ਚਿੱਟੇ ਲਹੂ ਦਾ ਬੂਮ ਚਿਕ ਬੂਮ ਬੂਮ

Chitta Lahu Stillਬੂਮ ਚਿਕ ਬੂਮ ਬੂਮ
ਅੰਬਰਸਰ ਉੱਡਦਾ
ਜਲੰਧਰ ਵੀ ਉੱਡਦਾ
ਉੱਡਦਾ ਲੁਧਿਆਣਾ ਮੋਗਾ
ਹੁਣ ਕੀ ਸੋਚੇ ਕੀ ਹੋਗਾ
ਬਾਪੂ ਉੱਡਦਾ
ਲੌਂਡਾ (ਮੁੰਡਾ) ਉੱਡਦਾ
ਉੱਡਦੇ ਚਾਚੇ ਮਾਮੇ
ਰੁਸਤਮ ਉੱਡਦੇ ਦਾਰੇ ਉੱਡਦੇ
ਉੱਡਦੇ ਪਹਿਲਵਾਨ ਗਾਮੇ
ਇਹ ਰੈਪ ਗਾਉਂਦਾ ਕਿਰਦਾਰ ਫਿਲਮ ਉੱਡਤਾ ਪੰਜਾਬ ਦਾ ਹੈ।ਇਸ ਸਾਲ ਪੰਜਾਬ ਦੀ ਆਣ ਬਾਣ ਸ਼ਾਨ ‘ਚ ਖੜ੍ਹੇ ਹੋਣ ਵਾਲਿਆਂ ਨੇ ਰੱਝਕੇ ਪ੍ਰਚਾਰ ਕੀਤਾ ਸੀ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ।
ਇਸ ਦੌਰ ਦਾ ਵੱਡਾ ਗੁਆਂਢਪੁਣਾ ਸ਼ੋਸ਼ਲ ਸਾਈਟਾਂ ‘ਤੇ ਹੈ ਅਤੇ ਇੱਥੇ ਸਟੋਪ ਡੀਫੇਮਿੰਗ ਪੰਜਾਬ ਮੁਹਿੰਮ ਤੱਕ ਸ਼ੁਰੂ ਹੋ ਗਈ ਸੀ।ਪਰ ਚਿੰਤਾ ‘ਚ ਡੁੱਬਿਆ ਪੰਜਾਬ ਜਾਣਦਾ ਹੈ ਕਿ ਸ਼ਤੁਰਮੁਰਗ ਦੀ ਤਰ੍ਹਾਂ ਮਿੱਟੀ ‘ਚ ਸਿਰ ਵਾੜ,ਸਿਰ ‘ਤੇ ਆਈ ਬਿਪਤਾ ਨੂੰ ਅਣਗੋਲਿਆ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹੈ।
ਨਸ਼ੇ ਕਰਨ ਨੂੰ ਲੈਕੇ ਜਿੰਨੇ ਮੂੰਹ ਉਨੀਆਂ ਗੱਲਾਂ ਹਨ।ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਗੱਲਾਂ ‘ਚੋਂ ਕੋਈ ਵੀ ਗੱਲ ਬੇਤੁੱਕੀ ਨਹੀਂ ਹੈ।ਚਿੰਤਾ,ਬੇਰੁਜ਼ਗਾਰੀ,ਮੁਹੱਬਤ ‘ਚ ਨਾਕਾਮੀ ਜੇ ਇੱਕ ਪਾਸੇ ਕਾਰਨ ਹਨ ਪਰ ਦੂਜੇ ਪਾਸੇ ਇਸੇ ਨਸ਼ੇ ਨੂੰ ਸਰੂਰ,ਆਨੰਦ,ਗਲੈਮਰ,ਸਮੱਰਥਾ ਵਧਾਉਣ ਦੇ ਬਦਲ ਵਜੋਂ ਵੀ ਅਧਾਰ ਬਣਾ ਲਿਆ ਗਿਆ।ਪੰਜਾਬ ਦੀ ਮਾਣ ਕੱਬਡੀ ਦੇ ਕਿੰਨੇ ਹੀ ਖਿਡਾਰੀਆਂ ਦੀ ਵਿੱਥਿਆ ਹੈ ਕਿ ਕਿੰਝ ਉਹ ਆਪਣੀ ਤਾਕਤ ਵਧਾਉਂਦੇ ਵਧਾਉਂਦੇ ਆਪਣਾ ਆਪ ਗਵਾ ਬੈਠੇ।
ਅਜਿਹੇ ਹਾਲ ਹਵਾਲ ‘ਚ ਚੰਗੇ ਗੀਤਕਾਰਾਂ ਅਤੇ ਗਾਇਕਾਂ ਦੀ ਜੁਗਲਬੰਦੀ ਦੀ ਵਡਿਆਈ ਕਰਨੀ ਤਾਂ ਬਣਦੀ ਹੈ।ਰਾਜ ਰਣਜੋਧ ਦਾ ਗੀਤ ਚਿੱਟਾ ਲਹੂ ਇਸੇ ਤਰ੍ਹਾਂ ਦਾ ਗੀਤ ਹੈ।ਇਹ ਹਿਲਾਉਂਦਾ ਹੈ,ਰਵਾਉਂਦਾ ਹੈ ਅਤੇ ਉਹਨਾਂ ਪਰਿਵਾਰਾਂ ਦੇ ਦੁਖੜੇ ਨਾਲ ਸਾਨੂੰ ਸ਼ਰੀਕ ਵੀ ਕਰਦਾ ਹੈ ਤੇ ਗੱਲ ਤੋਰਨ ਨੂੰ ਵੀ ਕਹਿੰਦਾ ਹੈ।ਪਿਛਲੇ ਦਿਨਾਂ ‘ਚ ਰੰਮੀ ਰੰਧਾਵਾ,ਪ੍ਰਿੰਸ ਰੰਧਾਵਾ ਦਾ ਗੀਤ ‘ਓ ਜੱਟ’ ਗੀਤ,ਹਰਮਨ ਦਾ ਲਿਖਿਆ,ਗੁਰਸ਼ਬਦ ਅਤੇ ਅਹਿਨ ਦਾ ਗਾਇਆ ਗੀਤ ‘ਜੁਗਨੀ ਚੋਰੀ ਦੀ’ ਬਾਕਮਾਲ ਗੀਤ ਸਨ।
ਜਦੋਂ ਕਿਸੇ ਬਹਾਨੇ ਹੋਰ ਬਹੁਤ ਅਹਿਮ ਮੌਜ਼ੂ ਛਿੜ ਪੈਣ ਇਹ ਬਹੁਤ ਵਾਜਬ ਨੁਕਤਾ ਹੁੰਦਾ ਹੈ।ਰਾਜ ਰਣਜੋਧ ਦੇ ਗੀਤ ‘ਚਿੱਟਾ ਲਹੂ’ ਦਾ ਬਿਆਨ ਆਪਣੇ ਆਪ ‘ਚ ਪੂਰੀ ਜ਼ਿੰਦਗੀ ਦਾ ਬਿਆਨ ਹੈ।ਉਸ ਜ਼ਿੰਦਗੀ ਦਾ ਜੋ ਨਸ਼ੇ ਕਰਦੀ ਜਵਾਨੀ ਬਚਪਨ ‘ਚ ਆਪਣੇ ਮਾਪਿਆਂ ਵੱਲੋਂ ਕੀਤੀ ਸਾਂਭ ਸੰਭਾਲ ਦੀ ਤਰਾਸ਼ ਮਹਿਸੂਸ ਨਹੀਂ ਕਰ ਸਕਦੀ।ਜੇ ਅਜਿਹਾ ਹੁੰਦਾ ਤਾਂ ਉਹ ਆਪਣੇ ਰਿਸ਼ਤਿਆਂ ਨੂੰ ਤਾਰ ਤਾਰ ਨਾ ਕਰਦੇ।
ਇਹ ਸਿਰਫ ਵਿਅਕਤੀਗਤ ਮਸਲਾ ਨਹੀਂ ਹੈ।ਨਸ਼ੇ ਦੇ ਉਜੜਿਆਂ ਨੇ ਆਪਣੇ ਮਾਪਿਆਂ ਨੂੰ ਵੀ ਨਹੀਂ ਬਖਸ਼ਿਆ।ਨਸ਼ੇ ‘ਚ ਗਲਤਾਨ ਮੁੰਡਿਆ ਦੀ ਵਿਥਿਆ ਤਾਂ ਵਿਥਿਆ ਹੈ ਹੀ ਪਰ ਉਹਨਾਂ ਜਨਾਨੀਆਂ ਦਾ ਕੀ ਕਸੂਰ ਜਿਹੜੀਆਂ ਇਹਨਾਂ ਨਾਲ ਵਿਆਹੀਆਂ ਹਨ।ਉਹਨਾਂ ਮਾਵਾਂ-ਭੈਣਾਂ ਦਾ ਕੀ ਕਸੂਰ ਜਿਹੜੀਆਂ ਪਰਿਵਾਰ ਦੇ ਨਿਤ ਕਲੇਸ਼ ‘ਚ ਖੱਜਲ ਖੁਆਰ ਹੁੰਦੀਆਂ ਹਨ।ਇਹ ਜਤਿੰਦਰ ਮੌਹਰ ਦੀ ਫਿਲਮ ਕਿੱਸਾ ਪੰਜਾਬ ਦੀਆਂ ਉਹਨਾਂ ਕੁੜੀਆਂ ਵਰਗੀਆਂ ਹਨ ਜੋ ਪੰਜਾਬ ਦੇ ਰਾਹਵਾਂ ‘ਚ,ਬੱਸ ਅੱਡਿਆ ‘ਤੇ ਉਡੀਕ ‘ਚ ਇਕੱਲੀਆਂ ਪੈ ਗਈਆਂ।ਫਿਲਮ ਦੇ ਬੰਦੇ ਕਿਰਦਾਰਾਂ ਦੀ ਹੋਣੀ ਤਾਂ ਇਹੋ ਸੀ ਪਰ ਉਹਨਾਂ ਦੀ ਹੋਣੀ ਦਾ ਅਸਰ ਉਹਨਾਂ ਕੁੜੀਆਂ ਨੂੰ ਵੀ ਭੁਗਤਨਾ ਪਿਆ।
ਜਦੋਂ ਪੰਜਾਬ ਅੰਦਰ ਗੀਤ ਅਤੇ ਗੀਤਕਾਰੀ ਗੁਣਵਤਾ ਨੂੰ ਲੈਕੇ ਜੂਝ ਰਹੀ ਹੈ।ਜਦੋਂ ਸਿੰਗਲ ਟ੍ਰੈਕ ਦੇ ਇਸ ਦੌਰ ਅੰਦਰ ਸੋਸ਼ਲ ਸਾਈਟਾਂ ਨੇ ਗਾਉਣ ਵਾਲਿਆਂ ਦੀ ਪਹੁੰਚ ਨੂੰ ਸੋਖਾਲਾ ਬਣਾ ਦਿੱਤਾ ਹੈ।ਇਸ ਵਰਤਾਰੇ ‘ਚ ਬਹੁਤ ਸਾਰੇ ਗਾਇਕ ਮਾਮੂਲੀ ਸਾਧਨਾ ਤੋਂ ਹੀ ਸਰੋਤਿਆਂ ਦੇ ਸਾਂਹਵੇ ਪੇਸ਼ ਹੋ ਜਾਂਦੇ ਹਨ।ਸੋਸ਼ਲ ਸਾਈਟਾਂ ਨੇ ਬਕਾਇਆ ਅਜਿਹੇ ਮਹਿਕਮੇ ਹੋਂਦ ‘ਚ ਲਿਆ ਛੱਡੇ ਹਨ ਜੋ ਇਹਨਾਂ ਗਾਇਕਾਂ ਨੂੰ ਯੂ ਟਿਊਬ ਅਤੇ ਫੇਸਬੁੱਕ ‘ਤੇ ਗਿਣਤੀ ਵਧਾਉਣ ਦੇ ਬਦਲੇ ਪੈਸੇ ਲੈਂਦੇ ਹਨ।ਅੰਕੜਿਆਂ ਦੀ ਖੇਡ ‘ਚ ਗੁਣਵਤਾ ਜੂਝ ਰਹੀ ਹੈ ਅਤੇ ਇਸੇ ਨਾਲ ਲੱਚਰਤਾ ਵੱਖਰੀ ਫੈਲ ਰਹੀ ਹੈ।
ਲੱਚਰਤਾ ਤਾਂ ਹੈ ਹੀ ਪਰ ਗਾਇਕੀ ਦੇ ਇਸੇ ਰੁਝਾਣ ‘ਚ ਕੁਝ ਫਿਤੂਰ ਅਜਿਹੇ ਵੀ ਆ ਗਏ ਹਨ ਕਿ ਉਹਨਾਂ ਅਜਿਹੇ ਸੱਜਣਾ ਨੂੰ ਜਨਮ ਦਿੱਤਾ ਹੈ ਜੋ ਗਾਇਕ ਬਿਲਕੁਲ ਨਹੀਂ ਹਨ ਪਰ ਉਹ ਆਮ ਬੰਦੇ ਇੰਨ੍ਹਾ ਸਟਾਰਾਂ ਵਾਂਗੂ ਸੋਸ਼ਲ ਸਾਈਟਾਂ ‘ਤੇ ਗੱਲ ਕਰਦੇ ਹਨ।ਇਹਨਾਂ ਦਾ ਪ੍ਰਸ਼ੰਸ਼ਕ ਵਰਗ ਵੀ ਖੜ੍ਹਾ ਹੋ ਗਿਆ ਹੈ।ਅਜਿਹਾ ਬਹੁਤ ਕੁਝ ਅਵਾ ਤਵਾ ਵਿਅਰਥ ਟ੍ਰੋਲ ਸਾਈਟਾਂ ‘ਤੇ ਘੁੰਮ ਰਿਹਾ ਹੈ ਅਤੇ ਅਸੀ ਇਸ ਬੌਧਿਕ ਕੰਗਾਲੀ ਦੇ ਦੌਰ ਅੰਦਰ ਹੋ ਹਾ ਹੋ ਹਾ ਕਰ ਰਹੇ ਹਾਂ।
ਪੰਜਾਬ ਦੀ ਗਾਇਕੀ ਨੇ ਜਿਸ ਨਾਅਰੇ ਨੂੰ ਜਨਮ ਦਿੱਤਾ ਹੈ ਉਸ ‘ਚ ਮਸ਼ੀਨ,ਨਸ਼ਾ,ਕੁੜੀ ਦੇ ਸਰੀਰਕ ਅੰਗਾਂ ਦਾ ਰੱਝਕੇ ਵਖਿਆਨ ਹੋਇਆ ਹੈ।ਇਸੇ ‘ਚੋਂ ਪੈਦਾ ਹੋਈ ਸ਼ਬਦਾਵਲੀ ਸਾਡੇ ਆਮ ਰੁਝਾਨ ‘ਚ ਤੈਰ ਰਹੀ ਹੈ ਅਤੇ ਸਾਨੂੰ ਅਣਭੋਲ ਰੂਪ ‘ਚ ਇਹਦਾ ਅਹਿਸਾਸ ਤੱਕ ਨਹੀਂ ਹੈ।
ਪੰਜਾਬ ਦੀਆਂ ਗੱਡੀਆਂ ‘ਤੇ ਲੱਗੇ ਇਸ਼ਤਿਹਾਰੀ ਸਟੀਕਰ ਇਹਦੀ ਗਵਾਹੀ ਹਨ।ਜੱਟ ਮਹਿਕਮਾ,ਗੱਭਰੂ ਸ਼ੌਕੀਨ,ਜੱਟ ਖਾੜਕੂ,ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਜੇ ਸਟੀਕਰ ਹਨ ਤਾਂ ਅੱਤ,ਗਾਡਰ,ਪੁਰਜਾ ਗੱਲਬਾਤਾਂ ‘ਚ ਸ਼ਾਮਲ ਹੋ ਗਏ ਹਨ।2016 ‘ਚ ਗਰਿੰਦਰ ਸਿੱਧੂ ਨਿਰਦੇਸ਼ਤ 8 ਮਿਨਟ ਦੀ ਫੋਕ-ਏ-ਸਿੰਗਰ ਫਿਲਮ ਗਾਇਕੀ ਦੇ ਇਸੇ ਦਿਵਾਲੀਏਪਣ ਨੂੰ ਬਿਆਨ ਕਰਦੀ ਸੀ।ਖੈਰ ਕਲਾ ਦੇ ਅੰਦਰ ਨਸ਼ੇ ਦਾ ਮਹਿਮਾਮੰਡਣ ਅਤੇ ਖੰਡਣ ਤੋਂ ਪਾਰ ਪੰਜਾਬ ਦੀ ਜ਼ਮੀਨੀ ਸੱਚਾਈ ਤਾਂ ਹੋਰ ਵੀ ਖਤਰਨਾਕ ਹੈ।
ਜੂਨ ਮਹੀਨੇ ਦੀ ਅੰਤਾਂ ਦੀ ਗਰਮੀ ‘ਚ 2014 ‘ਚ ਪਿੰਡ ਬਿਲਾਸਪੁਰ ਮੋਗਾ ਦੀਆਂ ਜਨਾਨੀਆਂ ਵਿਚਾਰੀਆਂ ਏਨੀਆਂ ਤੰਗ ਆ ਗਈਆਂ ਸਨ ਕਿ 150 ਜਨਾਨੀਆਂ ਨੇ ਮਿਲਕੇ ਰਾਤ ਨੂੰ ਡਾਗਾਂ ਫੜ੍ਹ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ।ਇਸੇ ਸਾਲ ਹਾਲ ਦੇ ਮਹੀਨਿਆਂ ‘ਚ ਪਿੰਡ ਦੇ ਲੋਕਾਂ ਨੇ ਅੱਕ ਕੇ ਨਸ਼ੇ ਵੇਚਣ ਵਾਲੇ ਮੁੰਡੇ ਨੂੰ ਹੀ ਵੱਡ ਦਿੱਤਾ ਸੀ।ਬੇਸ਼ੱਕ ਕਿਸੇ ਵੀ ਸਮਾਜ ‘ਚ ਇੰਝ ਅੰਨ੍ਹੇਵਾਹ ਫੈਸਲੇ ਕਰਨਾ ਖਤਰਨਾਕ ਹੁੰਦਾ ਹੈ।ਜਿਵੇਂ ਕਿ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਅੱਖ ਦੇ ਬਦਲੇ ਅੱਖ ਲਓਗੇ ਤਾਂ ਇੱਕ ਦਿਨ ਸਾਰਾ ਸਮਾਜ ਅੰਨ੍ਹਾ ਹੋ ਜਾਵੇਗਾ।ਪਰ ਸਮਾਜ ਅੰਦਰਦੀ ਇਹ ਲਚਾਰੀ ਅਤੇ ਹਿੰਸਾ ਇਸ ਦੌਰ ਦੀ ਵੱਡੀ ਚਿੰਤਾ ਹੋ ਜਾਣੀ ਚਾਹੀਦੀ ਹੈ।ਅਜਿਹੀ ਭੀੜ ਦੇ ਅੰਜਾਮ ਬਹੁਤ ਖਤਰਨਾਕ ਹਨ ਅਤੇ ਇਸ ਲਈ ਸਮਾਜ,ਨਿਜ਼ਾਮ ਨੂੰ ਸੁਹਿਰਦ ਢੰਗ ਨਾਲ ਸੋਚਣ ਦੀ ਲੋੜ ਹੈ ਕਿਉਂ ਕਿ ਇਹਦੀਆਂ ਪਰਤਾਂ ਕਈ ਦਾਇਰਿਆਂ ‘ਚ ਫੈਲੀਆਂ ਹੋਈਆਂ ਹਨ।
ਮੈਂ ਉਸ ਦਲੀਲ ਨੂੰ ਬਚਕਾਣੀ ਕਹਾਂਗਾ ਜੋ ਕਹਿੰਦੇ ਹਨ ਕਿ ਪੰਜਾਬ ਤੋਂ ਬਾਹਰ ਵੀ ਤਾਂ ਨਸ਼ਾ ਹੈ।ਅਜਿਹੀ ਵਿੱਥਿਆ ਨਾਲ ਮੇਰੀ ਸਹਿਮਤੀ ਹੈ ਕਿ ਸੱਚਾਈ ਤਾਂ ਇਹੋ ਹੈ ਕਿ ਨਸ਼ਾ ਹਰ ਥਾਂ ਹੈ ਪਰ ਕੀ ਇੰਝ ਕਰਨ ਨਾਲ ਸਾਡੀ ਪੰਜਾਬ ਨੂੰ ਲੈਕੇ ਚਿੰਤਾ ਘੱਟ ਜਾਂਦੀ ਹੈ ? ਨਸ਼ੇ ਦੀਆਂ ਕਹਾਣੀਆਂ ਤਾਂ ਇਤਿਹਾਸ ‘ਚ ਫੈਲੀਆਂ ਹਨ।ਮੁਗਲ ਬਾਦਸ਼ਾਹ ਅਕਬਰ ਦੇ ਮੁੰਡੇ ਮੁਰਾਦ ਅਤੇ ਦਾਨਿਆਲ ਮਿਰਜ਼ਾ ਵੀ ਆਪਣੀ ਸ਼ਰਾਬ ਦੀ ਆਦਤ ਤੋਂ ਮਜਬੂਰ ਮਰ ਗਏ ਸਨ।ਤਾਂ ਕੀ ਨਸ਼ੇ ਦੇ ਉਜਾੜੇ ਦੀ ਕਹਾਣੀਆਂ ਨੂੰ ਹੋਣੀ ਦਾ ਪ੍ਰਕੋਪ ਮੰਨਕੇ ਅਸੀ ਅੱਖਾਂ ਮੀਟ ਲਈਏ ?
ਰਾਜ ਰਣਜੋਧ ਦੇ ਇਸ ਗੀਤ ਨੂੰ ਲੈਕੇ ਉਹਦੀ ਲੇਖਣੀ ਅਤੇ ਗਾਇਕੀ ਨੂੰ ਸ਼ਬਾਸ਼ੀ ਦੇਣੀ ਬਣਦੀ ਹੈ।ਇਸ ਗੀਤ ਦਾ ਫਿਲਮਾਂਕਣ ਕਰਨ ਵਾਲੇ ਸਟਾਲਿਨਵੀਰ ਦੀ ਤਾਰੀਫ ਵੀ ਬਣਦੀ ਹੈ।ਕਲਾ ਦੇ ਅਜਿਹੇ ਪਹਿਲੂ ਸਾਨੂੰ ਠਕੋਰਦੇ ਹਨ ਅਤੇ ਇਸ ਬਹਾਨੇ ਅਸੀ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਦੇ ਵੇਗ ਵਾਲੀ ਕੈਪਟਨ ਸਰਕਾਰ ਨੂੰ ਸਵਾਲ ਕਰ ਸਕਦੇ ਹਾਂ ਕਿ ਨਸ਼ਿਆਂ ਨੂੰ ਲੈਕੇ ਉਹਨਾਂ ਵੱਲੋਂ ਚੁੱਕੇ ਕਦਮਾਂ ਦੇ ਕੀ ਨਤੀਜੇ ਹਨ ? ਪੰਜਾਬ ਦੀ ਆਬਕਾਰੀ ਨੀਤੀ ਬਾਰੇ ਵੀ ਸੁਹਿਰਦ ਹੋ ਸੋਚਣ ਦੀ ਲੋੜ ਹੈ।ਜੇ ਇਸੇ ਦੇਸ਼ ਦਾ ਸੂਬਾ ਕੇਰਲ ਸ਼ਰਾਬ ‘ਤੇ ਕਾਬੂ ਪਾ ਸਕਦਾ ਹੈ ਤਾਂ ਅਸੀ ਵੀ ਸ਼ਰਾਬ ਦੀ ਖ਼ਪਤ ਨੂੰ ਕਾਬੂ ਕਰ ਸਕਦੇ ਹਾਂ।ਰਾਜ ਰਣਜੋਧ ਦੇ ਬਹਾਨੇ ਇੱਕ ਵਾਰ ਫੇਰ ਅਭਿਸ਼ੇਕ ਚੌਬੇ ਦੀ ਫਿਲਮ ‘ਉੱਡਤਾ ਪੰਜਾਬ’ ਯਾਦ ਆ ਗਈ।ਇਸੇ ਫਿਲਮ ਦਾ ਗੀਤਕਾਰ ਸ਼ੈਲੀ ਦਾ ਲਿਖਿਆ ਗੀਤ ਹੈ ਜੋ ਪੰਜਾਬ ਨੂੰ ਪੰਜਾਬੀ ਹੋਣ ਨਾਤੇ ਆਪਣੇ ਫਲਸਫੇ ਨੂੰ ਯਾਦ ਕਰਨ ਨੂੰ ਕਹਿ ਰਿਹਾ ਹੈ।
ਪੰਜ ਦਰਿਆਵਾਂ ਦੇ ਪੈਦਾ – ਸੁਣ ਬੰਦਿਆ ਵੇ
ਇਸ ਮਿੱਟੀ ਦੇ ਬਕਾਇਦਾ – ਸੁਣ ਬੰਦਿਆ ਵੇ
ਲੈ ਤੂੰ ਨਾ ਹੋਵੇ ਅਲਾਹਿਦਾ – ਸੁਣ ਬੰਦਿਆ ਵੇ
ਇਹਨੂੰ ਯਾਦ ਰੱਖਦੇ ਰਾਜ ਰਣਜੋਧ ਦੇ ਇਸ ਗੀਤ ਨੂੰ ਸੁਣੋ ਅਤੇ ਨਸ਼ੇ ਨਾਲ ਉੱਜੜੇ ਪਰਿਵਾਰਾਂ ਦਾ ਦਰਦ ਵੰਡਾਉਣ ਦੀ ਮੁਹਿੰਮ ‘ਚ ਨਸ਼ੇ ਖਿਲਾਫ ਅਵਾਜ਼ ਬਣੋ ਦੋਸਤੋ…

~ ਹਰਪ੍ਰੀਤ ਸਿੰਘ ਕਾਹਲੋਂ

 

 

Advertisements

About Albeli Parwaz

ਖੁਦ ਦੇ ਬਾਰੇ ਬੋਲੀਏ ਤਾਂ ਮੀਆਂ ਮਿੱਠੂ ਹੋ ਜਾਈਦਾ ਏ। ਸੰਖੇਪ 'ਚ ਸਿਨੇਮਾ ਅਤੇ ਸਮਾਜ ਨੂੰ ਵੇਖਣ ਦੀ ਕੌਸ਼ਿਸ਼ ਰਹਿੰਦੀ ਹੈ ਪਰ ਇਹ ਦਾਅਵਾ ਨਹੀਂ ਕਿ ਮੈਂ ਕੋਈ ਵੱਖਰੀ ਗੱਲ ਕਰਨ ਦੀ ਕੌਸ਼ਿਸ਼ ਕਰਦਾ ਹਾਂ...ਬੱਸ ਆਪ ਹੀ ਤੋਂ ਸੁਣਕੇ ਆਪ ਨੂੰ ਸੁਣਾ ਦਿੱਤਾ।ਜ਼ਿੰਦਗੀ ਨੂੰ ਹਰ ਕਲਾ ਨੇ ਤਰਾਸ਼ਨ ਦੀ ਕੌਸ਼ਿਸ਼ ਕੀਤੀ ਹੈ ਤੇ ਇੰਝ ਹੋਣਾ ਵੀ ਚਾਹੀਦਾ ਹੈ।ਸਭ ਤੋਂ ਵੱਡਾ ਸਕੰਲਪ ਹੈ ਮਨੁੱਖਤਾ,ਕੁਦਰਤ ਪਰ ਅਜਿਹੇ ਸੰਕਲਪ ਅਸੀ ਬਹੁਤ ਪਿੱਛੇ ਕਿਤੇ ਛੱਡ ਆਏ ਹਾਂ।ਤਲਾਸ਼ ਜਾਰੀ ਹੈ,ਪਰਵਾਜ਼ ਜਾਰੀ ਹੈ ਤੇ ਇਸ ਅਲਬੇਲੀ ਪਰਵਾਜ਼ ਨਾਲ ਕੁਝ ਤਰਾਸ਼ ਹੋਵੇ ਤਾਂ ਜ਼ਿੰਦਗੀ ਜ਼ਿੰਦਗੀ ਹੈ।ਸੋ ਨਕਸ਼ ਦੀ ਤਰਾਸ਼ ਤਾਂ ਹੀ ਸਾਰਥਕ ਹੈ ਜੇ ਜਜ਼ਬਾਤ ਦੀ ਪਰਵਾਜ਼ ਨੂੰ ਸਮਝਿਆ ਜਾਵੇ Email : harpreetsingh.media@gmail.com Contact : +91 97798-88335
This entry was posted in Music, Society and tagged , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s