰਨ ਲਈ ਨਹੀਂ।ਸਾਨੂੰ ਇਸ ਤੋਂ ਅੱਗੇ ਹੋਰ ਬਦਲ ਸੋਚਣੇ ਚਾਹੀਦੇ ਹਨ।
ਪ੍ਰਧਾਨਮੰਤਰੀ ਕਹਿੰਦਾ ਕਿ ਇਹ ਸਹਿਣਸ਼ੀਲਤਾ ਦੀ ਸਿੱਖਿਆ ਰਾਜ ਦੇ ਸੁਭਾਅ ‘ਚ ਨਹੀਂ ਹੁੰਦੀ।ਦੋ ਰਾਜ ਆਪਸੀ ਵਿਸ਼ੇਸ਼ ਅਧਿਕਾਰ ਛੱਡਣ ਨੂੰ ਕਿਵੇਂ ਤਿਆਰ ਹੋਣਗੇ।
ਤਾਂ ਅਸ਼ੋਕ ਨੇ ਕਿਹਾ ਕਿ ਕੀ ਹੁੰਦੇ ਹਨ ਇਹ ਵਿਸ਼ੇਸ਼ ਅਧਿਕਾਰ ?
ਕੀਹਨੇ ਦਿੱਤੇ ਅਤੇ ਕੀਹਨੇ ਬਣਾਏ ਇਹ ਵਿਸ਼ੇਸ਼ ਅਧਿਕਾਰ ?
ਕੀਹਨੇ ਕਿਹਨੂੰ ਦਿੱਤੇ ?
ਆਪਣੇ ਆਪ ਹੀ ਵੰਡ ਲਏ ਆਪਸ ‘ਚ…ਇਹ ਤੈਅ ਕਿਵੇਂ ਹੋ ਗਿਆ ?
ਆਖਰ ਬਰਾਬਰ ਹੋਣ ‘ਚ ਡਰ ਕੀਹਨੂੰ ਹੈ ?
ਰਾਧਾ ਗੁਪਤ ਬੋਧੀ ਹੋਣ ਤੋਂ ਬਾਅਦ ਮੈਂ ਦੂਰ ਦੂਰ ਤੱਕ ਘੁੰਮਿਆ ਹਾਂ ਅਤੇ ਮਹਿਸੂਸ ਕੀਤਾ ਹੈ ਕਿ ਧਰਤੀ ਬਹੁਤ ਵੱਡੀ ਹੈ ਅਤੇ ਏਹਦੀ ਵਿੰਭਨਤਾ ਉਨੀ ਹੀ ਖੂਬਸੂਰਤ…..
…..ਅਤੇ ਇਸੇ ਵਿੰਭਨਤਾ ‘ਚ ਹੀ ਤਾਕਤ ਹੈ।ਬੰਦੇ ਦਰਮਿਆਨ ਬੰਦੇ ਦੀ ਏਕਤਾ ਫੌਜ ਦੀ ਸ਼ਕਤੀ ਨਾਲ ਸੰਭਵ ਨਹੀਂ ਇਹ ਧਰਮ ਅਤੇ ਨੈਤਕਿਤਾ ਨਾਲ ਹੀ ਪੈਦਾ ਹੋ ਸਕਦੀ ਹੈ।
ਅਸ਼ੋਕ ਨੇ ਇਸੇ ਵਿਸ਼ਵਾਸ਼ ਨਾਲ ਬਿਨਾਂ ਜੀਆਂ ਦਾ ਦਮਨ ਕੀਤੇ ਬਗੈਰ ਸਮਾਜਿਕ ਵਿਹਾਰ ਨੂੰ ਲੈਕੇ ਪ੍ਰਯੋਗ ਕੀਤੇ।ਇਹ ਇੱਕ ਕੌਸ਼ਿਸ਼ ਮਨੁੱਖਤਾ ਦੇ ਅਹਿਸਾਸ ਨੂੰ ਲੈਕੇ ਸੀ।ਇਸੇ ਲਈ ਅਸ਼ੋਕ ਨੇ ਆਪਣੇ ਮੁੰਡੇ ਮਹਿੰਦਰ ਨੂੰ ਸਿੰਗ੍ਹਲ ਦੀਪ ਸ਼੍ਰੀ ਲੰਕਾ ਅਤੇ ਆਪਣੀ ਧੀ ਸੰਗਮਿੱਤਰਾ ਨੂੰ ਦੂਜੇ ਦੇਸ਼ਾਂ ਵੱਲ ਭੇਜਿਆ ਤਾਂ ਕਿ ਸਰਹੱਦਾਂ ਦੇ ਖੌਫ ਨੂੰ ਖਤਮ ਕਰ ਦੇਸ਼ ਆਪਸ ‘ਚ ਬਿਨਾਂ ਡਰ ਤੋਂ ਰਹਿ ਸਕਣ…
ਭਾਰਤ ਨੇ ਸੁਚੇਤ ਰੂਪ ‘ਚ ਅਸ਼ੋਕ ਸਤੰਬ ਨੂੰ ਆਪਣਾ ਰਾਸ਼ਟਰੀ ਚਿੰਨ੍ਹ ਬਣਾਇਆ।ਇਸ ਸਤੰਭ ਦੇ ਚਾਰ ਸ਼ੇਰ,ਬਲਦ,ਘੋੜਾ ਅਤੇ ਚੱਕਰ ਜੋ ਕਹਿ ਰਹੇ ਹਨ ਭਾਰਤ ਉਸ ਅਹਿਸਾਸ ਨੂੰ ਕਿਤੇ ਗਵਾਉਂਦਾ ਜਾ ਰਿਹਾ ਹੈ।ਇਹ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਹੈ ਕਿ ਭਾਰਤ ਅੰਦਰ ਆਪਣੇ ਹੀ ਇਤਿਹਾਸ ਦੀ ਇਸ ਘਟਨਾ ਅਤੇ ਮਹਾਨ ਅਸ਼ੋਕ ਤੋਂ ਪ੍ਰੇਰਣਾ ਨਹੀਂ ਲਈ ਜਾ ਰਹੀ।
ਇਸ ਦੌਰ ਅੰਦਰ ਪਿਛਲੇ ਤਿੰਨ ਸਾਲ ਦੀਆਂ ਘਟਨਾਵਾਂ ਬਹੁਤਾਤ ‘ਚ ਇਹ ਵਿਸ਼ਵਾਸ਼ ਪੱਕਾ ਕਰਨ ‘ਚ ਸਫਲ ਰਹੀਆਂ ਹਨ ਕਿ ਇੱਥੇ ਮੁਸਲਮਾਨਾਂ ਨੂੰ,ਦਲਿਤਾਂ ਨੂੰ,ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਭਾਰਤ ਦਾ ਜਿਹੜਾ ਪ੍ਰਧਾਨਮੰਤਰੀ ਟਵਿੱਟਰ ‘ਤੇ ਸਰਗਰਮ ਹੈ,ਜੋ ਹਰ ਖਾਸ ਉਪਲਬਧੀ ਨੂੰ ਅਪਡੇਟ ਕਰਨ ‘ਚ ਮਿੰਟ ਨਹੀਂ ਲਾਉਂਦੇ ਉਹ ਅਜਿਹੀਆਂ ਘਟਨਾਵਾਂ ਉੱਤੇ ਸੁਸਤ ਟਿੱਪਣੀ ਕਰਦੇ ਹਨ।
ਦੇਰ ਆਏ ਦੁਰੱਸਤ ਆਏ ਅੱਜ ਜਦੋਂ ਪ੍ਰਧਾਨਮੰਤਰੀ ਨੇ ਗਾਂ ਦੇ ਨਾਮ ਥੱਲੇ ਕਤਲ ਕਰਨ ਵਾਲਿਆਂ ਨੂੰ ਫਟਕਾਰਿਆਂ ਤਾਂ ਚੰਗੀ ਗੱਲ ਹੈ ਪਰ ਲੋਕਾਂ ਦੀ ਉਮੀਦ ਹੈ ਕਿ ਹਰ ਸ਼ੈਅ ਮਨ ਕੀ ਬਾਤ,ਭਾਸ਼ਣ ਜਾਂ ਟਵਿੱਟਰ ‘ਤੇ ਨਾ ਹੋਵੇ,ਉਹ ਅਮਲੀ ਰੂਪ ‘ਚ ਹੋਵੇ।
ਪ੍ਰਧਾਨਮੰਤਰੀ ਦੀ ਫਿਰਕੂ ਤਾਕਤਾਂ ਖਿਲਾਫ ਕੀ ਭਾਵਨਾ ਹੈ,
ਕੀ ਨਜ਼ਰੀਆ ਹੈ,
ਇਸ ਪ੍ਰਤੀ ਸ਼ੱਕ ਏਸ ਕਰਕੇ ਹੁੰਦਾ ਹੈ,ਕਿਉਂ ਕਿ ਤੇਜ਼ ਤਰਾਰ ਬੰਦੇ ਦੀ ਅਜਿਹੇ ਕਿੱਸਿਆਂ ‘ਚ ਸੁਸਤ ਪ੍ਰਤੀਕਿਰਿਆ ਹੁੰਦੀ ਹੈ।
ਰੋਹਿਤ ਵੇਮੂਲਾ ਸਮੇਂ ਵੀ Unbearable pain, in slow motion (23 Jan 2016,The Telegraph) ਸਿਰਲੇਖ ਅਧੀਨ ਟੈਲੀਗ੍ਰਾਫ ਦੀ ਉਹ ਖ਼ਬਰ ਚੇਤੇ ਆਉਂਦੀ ਹੈ।ਕਿਉਂ ਕਿ ਉਸ ਸਮੇਂ 18 ਜਨਵਰੀ ਨੂੰ ਰੋਹਿਤ ਇਸ ਦੁਨੀਆਂ ‘ਤੇ ਨਹੀਂ ਸੀ,ਪ੍ਰਧਾਨਮੰਤਰੀ ਗੰਗਤੋਕ ‘ਚ ਸਥਾਈ ਖੇਤੀਬਾੜੀ ਅਤੇ ਕਿਸਾਨ ਹਿਤ ਸਕੀਮਾਂ ਦੇ ਸੈਮੀਨਾਰ ‘ਚ ਸਨ।18 ਜਨਵਰੀ 2016 ਦੇ ਇਸ ਸੈਮੀਨਾਰ ਤੋਂ ਬਾਅਦ ਵੀ ਕਿਸਾਨ 2017 ‘ਚ ਕਿੱਥੇ ਖੜ੍ਹਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ।ਇਸ ਵੇਲੇ ਮੋਦੀ ਦਾ ਟਵੀਟ Crop insurance,organic farming,flower show ਸੀ।
19 ਜਨਵਰੀ ਨੂੰ ਪ੍ਰਧਾਨਮੰਤਰੀ ਭਾਜਪਾ ਯੂੱਥ ਰੈਲੀ ‘ਚ ਅਸਮੀ ਟੋਪੀ ਅਤੇ ਤੋਲੀਆ ਲੈਕੇ ਗੁਹਾਟੀ ਅਸਾਮ ‘ਚ ਸਨ।ਰੋਹਤਿ ਦੀ ਮਾਂ ਰਾਹੁਲ ਗਾਂਧੀ ਨੂੰ ਮਿਲ ਰਹੀ ਸੀ ਜੋਕਿ ਉਹਨਾਂ ਨੂੰ ਮਿਲਣ ਆਏ ਸਨ ਅਤੇ ਮੋਦੀ ਦਾ ਟਵੀਟ His public rallies,the pace of infrastructure building in the Northeast and the dynamism of Isro scientists ਸੀ।
20 ਜਨਵਰੀ ਨੂੰ ਮੋਦੀ ਜ਼ੀ ਨੈੱਟਵਰਕ ਦੇ ਮੁੱਖੀ ਸੁਭਾਸ਼ ਚੰਦਰਾ ਦੀ ਜੀਵਨੀ In Z factor ਕਿਤਾਬ ਨੂੰ ਦਿੱਲੀ ਲੋਕ ਅਰਪਣ ਕਰ ਰਹੇ ਸਨ।ਉਸ ਸਮੇਂ ਦੀ HRD ਮੰਤਰੀ ਸਿਮ੍ਰਤੀ ਇਰਾਨੀ ਰੋਹਿਤ ਨੂੰ ਲੈਕੇ ਇਤਰਾਜ਼ ਭਰੇ ਬਿਆਨ ਦੇ ਰਹੀ ਸੀ ਅਤੇ ਮੋਦੀ ਦਾ ਟਵੀਟ The terror attack on the Bacha Khan University in Pakistan, reveals touching New Year greetings in Gujarati from Mamata Banerjee ਸੀ।
21 ਜਨਵਰੀ ਨੂੰ ਪ੍ਰਧਾਨਮੰਤਰੀ ਨਵੀਂ ਦਿੱਲੀ ‘ਚ ਰਾਜਸਥਾਨ ਦੇ ਕਿਸੇ ਰਿਸਰਚ ਸਕਾਲਰ ਦੀ ਪੇਸ਼ਕਸ਼ ‘ਸ਼੍ਰੀ ਦੁਰਗਾ ਸਪਤਸ਼ਟੀ’ ਰਲੀਜ਼ ਕਰ ਰਹੇ ਸਨ।ਰੋਹਿਤ ਦੀ ਮਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੋ ਰਹੀ ਸੀ।ਇਸ ਦਿਨ ਮੋਦੀ ਜੀ ਨੇ ਕੋਈ ਟਵੀਟ ਨਹੀਂ ਕੀਤਾ।
ਅਖੀਰ 22 ਜਨਵਰੀ ਨੂੰ ਉਹ ਘੜੀ ਆਈ ਜਦੋਂ ਪ੍ਰਧਾਨਮੰਤਰੀ ਜੀ ਨੇ ਰੋਹਿਤ ਨੂੰ ਮਾਂ ਭਾਰਤੀ ਕਹਿ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਟੇਜ ‘ਤੇ ਭਾਵੁਕ ਹੋ ਗਏ।ਇਸ ਦਿਨ ਉਹ ਲਖਨਊ ‘ਚ ਬਾਬਾ ਸਾਹੇਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ ‘ਚ ਸੰਬੋਧਿਤ ਹੋ ਰਹੇ ਸਨ।
ਖੈਰ ਮੇਰੇ ਲਿਖੇ ਦਾ ਮਤਲਬ ਜੋ ਵੀ ਕੱਢੋ ਪਰ ਇਤਿਹਾਸ ਦੀ ਜੁਗਾਲੀ ਕਰਨ ਵਾਲੇ ਅਸ਼ੋਕ ਦੇ ਇਸ ਸੰਕਲਪ ‘ਤੇ ਕੰਮ ਨਹੀਂ ਕਰ ਸਕਦੇ ਇਹ ਫਿਲਹਾਲ ਤਾਂ ਤੈਅ ਹੈ ਅਤੇ ਮੇਰੀ ਉਮੀਦ ਹੈ ਕਿ ਇੱਕ ਦਿਨ ਅਸੀ ਸਮਝ ਜਾਈਏ ਕਿ ਬਾਰੂਦਾਂ,ਫੌਜ ਅਤੇ ਸਰਹੱਦਾਂ ਦੇ ਸਿਰ ‘ਤੇ ਨਾ ਤਾਂ ਅੰਦਰੂਨੀ ਸ਼ਾਂਤੀ ਆਵੇਗੀ ਨਾ ਬਾਹਰੀ,ਇੰਝ ਸੱਭਿਅਤਾਵਾਂ ਬਰਬਾਦ ਹੀ ਹੁੰਦੀਆਂ ਹਨ,ਅਬਾਦ ਕਦੀ ਨਹੀਂ ਹੁੰਦੀਆਂ।

23modi

~ ਹਰਪ੍ਰੀਤ ਸਿੰਘ ਕਾਹਲੋਂ

Advertisements

About Albeli Parwaz

ਖੁਦ ਦੇ ਬਾਰੇ ਬੋਲੀਏ ਤਾਂ ਮੀਆਂ ਮਿੱਠੂ ਹੋ ਜਾਈਦਾ ਏ। ਸੰਖੇਪ 'ਚ ਸਿਨੇਮਾ ਅਤੇ ਸਮਾਜ ਨੂੰ ਵੇਖਣ ਦੀ ਕੌਸ਼ਿਸ਼ ਰਹਿੰਦੀ ਹੈ ਪਰ ਇਹ ਦਾਅਵਾ ਨਹੀਂ ਕਿ ਮੈਂ ਕੋਈ ਵੱਖਰੀ ਗੱਲ ਕਰਨ ਦੀ ਕੌਸ਼ਿਸ਼ ਕਰਦਾ ਹਾਂ...ਬੱਸ ਆਪ ਹੀ ਤੋਂ ਸੁਣਕੇ ਆਪ ਨੂੰ ਸੁਣਾ ਦਿੱਤਾ।ਜ਼ਿੰਦਗੀ ਨੂੰ ਹਰ ਕਲਾ ਨੇ ਤਰਾਸ਼ਨ ਦੀ ਕੌਸ਼ਿਸ਼ ਕੀਤੀ ਹੈ ਤੇ ਇੰਝ ਹੋਣਾ ਵੀ ਚਾਹੀਦਾ ਹੈ।ਸਭ ਤੋਂ ਵੱਡਾ ਸਕੰਲਪ ਹੈ ਮਨੁੱਖਤਾ,ਕੁਦਰਤ ਪਰ ਅਜਿਹੇ ਸੰਕਲਪ ਅਸੀ ਬਹੁਤ ਪਿੱਛੇ ਕਿਤੇ ਛੱਡ ਆਏ ਹਾਂ।ਤਲਾਸ਼ ਜਾਰੀ ਹੈ,ਪਰਵਾਜ਼ ਜਾਰੀ ਹੈ ਤੇ ਇਸ ਅਲਬੇਲੀ ਪਰਵਾਜ਼ ਨਾਲ ਕੁਝ ਤਰਾਸ਼ ਹੋਵੇ ਤਾਂ ਜ਼ਿੰਦਗੀ ਜ਼ਿੰਦਗੀ ਹੈ।ਸੋ ਨਕਸ਼ ਦੀ ਤਰਾਸ਼ ਤਾਂ ਹੀ ਸਾਰਥਕ ਹੈ ਜੇ ਜਜ਼ਬਾਤ ਦੀ ਪਰਵਾਜ਼ ਨੂੰ ਸਮਝਿਆ ਜਾਵੇ Email : harpreetsingh.media@gmail.com Contact : +91 97798-88335
This entry was posted in History, Politics and tagged , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s