ਯੇ ਵੋਹ ਸਹਿਰ ਤੋ ਨਹੀਂ

Ye woh sehar to nahi

ਜੋ ਅਵਾਜ਼ਾਂ ਬਾਗੀ ਹੋਈਆਂ ਉਹਨਾਂ ਨੂੰ ਲੈਕੇ ਕਦੀ ਮੰਥਨ ਕੀਤਾ ਹੀ ਨਹੀਂ ਗਿਆ।
ਪੰਡਿਤ ਜਵਾਹਰ ਲਾਲ ਨਹਿਰੂ ਦੀ ਇਹ ਦਿਲੀ ਭਾਵਨਾ ਸੀ ਕਿ ਉਹ ਪੂਰੇ ਦੇਸ਼ ਨੂੰ ਇੱਕ ਧਾਰਾ ‘ਚ ਰੱਖਣਾ ਚਾਹੁੰਦੇ ਸਨ।ਇਸੇ ਭਾਵਨਾ ਤਹਿਤ ਉਹਨਾਂ ਕਿਸ਼ਨ ਲਾਲ ਕੱਨ੍ਹਈਆ ਅਤੇ ਸਰਦਾਰ ਪਟੇਲ ਦੇ ਪੱਖ ਨੂੰ ਲੈਕੇ ਅਸਹਿਮਤੀ ਦਰਜ ਕਰਾਈ ਸੀ ਜਦੋਂ ਉਹਨਾਂ ਸੋਮਨਾਥ ਦਾ ਮੰਦਰ ਬਣਵਾਇਆ ਸੀ।ਕਿਉਂ ਕਿ ਪੰਡਿਤ ਨਹਿਰੂ ਦਾ ਨਜ਼ਰੀਆ ਸੀ ਕਿ ਇਹ ਸੰਵਿਧਾਨ ਦੀ ਧਰਮ ਨਿਰਪੱਖ ਭਾਵਨਾ ਦੇ ਮੁਤਾਬਕ ਨਹੀਂ ਹੈ।ਅਜਿਹੇ ਬਹੁਤ ਸਾਰੇ ਸੰਦਰਭਾਂ ‘ਚ ਪੰਡਿਤ ਨਹਿਰੂ ਭਾਰਤ ਪ੍ਰਤੀ ਸੁਹਿਰਦ ਸੋਚ ਰੱਖਦੇ ਸਨ।
ਪਰ ਖੇਤਰੀ ਵੰਨਗੀ,ਬੋਲੀ,ਸੱਭਿਆਚਾਰ ਨੂੰ ਲੈਕੇ ਜਿਸ ਖੂਬਸੂਰਤੀ ਨੂੰ ਸਮਝਣਾ ਚਾਹੀਦਾ ਸੀ ਉਸ ਬਾਰੇ ਵੀ ਪੰਡਿਤ ਨਹਿਰੂ ਇੱਕੋ ਨਜ਼ਰੀਏ ਨਾਲ ਵੇਖਣਾ ਚਾਹੁੰਦੇ ਸੀ।ਅਜਿਹੇ ‘ਚ ਇੱਕ ਧਾਰਾ ਕਦੀ ਵੀ ਇੱਕ ਨਿਯਮ ਤੈਅ ਕਰਨ ਨਾਲ ਨਹੀਂ ਆ ਸਕਦੀ।ਇਹੋ ਕਾਰਨ ਹੈ ਕਿ ਸਮੇਂ ਸਮੇਂ ਸਿਰ ਬਹੁਤ ਕੁਝ ਸਾਡੇ ਸਾਹਮਣੇ ਅਜਿਹਾ ਵਾਪਰਦਾ ਹੈ ਜੋ ਭਾਰਤ ਦੇ ਮਿਜਾਜ਼ ਲਈ ਚੰਗਾ ਨਹੀਂ ਹੈ।
ਇਹੋ ਇਸ ਦੌਰ ਅੰਦਰ ਪ੍ਰਧਾਨਸੇਵਕ ਮੋਦੀ ਜੀ ਦੀ ਸਰਕਾਰ ਵੇਲੇ ਹੋ ਰਿਹਾ ਹੈ।ਹੋ ਸਕਦਾ ਹੈ ਕਿ ਮੋਦੀ ਜੀ ਮੁਸਲਮਾਨਾਂ,ਦਲਿਤ ਅਤੇ ਘੱਟ ਗਿਣਤੀਆਂ ਖਿਲਾਫ ਨਹੀਂ ਹਨ ਤਾਂ ਦੂਜੇ ਪਾਸੇ ਸਵਾਲ ਇਹ ਵੀ ਉੱਠਦਾ ਹੈ ਕਿ ਉਹ ਗਾਂ ਨੂੰ ਲੈਕੇ ਫਲਾਈ ਗਈ ਅੱਤ,ਅੰਧ-ਰਾਸ਼ਟਰਵਾਦ ਅਤੇ ਕੱਟੜ ਹਿੰਦੂ ਗੁੱਟਾਂ ਦੀਆਂ ਵਧੀਕੀਆਂ ਖਿਲਾਫ ਖੁਲ੍ਹਕੇ ਬੋਲ ਵੀ ਨਹੀਂ ਰਹੇ ਅਤੇ ਕੋਈ ਠੋਸ ਕਦਮ ਵੀ ਨਹੀਂ ਚੁੱਕ ਰਹੇ।
ਉਹਨਾਂ ਦਾ ਅਜਿਹਾ ਵਤੀਰਾ ਕੋਈ ਪਹਿਲੀ ਵਾਰ ਨਹੀਂ ਹੈ।ਗਾਂ ਰੱਖਿਆ ਦਲਾਂ ਬਾਰੇ ਉਹ ਪਿਛਲੇ ਸਾਲ ਵੀ ਟਿੱਪਣੀ ਕਰ ਚੁੱਕੇ ਹਨ ਅਤੇ ਉਹਨਾਂ ਅਜਿਹੀਆਂ ਜਥੇਬੰਦੀਆਂ ਨੂੰ ਫਟਕਾਰ ਵੀ ਲਗਾਈ ਸੀ ਪਰ ਇਸ ਬਾਰੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਰੋਹਿਤ ਵੇਮੂਲਾ ਦੇ ਸਮੇਂ ਵੀ ਉਹਨਾਂ ਅਸਾਮ ‘ਚ ਕਿਸਾਨੀ ਬਾਰੇ ਇੱਕ ਸੈਮੀਨਾਰ,ਤ੍ਰਿਪੁਰਾ ਦੀ ਭਾਜਪਾ ਰੈਲੀ ਨੂੰ ਸੰਬੋਧਣ ਕਰ,ਦਿੱਲੀ ਆ ਸੁਭਾਸ਼ ਚੰਦਰਾ ਦੀ ਕਿਤਾਬ ਰਲੀਜ਼ ਕਰ,ਫਿਰ ਜਾਕੇ ਪੰਜਵੇ ਦਿਨ ਆਪਣੀ ਟਵੀਟ ‘ਚ ਅਤੇ ਯੂਪੀ ਦੀ ਅੰਬੇਦਕਰ ਯੂਨੀਵਰਸਿਟੀ ‘ਚ ਜਾਕੇ ਭਾਵੁਕ ਟਿੱਪਣੀ ਕੀਤੀ ਸੀ।ਇਸ ਵੇਲੇ ਉਹਨਾਂ ਰੋਹਿਤ ਵੇਮੂਲਾ ਨੂੰ ਭਾਰਤ ਦਾ ਪੁੱਤ ਕਿਹਾ ਸੀ।ਪਰ ਦੁੱਖੀ ਦਿਲਾਂ ਨੂੰ ਰੋਸ ਸੀ ਕਿ ਉਹਨਾਂ ਸਮ੍ਰਿਤੀ ਇਰਾਨੀ ਦੀ ਟਿੱਪਣੀ ‘ਤੇ ਕੋਈ ਟਿੱਪਣੀ ਕਿਉਂ ਨਹੀਂ ਕੀਤੀ।ਉਹਨਾਂ ਰੋਹਿਤ ਨੂੰ ਲੈਕੇ ਏਨੀ ਦੇਰੀ ਨਾਲ ਟਿੱਪਣੀ ਕਿਉਂ ਕੀਤੀ ?
ਉਸ ਤੋਂ ਬਾਅਦ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜੋ ਗਾਂ ਰੱਖਿਆ ਦੇ ਨਾਮ ਥੱਲੇ ਮਨੁੱਖਤਾ ਨੂੰ ਤਾਰ ਤਾਰ ਕਰ ਚੁੱਕੀ ਹੈ।ਅਜਿਹੇ ਪੂਰੇ ਹਲਾਤ ਨੂੰ ਵੇਖਿਆ ਜਾਵੇ ਤਾਂ ਇਹ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਅਤੇ ਦਲਿਤਾਂ ਖਿਲਾਫ ਜ਼ਿਆਦਾ ਹੋ ਰਿਹਾ ਹੈ।ਬਾਕੀ ਇਹ ਵੀ ਧਿਆਨ ਰਹੇ ਕਿ ਰੋਹਿਤ ਵੇਮੂਲਾ ਨੂੰ ਲੈਕੇ ਕਿਸੇ ਵੀ ਅਖ਼ਬਾਰ ਨੇ ਪਹਿਲਾਂ ਖ਼ਬਰ ਨਹੀਂ ਦਿੱਤੀ ਸੀ,ਇਹ ਸੋਸ਼ਲ ਮੀਡੀਆ ‘ਤੇ ਪਹਿਲਾਂ ਆਈ ਸੀ।ਦਲਿਤ ਰਿਪੋਰਟ ਨੂੰ ਲੈਕੇ ਮੀਡੀਆ ਨੂੰ ਵੀ ਆਤਮ ਮੰਥਨ ਕਰਨ ਦੀ ਲੋੜ ਹੈ।ਇਹਨਾਂ ਦਿਨਾਂ ‘ਚ ਨੈਸ਼ਨਲ ਦਸਤਕ ‘ਤੇ ਬੈਨ ਲਗਾਇਆ ਜਾ ਰਿਹਾ ਹੈ।ਆਖਰ ਮੁੱਖਧਾਰਾ ਤੋਂ ਉਲਟ ਅਵਾਜ਼ ਨੂੰ ਸੁਨਣ ‘ਚ ਹਰਜ ਕੀ ਹੈ।ਇੰਝ ਕਰ ਅਸੀ ਕੀ ਲੋਕਤੰਤਰ ਦਾ ਗਲਾ ਨਹੀਂ ਘੁੱਟ ਰਹੇ ? ਇਸੇ ਦੇ ਨਾਲ ਅਲਜਜ਼ੀਰਾ ਦੀ ਉਹ ਖ਼ਬਰ ਵੀ ਵਿਚਾਰਨ ਵਾਲੀ ਹੈ ਜੋ ਕਿ ਦਲਿਤਾਂ ਦੀ ਭਾਰਤੀ ਮੀਡੀਆ ‘ਚ ਘੱਟ ਸ਼ਮੂਲੀਅਤ ਬਾਰੇ ਹੈ।
ਇਸ ਦੌਰ ਅੰਦਰ ਅਜਿਹੀ ਭੀੜ ਪੈਦਾ ਹੋ ਗਈ ਹੈ ਜੋ ਸਮਾਜ ਤਾਂ ਬਿਲਕੁਲ ਨਹੀਂ ਹੈ।ਸਮਾਜ ਅੰਦਰ ਸਹਿਣਸ਼ੀਲਤਾ ਅਤੇ ਭਾਈਚਾਰਾ ਹੁੰਦਾ ਹੈ।ਇਸ ਭੀੜ ਨੇ ਹਿੰਦੂ ਬੰਦਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ।ਇਹ ਭੀੜ ਬੰਗਾਲ ਅੰਦਰ ਫੇਸਬੁੱਕ ‘ਤੇ ਮੁਹੰਮਦ ਸਾਹਬ ਬਾਰੇ ਕੀਤੀ ਇੱਕ ਟਿੱਪਣੀ ਤੋਂ ਹੀ ਦੰਗੇ ਦੇ ਰੂਪ ‘ਚ ਬਦਲ ਰਹੀ ਹੈ।ਇਹ ਭੀੜ ਅਜਿਹਾ ਰੂਪ ਧਾਰਨ ਕਰ ਰਹੀ ਹੈ ਜਿੱਥੇ ਇਹ ਭਾਰਤ ਅੰਦਰ ਕਿਸੇ ਵੀ ਤਬਕੇ,ਧਰਮ ਨੂੰ ਨਿਸ਼ਾਨਾ ਬਣਾ ਸਕਦੀ ਹੈ।ਇਸ ਤੋਂ ਨਾ ਹਿੰਦੂ ਬੱਚ ਸਕਦਾ ਹੈ ਅਤੇ ਨਾ ਮੁਸਲਮਾਨ ਕਿਉਂ ਕਿ ਇਹ ਹਵਾ ਫਿਰਕੂ ਰੰਗ ਦੀ ਹੈ ਜਿਹਨੂੰ ਕੱਟੜ ਜਥੇਬੰਦੀਆਂ ਲਗਾਤਾਰ ਆਸਰਾ ਦੇ ਰਹੀਆਂ ਹਨ।ਇੰਝ ਭਾਰਤ ਅੰਦਰ ਨਿਆਂ ਪ੍ਰਣਾਲੀ ਵੀ ਕਮਜ਼ੋਰ ਪੈਂਦੀ ਹੈ ਕਿਉਂ ਕਿ ਇਹ ਭੀੜ ਆਪੇ ਫੈਸਲਾ ਕਰਨ ‘ਤੇ ਉਤਰ ਜਾਂਦੀ ਹੈ।ਜਿਉਂ ਜਿਉਂ ਸਾਡੇ ਕੋਲ ਜਾਣਕਾਰੀ ਦੇ ਸਰੋਤ ਵੱਧ ਗਏ ਹਨ ਤਿਉਂ ਤਿਉਂ ਅਫਵਾਹਾਂ ਦਾ ਦੌਰ ਵਧੇਰੇ ਵੱਧ ਗਿਆ ਹੈ।ਵਟਸ ਐਪ,ਫੇਸਬੁੱਕ ਰਾਹੀਂ ਕਿੰਨਾ ਕੁਝ ਫੈਲਾਇਆ ਜਾ ਰਿਹਾ ਹੈ ਅਤੇ ਇਹਦੀ ਕਸਵੱਟੀ ਪਰਖਣ ਦੀ ਸਮਝ ਬਹੁਤਾਤ ਕੋਲ ਨਹੀਂ ਹੈ।
ਸੋਸ਼ਲ ਮੀਡੀਆ ਦਾ ਅਜਿਹਾ ਦੈਂਤ ਰੂਪ ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਵੇਖਣ ਵਾਲਾ ਸੀ।ਅਬਕੀ ਬਾਰ ਮੋਦੀ ਸਰਕਾਰ ਨੇ ਅਤੇ ਕੇਜਰੀਵਾਲ ਬ੍ਰਿਗੇਡ ਨੇ ਜੋ ਰੰਗ ਦਿੱਤਾ ਉਹ ਵਿਸਥਾਰ ‘ਚ ਪੜ੍ਹਣ ਵਾਲਾ ਹੈ।ਜੋ ਅੰਧ ਸ਼ਰਧਾ ‘ਚ ਬੋਲਣ ਦੀ ਅਜ਼ਾਦੀ ਦੇ ਨਾਂ ਥੱਲੇ ਮਰਿਆਦਾ ਭੁੱਲਕੇ ਕਿਸੇ ਨੂੰ ਕੁਝ ਵੀ ਬੋਲਿਆ ਗਿਆ।ਭਗਤ,ਦੱਲਾ,ਅੱਤਵਾਦੀ ਪਤਾ ਨਹੀਂ ਕਿੰਨੇ ਲਕਬ ਨਵਾਜ਼ੇ ਗਏ।ਇਸ ਦੌਰ ਦੀ ਸਿਆਸਤ ਦਾ ਤਾਂ ਏਨਾਂ ਖਤਰਨਾਕ ਰੰਗ ਸਾਹਮਣੇ ਆ ਰਿਹਾ ਹੈ ਕਿ ਰਿਸ਼ਤੇਦਾਰਾਂ ‘ਚ ਇੱਕ ਕੇਜਰੀਵਾਲ ਹਮਾਇਤੀ ਅਤੇ ਦੂਜਾ ਮੋਦੀ ਹਮਾਇਤੀ ਆਪਸ ‘ਚ ਲੜਦੇ ਹੋਏ ਆਪਣੀ ਰਿਸ਼ਤੇਦਾਰੀ ਤੱਕ ਭੁੱਲ ਗਏ ਹਨ।ਜੇ ਤੁਸੀ ਮੌਜੂਦਾ ਸਰਕਾਰ ਦੀ ਆਲੋਚਨਾ ਕਰਦੇ ਹੋ ਤਾਂ ਤੁਹਾਡੇ ‘ਤੇ ਸਵਾਲੀਆ ਨਿਸ਼ਾਨ ਲੱਗਦਾ ਹੈ।ਤੁਹਾਡੀਆਂ ਫੇਸਬੁੱਕ ਟਿੱਪਣੀਆਂ ਤੋਂ ਤੁਹਾਡੀ ਨੌਕਰੀ ਤੱਕ ਤੈਅ ਹੋ ਰਹੀ ਹੈ।
ਸਮਾਜ ਦਾ ਅਜਿਹਾ ਰੂਪ ਭਾਰਤ ਦੀ ਵਿੰਭਨਤਾ ਨੂੰ ਨਾ ਸਮਝਣ ਕਰਕੇ ਹੋਇਆ ਹੈ।ਇਹਦੀ ਪੈੜ 1947 ‘ਚ ਹੈ।ਜਦੋਂ ਭਾਰਤ 567 ਰਿਆਸਤਾਂ ਸਨ੍ਹੇ ਬੋਲੀ,ਸੱਭਿਆਚਾਰ ਪੱਖੋਂ ਵੰਨ ਸੁਵੰਨਤਾ ਲਈ ਬੈਠਾ ਸੀ ਤਾਂ ਸਾਨੂੰ ਭਾਰਤ ਨੂੰ ਯੂਨਾਈਟਡ ਸਟੇਟ ਰੂਪੀ ਦੇਸ਼ ਬਣਾਉਣ ਦੀ ਕੌਸ਼ਿਸ਼ ਕਰਨੀ ਚਾਹੀਦੀ ਸੀ।ਜਿਹਦੇ ਵਿੱਚ ਰੱਖਿਆ,ਖਜ਼ਾਨਾ,ਗ੍ਰਹਿ ਅਤੇ ਵਿਦੇਸ਼ ਮਹਿਕਮਾ ਕੇਂਦਰ ਅਧੀਨ ਰੱਖ ਬਾਕੀ ਸੂਬਿਆਂ ਨੂੰ ਖੁਦਮੁਖਤਾਰੀ ਦੇ ਦੇਣੀ ਚਾਹੀਦੀ ਸੀ।ਜੇ ਇੰਝ ਨਹੀਂ ਤਾਂ ਕੋਈ ਹੋਰ ਰਾਹ ਖੋਜਨਾ ਚਾਹੀਦਾ ਸੀ ਕਿਉਂ ਕਿ ਬਹੁਤ ਸਾਰੇ ਸੰਵੇਦਨਸ਼ੀਲ ਮੁੱਦੇ ਸਮੇਂ ਸਮੇਂ ਸਿਰ ਉੱਭਰ ਆਉਂਦੇ ਹਨ।ਭਾਰਤ ਇੱਕ ਪਾਸੇ ਆਧੁਨਿਕ ਦੌਰ ਅੰਦਰ ਵਿਕਾਸ ਦੇ ਰਾਹਾਂ ‘ਤੇ ਹੈ ਅਤੇ ਦੂਜੇ ਪਾਸੇ ਆਪਣੇ ਅੰਦਰੂਨੀ ਮਸਲਿਆਂ ਨੂੰ ਲੈਕੇ ਬਲਦੇ ਅੰਗਾਰਿਆ ‘ਤੇ ਖੜ੍ਹਾ ਹੈ।
ਬੇਸ਼ੱਕ ਇਹ ਸਿੱਧੀਆਂ ਸਿੱਧੀਆਂ ਗੱਲਾਂ ਨਹੀਂ ਪਰ ਅਸੀ ਇਤਿਹਾਸ ‘ਚ ਵੇਖਦੇ ਆਏ ਹਾਂ ਕਿ ਬੋਲੀ,ਸੱਭਿਆਚਾਰ ਦੇ ਅਜਿਹੇ ਵਖਰੇਵਿਆਂ ਨੂੰ ਜਦੋਂ ਅਸੀ ਰਾਸ਼ਟਰੀ ਏਕਤਾ ਦੀ ਕਸਵੱਟੀ ਦਾ ਅਧਾਰ ਬਣਾਕੇ ਅਣਗੋਲਿਆਂ ਕਰਦੇ ਰਹੇ ਹਾਂ ਤਾਂ ਭਾਰਤ ਅੰਦਰ ਲਗਾਤਾਰ ਹਲਾਤ ਡਾਵਾਂਡੋਲ ਰਹੇ ਹਨ।
ਆਂਧਰਾ ਪ੍ਰਦੇਸ਼ ਸੂਬੇ ਦੀ ਮੰਗ ਕਰਨ ਵਾਲੇ ਪੁੱਟੀ ਸ਼੍ਰੀ ਰਾਮਲੂ 57 ਦਿਨਾਂ ਤੋਂ ਵੱਧ ਦੀ ਭੁੱਖ ਹੜਤਾਲ ਕਰਦੇ ਮਰ ਗਏ।ਇਸ ਤੋਂ ਬਾਅਦ ਪੁਲਿਸ ਗੋਲੀਬਾਰੀ ‘ਚ 7 ਜਣਿਆਂ ਦੀ ਮੌਤ ਹੋਈ ਅਤੇ ਸੈਂਕੜੇ ਜ਼ਖਮੀ ਹੋਏ।ਇਸੇ ਤਰ੍ਹਾਂ ਪੰਜਾਬ ਲਈ ਦਰਸ਼ਨ ਸਿੰਘ ਫੇਰੂਮਾਨ ਭੁੱਖ ਹੜਤਾਲ ਕਰਦੇ ਚਲੇ ਗਏ।
1953 ਦੀ ਰਾਜ ਪੁਨਰਗਠਨ ਆਯੋਗ ਦੀ ਸਿਫਾਰਸ਼ਾਂ ਦੌਰਾਨ ਇਹ ਕੋਈ ਪਹਿਲਾ ਕੇਸ ਨਹੀਂ ਸੀ।ਬੰਬੇ (ਮੁੰਬਈ) ਨੂੰ ਲੈਕੇ ਮਹਾਂਰਾਸ਼ਟਰ,ਗੁਜਰਾਤ,ਬੰਬੇ ਸਿਟੀਜ਼ਨ ‘ਚ ਕੀ ਹੋਇਆ ਇਤਿਹਾਸ ਗਵਾਹ ਹੈ।ਉਹਨਾਂ ਸਮਿਆਂ ‘ਚ ਮੋਰਾਰਜੀ ਦੇਸਾਈ ਅਤੇ ਪੰਡਿਤ ਨਹਿਰੂ ਨੂੰ ਇੱਕ ਰੈਲੀ ‘ਚ ਸਾਹਮਣੇ ਪੈ ਰਹੇ ਇੱਟਾਂ ਰੋੜਿਆਂ ਦਾ ਸਾਹਮਣਾ ਤੱਕ ਕਰਨਾ ਪਿਆ ਸੀ।
ਇਸ ਦੌਰਾਨ ਪੰਡਿਤ ਨਹਿਰੂ ਨੂੰ ਲੱਗਦਾ ਸੀ ਕਿ ਸਾਨੂੰ ਹੋਰ ਪਹਿਲੂਆਂ ‘ਤੇ ਸੋਚਣਾ ਚਾਹੀਦਾ ਹੈ ਅਤੇ ਇਹ ਕੋਈ ਸੱਮਸਿਆ ਨਹੀਂ ਹੈ।ਪਰ ਪੰਡਿਤ ਨਹਿਰੂ ਨੂੰ ਉਸ ਸਮੇਂ ਗ੍ਰਹਿ ਯੁੱਧ ਛਿੜ ਜਾਣ ਦਾ ਵੀ ਡਰ ਸੀ।ਇਹ ਹਵਾਲਾ 12 ਅਕਤੂਬਰ 1955 ਨੂੰ ਉਹਨਾਂ ਵੱਲੋਂ ਲਾਰਡ ਮਾਉਂਟ ਬੇਟਨ ਨੂੰ ਪਾਈ ਚਿੱਠੀ ‘ਚ ਵੀ ਮਿਲਦਾ ਹੈ।
ਤੁਸੀ 1947 ਦੇ ਭਾਰਤ ਨੂੰ ਵੇਖੋ ਤਾਂ ਸਮਝ ਆਉਂਦਾ ਹੈ ਕਿ ਅਸੀ ਕਿੱਥੇ ਖੁੰਝਦੇ ਰਹੇ ਹਾਂ।ਉਸ ਸਮੇਂ ਦੇ ਭਾਰਤ ਨੂੰ 3 ਹਿੱਸਿਆਂ ‘ਚ ਵੰਡ ਕਰਕੇ ਸਮਝ ਸਕਦੇ ਹਾਂ।ਉੱਤਰਪ੍ਰਦੇਸ਼,ਬਿਹਾਰ,ਉੜੀਸਾ,ਮਦਰਾਸ ਅਜ਼ਾਦੀ ਤੋਂ ਪਹਿਲਾਂ ਦੇ ਸੂਬੇ ਸਨ।ਜੰਮੂ ਕਸ਼ਮੀਰ,ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ),ਰਾਜਸਥਾਨ,ਸੌਰਾਸ਼ਟਰ,ਹੈਦਰਾਬਾਦ,ਮਸੂਰੀ ਵਰਗੇ ਵੱਡੇ ਰਜਵਾੜੇ ਇੱਕ ਪਾਸੇ ਸਨ ਅਤੇ ਅਜਮੇਰ,ਭੋਪਾਲ ਜਹੀਆਂ ਛੋਟੀਆਂ ਅਣਗਿਣਤ ਰਿਆਸਤਾਂ ਸਨ।ਜੀਹਦੇ ਵਿੱਚੋਂ ਤਮਿਲ,ਕੰਨੜ,ਮਰਾਠਾ ਗੌਰਵ,ਗੁਜਰਾਤੀ ਸੰਘਰਸ਼ ਇੱਕ ਚੱਲਿਆ ਅਤੇ ਇਸੇ ਤਰ੍ਹਾਂ ਦਾ ਪੰਜਾਬੀ ਸੂਬਾ ਮੋਰਚਾ ਇੱਕ ਚੱਲਿਆ।
ਜਦੋਂ ਪਿਛਲੇ ਸਾਲਾਂ ‘ਚ ਤੇਂਲਗਾਣਾ ਬਣਿਆ ਸੀ ਤਾਂ ਕਾਂਗਰਸ ਦੇ ਵੱਲੋਂ ਇਹਨੂੰ ਨਹਿਰੂ ਸਮੇਂ ਦੇ ਘੋਲ ਨੂੰ ਹੁਣ ਸਮਝਣ ਵਰਗਾ ਬਿਆਨ ਦਿੱਤਾ ਸੀ।ਪਿਛਲੇ ਦਹਾਕਿਆਂ ‘ਚ ਸਾਡੇ ਕੋਲ ਛਤੀਸਗੜ੍ਹ,ਝਾਰਖੰਡ,ਉੱਤਰਾਖੰਡ ਸੂਬੇ ਇੱਕ ਆਏ ਹਨ,ਤੇਂਲਗਾਨਾ ਇੱਕ ਆਇਆ ਹੈ।
ਇਸ ਦੇ ਬਾਵਜੂਦ ਗੋਰਖਾਲੈਂਡ,ਵਿਦਰਭ,ਬੋਡੋਲੈਂਡ,ਬਿਹਾਰ ‘ਚੋਂ ਜ਼ੁਬਾਨ ਅਧਾਰਤ ਭੋਜਪੁਰੀ ਅਤੇ ਮੈਥਲੀ ਤੋਂ ਬਿਹਾਰ ‘ਚੋਂ ਮਿਥਲਾ ਦੀ ਮੰਗ,ਕੋਸਲ,ਰਾਜਸਥਾਨ ‘ਚੋਂ ਮਾਰੂ ਪ੍ਰਦੇਸ਼,ਗੋਡਵਾਣਾ,ਗੁਜਰਾਤ ‘ਚੋਂ ਸੌਰਾਸ਼ਟਰ ਤਾਂ ਇੱਕ ਮਸਲਾ ਹੈ।ਦੂਜੇ ਪਾਸੇ ਉੱਤਰ ਪ੍ਰਦੇਸ਼ ਨੂੰ 4 ਸੂਬਿਆਂ ‘ਚ ਵੰਡਣ ਦੀ ਗੱਲ ਹੁੰਦੀ ਰਹਿੰਦੀ ਹੈ।ਇਹਦੇ ਵਿੱਚ ਹਰਤਿ ਪ੍ਰਦੇਸ਼,ਉੱਤਰ ਪ੍ਰਦੇਸ਼(ਅਵਧ),ਬੁੰਦੇਲਖੰਡ,ਪੂਰਵਾਂਚਲ ਖਾਸ ਹਨ।ਮੱਧ ਪ੍ਰੇਦਸ਼ ‘ਚੋਂ ਬੁੰਦੇਲਖੰਡ ਅਤੇ ਬਘੇਲਖੰਡ ਦੀ ਮੰਗ ਉੱਠਦੀ ਹੈ।
ਭਾਰਤ ਅਜਿਹੀ ਕਹਾਣੀਆਂ ਨਾਲ ਭਰਿਆ ਹੋਇਆ ਹੈ।ਬੀਹੜ ਦੇ ਬਾਗੀ,ਚੰਬਲ ਦੇ ਡਾਕੂ,ਵੱਖਵਾਦੀ,ਮਾਓਵਾਦੀ,ਆਦੀਵਾਸੀ ਸੰਘਰਸ਼ ਇਹ ਸਭ ਸਾਨੂੰ ਮੁੜ ਵਿਚਾਰ ਕਰਨ ਨੂੰ ਕਹਿ ਰਿਹਾ ਹੈ।
ਭਾਰਤ ਦੀ ਅਸਲ ਤਾਕਤ ਇੱਕ ਪਛਾਣ,ਇੱਕ ਰਾਸ਼ਟਰ,ਇੱਕ ਬੋਲੀ ‘ਚ ਨਹੀਂ ਹੈ।ਮਾਹੌਲ,ਰਹੁ ਰੀਤਾਂ,ਬੋਲੀ,ਇਤਿਹਾਸਕਤਾ ਤੋਂ ਸਾਡੀ ਜ਼ਿਹਨੀਅਤ ਅੰਦਰ ਜੋ ਵਿੰਭਨਤਾ ਹੈ ਇਹ ਪੂਰੇ ਇੱਕ ਭਾਰਤ ਦੇ ਰੂਪ ‘ਚ ਉਦੋਂ ਹੀ ਬਰਕਰਾਰ ਰਹਿ ਸਕਦੀ ਹੈ ਜਦੋਂ ਅਸੀ ਖੇਤਰੀ ਅਧਾਰ ਨੂੰ ਦੁਫਾੜ ਨਾ ਮੰਨ ਕੇ ਸਗੋਂ ਇਹਨੂੰ ਭਾਰਤ ਦੀ ਵੰਨ ਸੁਵੰਨਤਾ ਵਜੋਂ ਜਾਣੀਏ।
ਇੱਕ ਦਿਲਚਸਪ ਤੱਥ ਹੈ ਕਿ ਜਦੋਂ 1986 ‘ਚ ਪੂਰੇ ਭਾਰਤ ‘ਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਵਾਹਰ ਨਵੋਦਿਆ ਵਿਦਿਆਲਿਆ ਲੈਕੇ ਆਏ ਤਾਂ ਇਹਨਾਂ ਸਕੂਲਾਂ ਦਾ ਅਧਾਰ ਪੇਂਡੂ ਬੱਚਿਆਂ ਨੂੰ ਮਿਆਰੀ ਮੁਫਤ ਸਿੱਖਿਆ ਦੇ ਨਾਲ ਹਿੰਦੀ ਭਾਸ਼ਾਈ ਇਕਾਈ ‘ਚ ਬੰਨ੍ਹਣਾ ਵੀ ਸੀ ਪਰ ਤਮਿਲਨਾਡੂ ਆਪਣੇ ਤਮਿਲ ਭਾਸ਼ਾਈ ਪਹਿਲ ਨੂੰ ਉੱਪਰ ਰੱਖਣਾ ਚਾਹੁੰਦਾ ਸੀ।ਜਦੋਂ ਪੂਰੇ ਭਾਰਤ ‘ਚ 600 ਤੋਂ ਵੱਧ ਜਵਾਹਰ ਨਵੋਦਿਆ ਵਿਦਿਆਲਿਆ ਹਨ ਤਾਂ ਤਮਿਲਨਾਡੂ ‘ਚ ਇੱਕ ਵੀ ਨਹੀਂ ਹੈ।
ਸੋ ਇਸੇ ਕਰਕੇ ਮਾਹਰ ਕਹਿੰਦੇ ਹਨ ਕਿ ਪੰਡਿਤ ਨਹਿਰੂ ਵੇਲੇ ਦੇ ਅਣਸੁਲਝੇ ਸਵਾਲਾਂ ਦਾ ਪ੍ਰਤੀਰੂਪ ਹੀ ਹੁਣ ਦੀ ਮੋਦੀ ਸਰਕਾਰ ਹੈ।ਪਾਕਿਸਤਾਨੀ ਲੇਖਕ ਮੋਹਸਿਨ ਹਾਮਿਦ ਨੇ ਹਾਲ ਹੀ ‘ਚ ਆਪਣੀ ਕਿਤਾਬ ਐਗਸਿਟ ਏਸ਼ੀਆ ਦੇ ਸੰਦਰਭ ‘ਚ ਕੀਤੀ ਮੁਲਾਕਾਤ ਵੇਲੇ ਕਿਹਾ ਸੀ ਕਿ ਜਿਹੜੇ ਪਹਿਲੂਆਂ ‘ਤੇ ਪਾਕਿਸਤਾਨ ਨੇ ਆਪਣੇ ਆਪ ਨੂੰ ਬਰਬਾਦ ਕੀਤਾ ਹੈ ਅਤੇ ਦੋਰਾਹੇ ‘ਤੇ ਖੜੋਤਾ ਹੈ ਉਹਨਾਂ ਹਲਾਤਾਂ ‘ਚ ਹੀ ਅੱਜ ਦਾ ਭਾਰਤ ਹੈ ਜੋ ਆਪਣੇ ਆਪ ਨੂੰ ਉਸੇ ਤਰਜ ‘ਤੇ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ‘ਚ ਘਿਰਿਆ ਹੈ।
ਭਾਰਤ ਦੇ ਅਜਿਹੇ ਇਤਿਹਾਸ ਸੱਭਿਆਚਾਰਕ ਡਾਵਾਂਡੋਲਤਾ ‘ਚੋਂ ਸਾਨੂੰ ਸਾਡੇ ਮਹਾਨ ਕਵੀ ਰਬਿੰਦਰਨਾਥ ਟੈਗੋਰ ਦੇ ਰਾਸ਼ਟਰਵਾਦ ਬਾਰੇ ਵਿਚਾਰਾਂ ਨੂੰ ਸਮਝਣਾ ਚਾਹੀਦਾ ਹੈ।ਸਾਨੂੰ ਸਮਝਣਾ ਚਾਹੀਦਾ ਹੈ ਕਿ ਬਾਬਰ ਬਾਹਰਲੇ ਹਮਲਾਵਰ ਜ਼ਰੂਰ ਸਨ ਪਰ ਜਦੋਂ ਉਹ ਇੱਥੋਂ ਦੇ ਹੋਕੇ ਰਹਿ ਗਏ ਤਾਂ ਉਹਨਾਂ ਇਸ ਧਰਤੀ ਨੂੰ ਆਪਣੇ ਅੰਦਰ ਆਤਮਸਾਤ ਕੀਤਾ ਸੀ।ਦੀਨ-ਏ-ਇਲਾਹੀ ਨੂੰ ਸ਼ੁਰੂ ਕਰਨ ਵੇਲੇ ਅਕਬਰ ਦੀ ਟਿੱਪਣੀ ਸੀ ਕਿ ਫਤਿਹਪੁਰ ਸਿਕਰੀ ‘ਚ ਸਭ ਧਰਮਾਂ ਦੇ ਲੋਕ ਇੱਕ ਖਾਸ ਤੈਅ ਦਿਨ ਨੂੰ ਇੱਕਠਾ ਹੋਇਆ ਕਰਨ ਤਾਂ ਕਿ ਇੱਕ ਦੂਜੇ ਬਾਰੇ ਬੇਹਤਰ ਜਾਣਿਆ ਜਾ ਸਕੇ।ਉਹਨਾਂ ਦਾ ਕਹਿਣਾ ਸੀ ਕਿ ਇੱਥੇ ਸਭ ਦੇ ਰਸਮੋਂ ਰਿਵਾਜ਼ ਵੱਖਰੇ ਹਨ।ਸਭ ਦੀਆਂ ਆਪਣੀਆਂ ਤਲੀਮਾਂ ਹਨ ਪਰ ਹਰੇਕ ਮਜ਼ਹਬ ਵਾਲਾ ਆਪਣੇ ਮਜ਼ਹਬ ‘ਚ ਈਮਾਨ ਰੱਖਣ ਵਾਲਾ ਆਪਣੇ ਅਕੀਦੇ,ਰਸਮੋਂ ਰਿਵਾਜ਼ ਦੂਜੇ ਮਜ਼ਹਬ ਨਾਲੋਂ ਉੱਪਰ ਸਮਝ ਰਿਹਾ ਹੁੰਦਾ ਹੈ ਅਤੇ ਉਹ ਮੰਨਦਾ ਹੈ ਕਿ ਮੇਰੇ ਧਰਮ ਦੀ ਆਇਤਾਂ,ਖਿਆਲ,ਦੂਜੇ ਧਰਮ ਨਾਲੋਂ ਬੇਹਤਰ ਹਨ ਅਤੇ ਇਸੇ ਖਿਆਲ ‘ਚ ਉਹ ਦੂਜੇ ਧਰਮ ਵਾਲਿਆਂ ਨੂੰ ਆਪਣੇ ਅਕੀਦੇ,ਖਿਆਲ ਦੇ ਦਾਇਰੇ ‘ਚ ਲਿਆਉਣਾ ਚਾਹੁੰਦਾ ਹੈ।ਜੇ ਕੋਈ ਅਜਿਹੇ ਵਰਤਾਰੇ ‘ਚ ਇਨਕਾਰੀ ਹੋਵੇ ਤਾਂ ਉਹਨੂੰ ਹਿਕਾਰਤ ਨਾਲ ਵੇਖਿਆ ਜਾਂਦਾ ਹੈ ਅਤੇ ਉਹ ਦੁਸ਼ਮਨ ਐਲਾਨਿਆ ਜਾਂਦਾ ਹੈ।ਇਹਨਾਂ ਕਾਰਨਾਂ ਕਰਕੇ ਸਾਡੇ ਦਿਲਾਂ ‘ਚ ਸ਼ੱਕ ਉਭਰਦੇ ਹਨ।ਇਸ ਲਈ ਮੈਂ ਚਾਹੁੰਦਾ ਹਾਂ ਕਿ ਮੁਕੱਰਰ ਦਿਨ ਨੂੰ ਸਾਰੇ ਧਰਮਾਂ ਦੀਆਂ ਕਿਤਾਬਾਂ ਇੱਥੇ ਲਿਆਂਦੀਆਂ ਜਾਣ ਤਾਂਕਿ ਆਪਾਂ ਹਰ ਧਰਮ ਦੇ ਕੇਂਦਰੀ ਭਾਵ ਸਮਝ ਸਕੀਏ।
ਸ਼ੋ ਅਜਿਹੇ ਮੁਗਲ ਕਾਲ ਦੀ ਇਤਿਹਾਸਕ ਇਮਾਰਤ ਹੈ ਭਾਰਤ ਦਾ ਤਾਜਮਹਲ ! ਤਾਜਮਹਲ ਵੀ ਹੋਰਾਂ ਵਿਰਾਸਤਾਂ ਵਾਂਗੂ ਭਾਰਤ ਦੀ ਵਿਰਾਸਤ ਹੈ।ਇਤਿਹਾਸ ਦੀ ਵੱਖ ਵੱਖ ਤਾਰੀਖ਼ਾਂ ਤੋਂ ਫੈਲੀਆਂ ਇਹ ਇਮਾਰਤਾਂ ਸਾਡੇ ਲਈ ਇਸ਼ਾਰੇ ਹਨ ਅਤੇ ਸਾਨੂੰ ਇਹਨਾਂ ਦੀ ਪ੍ਰਸੰਗਕਿਤਾ ਇਹਦੀ ਸਮੂਹਿਕਤਾ ‘ਚੋਂ ਸਮਝਣੀ ਚਾਹੀਦੀ ਹੈ।ਉਮੀਦ ਹੈ ਭਾਰਤ ਅੰਦਰ ਰੌਸ਼ਨ ਦਿਮਾਗ ਭਾਰਤ ਨੂੰ ਮਜ਼ਬੂਤ ਕਰਨ ਲਈ ਇਹਨਾਂ ਕੱਟੜਵਾਦੀ ਤਾਕਤਾਂ ਨੂੰ ਚਣੌਤੀ ਦਿੰਦੇ ਰਹਿਣਗੇ।
ਯੇ ਦਾਗ਼ ਦਾਗ਼ ਉਜਾਲਾ,ਯੇ ਸ਼ਬ-ਗਜ਼ੀਦਾ ਸਹਿਰ
ਵੋ ਇੰਤਜ਼ਾਰ ਥਾ ਜਿਸਕਾ,ਯੇ ਵੋਹ ਸਹਿਰ ਤੋ ਨਹੀਂ – ਫੈਜ਼ ਅਹਿਮਦ ਫੈਜ਼

 

ਰੋਜ਼ਾਨਾ ਸਪੋਕਸਮੈਨ ‘ਚ ਮੇਰੇ ਵੱਲੋਂ ਲਿਖਿਆ ਗਿਆ ਆਰਟੀਕਲ ਜੋ ਇਤਿਹਾਸ ਦੀਆਂ ਖਤਾਵਾਂ ਤੋਂ ਤੁਰਦਿਆਂ ਅੱਜ ਦੇ ਮੰਜ਼ਰ ‘ਚ ਭੱਵਿਖ ਨੂੰ ਵੇਖਣ ਦਾ ਹੰਭਲਾ…ਆਰਟੀਕਲ ਦਾ ਲਿੰਕ ਅਤੇ ਫੋਟੋ ਨੱਥੀ ਹੈ ਦੋਸਤੋ

https://rozanaspokesman.in/epaper-block?bk=1&k=6

 

 

 

Advertisements

About Albeli Parwaz

ਖੁਦ ਦੇ ਬਾਰੇ ਬੋਲੀਏ ਤਾਂ ਮੀਆਂ ਮਿੱਠੂ ਹੋ ਜਾਈਦਾ ਏ। ਸੰਖੇਪ 'ਚ ਸਿਨੇਮਾ ਅਤੇ ਸਮਾਜ ਨੂੰ ਵੇਖਣ ਦੀ ਕੌਸ਼ਿਸ਼ ਰਹਿੰਦੀ ਹੈ ਪਰ ਇਹ ਦਾਅਵਾ ਨਹੀਂ ਕਿ ਮੈਂ ਕੋਈ ਵੱਖਰੀ ਗੱਲ ਕਰਨ ਦੀ ਕੌਸ਼ਿਸ਼ ਕਰਦਾ ਹਾਂ...ਬੱਸ ਆਪ ਹੀ ਤੋਂ ਸੁਣਕੇ ਆਪ ਨੂੰ ਸੁਣਾ ਦਿੱਤਾ।ਜ਼ਿੰਦਗੀ ਨੂੰ ਹਰ ਕਲਾ ਨੇ ਤਰਾਸ਼ਨ ਦੀ ਕੌਸ਼ਿਸ਼ ਕੀਤੀ ਹੈ ਤੇ ਇੰਝ ਹੋਣਾ ਵੀ ਚਾਹੀਦਾ ਹੈ।ਸਭ ਤੋਂ ਵੱਡਾ ਸਕੰਲਪ ਹੈ ਮਨੁੱਖਤਾ,ਕੁਦਰਤ ਪਰ ਅਜਿਹੇ ਸੰਕਲਪ ਅਸੀ ਬਹੁਤ ਪਿੱਛੇ ਕਿਤੇ ਛੱਡ ਆਏ ਹਾਂ।ਤਲਾਸ਼ ਜਾਰੀ ਹੈ,ਪਰਵਾਜ਼ ਜਾਰੀ ਹੈ ਤੇ ਇਸ ਅਲਬੇਲੀ ਪਰਵਾਜ਼ ਨਾਲ ਕੁਝ ਤਰਾਸ਼ ਹੋਵੇ ਤਾਂ ਜ਼ਿੰਦਗੀ ਜ਼ਿੰਦਗੀ ਹੈ।ਸੋ ਨਕਸ਼ ਦੀ ਤਰਾਸ਼ ਤਾਂ ਹੀ ਸਾਰਥਕ ਹੈ ਜੇ ਜਜ਼ਬਾਤ ਦੀ ਪਰਵਾਜ਼ ਨੂੰ ਸਮਝਿਆ ਜਾਵੇ Email : harpreetsingh.media@gmail.com Contact : +91 97798-88335
This entry was posted in History, Politics, Religion, Society and tagged , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s