ਬੋਲ ਕੇ ਲਬ ਅਜ਼ਾਦ ਹੈਂ…..ਪਰ ਸੈਂਸਰ !

1958 ਦੀ ਗੱਲ ਹੈ।ਰਾਜ ਕਪੂਰ ਸਾਹਬ ਦੀ ਫਿਲਮ ‘ਫਿਰ ਸੁਬਹਾ ਹੋਗੀ’ ਆਈ।ਇਹ ਫਿਲਮ ਦੋਸਤੋਵਸਕੀ ਦੀ ਰਚਨਾ ‘ਕ੍ਰਾਈਮ ਐਂਡ ਪਨਿਸ਼ਮੈਂਟ’ ‘ਤੇ ਅਧਾਰਿਤ ਸੀ।ਇਸ ਫਿਲਮ ਦੇ ਗੀਤ ਸਾਹਿਰ ਲੁਧਿਆਣਵੀ ਨੇ ਲਿਖੇ ਸਨ ਅਤੇ ਸੰਗੀਤ ਖੱਯਾਮ ਦਾ ਸੀ।ਇਸ ਫਿਲਮ ‘ਚ ਇੱਕ ਗੀਤ ਸੀ ਜੋ ਮੁਕੇਸ਼ ਨੇ ਗਾਇਆ ਸੀ।
ਚੀਨ-ਓ-ਅਰਬ ਹਮਾਰਾ
ਹਿੰਦੋਸਤਾਨ ਹਮਾਰਾ
ਸਾਰਾ ਜਹਾਂ ਹਮਾਰਾ

ਖੋਲੀ ਭੀ ਛਿਣ ਗਈ ਹੈ
ਬੈਂਚੇ ਭੀ ਛਿਣ ਗਈ ਹੈ
ਸੜਕੋਂ ਪੇ ਘੂੰਮਤਾ ਹੈ
ਅਬ ਕਾਰਵਾਂ ਹਮਾਰਾ

ਜੇਬੇ ਹੈਂ ਅਪਨੀ ਖਾਲੀ
ਕਿਉਂ ਦੇਤਾ ਵਰਨਾ ਗਾਲੀ
ਵੋ ਸੰਤਰੀ ਹਮਾਰਾ
ਵੋਹ ਕਾਸਬਾਂ ਹਮਾਰਾ

ਜਿਤਨੀ ਭੀ ਬਿਲਡਿੰਗੇ ਹੈ
ਸੇਠੋਂ ਨੇ ਬਾਂਟ ਲੀ ਹੈਂ
ਫੁੱਟਪਾਥ ਬੰਬਈ ਕਾ
ਹੈ ਆਸ਼ਿਆਂ ਹਮਾਰਾ

ਤਾਲੀਮ ਹੈ ਅਧੂਰੀ
ਮਿਲਤੀ ਨਹੀਂ ਮਜੂਰੀ
ਮਾਲੂਮ ਕਿਆ ਕਿਸੀ ਕੋ
ਦਰਦ-ਏ-ਨਿਹਾਂ ਹਮਾਰਾ
ਸਾਹਿਰ ਦਾ ਲਿਖਿਆ ਇਹ ਗੀਤ ਅਲਾਮਾ ਇਕਬਾਲ ਦੀ ਰਚਨਾ ਦੇ ਰੰਗ ਦਾ ਸੀ।
ਚੀਨ-ਓ-ਅਰਬ ਹਮਾਰਾ,ਹਿੰਦੋਸਤਾਂ ਹਮਾਰਾ
ਮੁਸਲਿਮ ਹੈਂ ਹਮ,ਵਤਨ ਹੈ ਸਾਰਾ ਜਹਾਂ ਹਮਾਰਾ
ਤੌਹੀਦ ਕੀ ਅਮਾਨਤ ਸੀਨੋਂ ਮੇਂ ਹੈ ਹਮਾਰੇ
ਆਸਾਂ ਨਹੀਂ ਮਿਟਾਨਾ ਨਾਮ-ਓ-ਨਿਸ਼ਾਂ ਹਮਾਰਾ
ਖੈਰ ਇਹ ਗੀਤ ਉਸ ਦੌਰ ਅੰਦਰ ਆਇਆ ਜਦੋਂ ਨਹਿਰੂ ਦ੍ਰਿਸ਼ਟੀਕੋਣ ਦਾ ਸੁਫਨਮਈ ਦੌਰ ਸੀ ਅਤੇ ਅਜ਼ਾਦ ਭਾਰਤ ਤੋਂ ਬਾਅਦ ਅਸੀ ਸੁਨਿਹਰੇ ਭਾਰਤ ਦਾ ਸੁਫਨਾ ਸੰਜੋਈ ਵੱਧਦੇ ਆ ਰਹੇ ਸਾਂ।ਪਰ ਅਜ਼ਾਦ ਭਾਰਤ ਦੇ ਨਾਲ ਹੀ ਬਹੁਤ ਸਾਰੀਆਂ ਸੱਮਸਿਆਵਾਂ ਖੜ੍ਹੀਆਂ ਹੋ ਗਈਆਂ ਜਿੰਨ੍ਹਾ ਦੀ ਬਦੌਲਤ ਬਹੁਤ ਕੁਝ ਅਜਿਹਾ ਵਾਪਰ ਰਿਹਾ ਸੀ ਜੋ ਭਾਰਤ ਨੂੰ ਕਮਜ਼ੋਰ ਕਰ ਰਿਹਾ ਸੀ।ਸਾਹਿਰ ਦਾ ਇਹ ਗੀਤ ਉਹਨਾਂ ਸਵਾਲਾਂ ਦਾ ਹੀ ਗੀਤ ਹੈ।ਪਰ ਸੈਂਸਰ ਨੂੰ ਲੱਗਾ ਕਿ ਇਹ ਗੀਤ ਭਾਰਤ ਦੇ ਆਤਮ ਵਿਸ਼ਵਾਸ਼ ਨੂੰ ਡੇਗਦਾ ਹੈ।ਇਸ ਗੀਤ ਨੂੰ ਕਾਫੀ ਹੱਦ ਤੱਕ ਪਾਬੰਧੀ ਅਧੀਨ ਲਿਆਂਦਾ ਗਿਆ।
ਸੈਂਸਰ ਦਾ ਜਿਹੜਾ ਦੌਰ ਅੱਜ ਹੈ ਇਹ ਕੋਈ ਹੈਰਾਨੀ ਵਾਲਾ ਨਹੀਂ ਹੈ।ਸੈਂਸਰ ਨੂੰ ਸਿਨੇਮਾ ਦੀ ਰਚਨਾਤਮਕਤਾ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਇਹ ਜ਼ਿਆਦਾ ਤਰ ਮੌਜੂਦਾ ਸਰਕਾਰ ਦੇ ਹੱਕ ‘ਚ ਭੁਗਤਦਾ ਹੈ।ਸੈਂਸਰ ਦੇ ਅਜਿਹੇ ਬਹੁਤ ਸਾਰੇ ਕਿੱਸੇ ਹਨ ਜੋ ਸੁਣੀਏ ਤਾਂ ਹਾਸੋਹੀਣੇ ਹੋਣਗੇ।ਜਿਵੇਂ ਇੱਕ ਕਿੱਸਾ ਫਿਲਮ ‘ਸੀ.ਆਈ.ਡੀ’ ਨਾਲ ਜੁੜਿਆ ਹੈ।ਦੇਚ ਆਨੰਦ ਦੀ ਇਸ ਫਿਲਮ ਦੇ ਗੀਤ ਮਜਰੂਹ ਸੁਲਤਾਨਪੁਰੀ ਨੇ ਲਿਖੇ ਸਨ ਅਤੇ ਸੰਗੀਤ ਓ.ਪੀ ਨਈਅਰ ਦਾ ਸੀ।ਇਸ ਫਿਲਮ ਦਾ ਗੀਤ ਸੀ।
ਜਾਤਾ ਕਹਾਂ ਹੈ ਦੀਵਾਨੇ
ਸਭ ਕੁਛ ਯਹਾਂ ਹੈ ਸਨਮ
ਬਾਕੀ ਕੇ ਸਾਰੇ ਅਫਸਾਨੇ
ਝੂਠੇ ਹੈਂ ਤੇਰੀ ਕਸਮ
ਇਸ ਗੀਤ ਨੂੰ ਗੀਤਾ ਦੱਤ ਨੇ ਗਾਇਆ ਸੀ।ਬਹੁਤ ਦੇਰ ਬਾਅਦ 2015 ‘ਚ ਇਸੇ ਗੀਤ ਨੂੰ ਅਨੁਰਾਗ ਕਸ਼ਿਅਪ ਨੇ ਆਪਣੀ ਫਿਲਮ ਬੰਬੇ ਵੈਲਵਟ ‘ਚ ਵਰਤਿਆ।ਪਰ ਉਹਨਾਂ ਦਿਨਾਂ ‘ਚ ਇਹ ਗੀਤ ਰੇਡੀਓ ਅਤੇ ਫਿਲਮ ‘ਚੋਂ ਵੀ ਪਾਬੰਧੀ ਅਧੀਨ ਲਿਆਂਦਾ ਗਿਆ।ਕਿਉਂ ਕਿ ਸੈਂਸਰ ਬੋਰਡ ਨੂੰ ਲੱਗਦਾ ਸੀ ਕਿ ਇਸ ਗੀਤ ‘ਚ ਆਉਣ ਵਾਲਾ ਸ਼ਬਦ ‘ਫਿਫੀ’ ਅਸ਼ਲੀਲ ਹੈ।ਜਦੋਂ ਕਿ ਸੱਚ ਇਹ ਸੀ ਕਿ ਇਸ ਸ਼ਬਦ ਦਾ ਅਜਿਹਾ ਕੋਈ ਅਰਥ ਨਹੀਂ ਸੀ।ਉਸ ਦੌਰ ਅੰਦਰ ਗੀਤਾਂ ‘ਚ ਅਜਿਹਾ ਬਹੁਤ ਕੁਝ ਸੀ ਜਿਹਦਾ ਕੋਈ ਅਰਥ ਨਹੀਂ ਸੀ ਪਰ ਉਹਨਾਂ ਸ਼ਬਦਾਂ ਦਾ ਸੰਗੀਤਕ ਸੁਆਦ ਜ਼ਰੂਰ ਸੀ।ਜਿਵੇਂ ਕਿ ਆਸ਼ਾ ਭੌਂਸਲੇ ਦਾ ਬਹੁਤ ਬਾਅਦ ‘ਚ ਆਉਣ ਵਾਲਾ ਗੀਤ ‘ਵਨ ਟੂ ਚਾ ਚਾ ਚਾ’ ਦਾ ਕੋਈ ਅਰਥ ਨਹੀਂ।ਕਿਸ਼ੋਰ ਕੁਮਾਰ ਦੀ ਯੋਗਲਿੰਗ ਦਾ ਕੀ ਸ਼ਾਬਦਿਕ ਅਰਥ ਸੀ।
ਸੈਂਸਰ ਦਾ ਭਾਰਤ ਦੇ ਅੰਦਰੂਨੀ ਮਸਲਿਆਂ ਨੂੰ ਅਧਾਰ ਬਣਾਕੇ ਬਣੀਆ ਫਿਲਮਾਂ ਨੂੰ ਲੈਕੇ ਵੀ ਨਜ਼ਰੀਆ ਸਵਾਲੀਆ ਹੈ।ਭਾਰਤ ਅੰਦਰ ਜ਼ਿਮੀਦਾਰਾਂ ਤਸ਼ੱਦਦ,ਪਰਵਾਸੀ ਮਜਦੂਰਾਂ ਦੀ ਦਾਸਤਾਨ,ਔਰਤਾਂ ‘ਤੇ ਹੁੰਦੇ ਜ਼ੁਮਲਾਂ ਨੂੰ ਲੈਕੇ,ਮਾਓਵਾਦੀ ਸੰਘਰਸ਼,ਆਦੀਵਾਸੀ ਸੰਘਰਸ਼,ਕਸ਼ਮੀਰ,ਗੁਜਰਾਤ ਸਭ ਨੂੰ ਲੈਕੇ ਫਿਲਮਾਂ ਬਣੀਆ ਹਨ।ਇਸੇ ਤਰ੍ਹਾਂ ਪੰਜਾਬ ਅੰਦਰ ਸੂਬਾ ਸੰਘਰਸ਼ ਅਤੇ 1984 ਨੂੰ ਲੈਕੇ ਵੀ ਫਿਲਮਾਂ ਬਣਦੀਆਂ ਰਹੀਆਂ ਹਨ।ਪਰ ਪਿਛਲੇ ਸਾਲਾਂ ‘ਚ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਹੋਣ ਤੋਂ ਰੋਕਿਆ ਗਿਆ।ਇਸ ਲਈ ਹਲਾਤਾਂ ਦੇ ਵਿਗੜਣ ਨੂੰ ਅਧਾਰ ਬਣਾਇਆ ਜਾਂਦਾ ਹੈ ਜਦੋਂ ਕਿ ਭਾਰਤ ਦੇ ਇੱਕ ਹਿੱਸੇ ਅੰਦਰ ਵਾਪਰੀ ਇੱਕ ਕਹਾਣੀ ਨੂੰ ਲੋਕਾਂ ਸਾਹਮਣੇ ਲਿਆਉਣ ‘ਚ ਰੋਕਣ ਦੇ ਕੀ ਅਧਾਰ ਬਣਦੇ ਹਨ।
1984 ਦਿੱਲੀ ‘ਤੇ ਫਿਲਮ ‘ਅਮੂ’ ਬਣਾਉਣ ਵਾਲੀ ਸ਼ੋਨਾਲੀ ਬੋਸ ਕਹਿੰਦੀ ਹੈ ਕਿ ਮੈਂ ਜਦੋਂ ਫਿਲਮ ਬਣਾਈ ਤਾਂ ਇਹ ਧਿਆਨ ਰਖਿਆ ਕਿ ਇਹਨੂੰ ਹਰ ਕੋਈ ਵੇਖ ਸਕੇ ਪਰ ਜਦੋਂ ਸੈਂਸਰ ਅਜਿਹੀਆਂ ਫਿਲਮਾਂ ਨੂੰ ਰੋਕਦਾ ਹੈ ਤਾਂ ਉਹ ਅਵਾਮ ਨੂੰ ਇੱਕ ਖਾਸ ਵਾਪਰੀ ਘਟਨਾ ਤੋਂ ਜਾਣੂ ਨਹੀਂ ਕਰਵਾਉਣਾ ਚਾਹੁੰਦਾ।ਅਜਿਹੀ ਫਿਲਟ੍ਰੇਸ਼ਨ ਬਿਲਕੁਲ ਖਤਮ ਹੋਣੀ ਚਾਹੀਦੀ ਹੈ।ਜਿਵੇਂ ਕਿ 1984 ਦਿੱਲੀ ਕਤਲੇਆਮ ਦੇ ਪੀੜਤ ਦਰਸ਼ਨ ਕੌਰ ਹੁਣਾਂ ਮੇਰੇ ਵੱਲੋਂ ਕੀਤੀ ਮੁਲਾਕਾਤ ਦੌਰਾਨ ਕਿਹਾ ਸੀ ਕਿ ਰਾਜਸਥਾਨ ਤੋਂ ਸਾਡਾ ਪਰਿਵਾਰ ਦਿੱਲੀ ਬਿਹਤਰ ਜ਼ਿੰਦਗੀ ਦੀ ਤਲਾਸ਼ ‘ਚ ਆਇਆ ਸੀ ਪਰ ਦਿੱਲੀ ਅੰਦਰ ਬਿਹਤਰ ਜ਼ਿੰਦਗੀ ਦੀ ਤਲਾਸ਼ ਤਾਂ ਕਿਤੇ ਪਿੱਛੇ ਰਹਿ ਗਈ।ਸੋ ਅਜਿਹੇ ਹਵਾਲਿਆਂ ਨੂੰ ਲੈਕੇ ਜਦੋਂ ਤੱਕ ਕਿਤਾਬਾਂ,ਕਲਾ,ਫਿਲਮਾਂ ਨਾਲ ਜਾਂ ਉਹਨਾਂ ਲੋਕਾਂ ਨਾਲ ਸੰਵਾਦ ਨਹੀਂ ਹੋਵੇਗਾ ਤਾਂ ਉਦੋਂ ਤੱਕ ਅਸੀ ਅਜਿਹੀਆਂ ਤ੍ਰਾਸਦੀਆਂ ਲਈ ਅਵਾਜ਼ ਕਿਵੇਂ ਬਣ ਸਕਦੇ ਹਾਂ ਅਤੇ ਖਾਸ ਭਾਈਚਾਰੇ ਦੇ ਮਨਾਂ ਦੇ ਰੋਸ ਨੂੰ ਸਮਝੇ ਬਿਨਾਂ ਅਸੀ ਕਿਵੇਂ ਉਹਨਾਂ ਦਾ ਹੱਲ ਲੱਭਾਂਗੇ ?
ਅਜਿਹੀਆਂ ਹੋਰ ਬਹੁਤ ਉਦਾਹਰਨਾਂ ਹਨ ਜੋ ਸੈਂਸਰ ਬੋਰਡ ਦੀ ਕਾਰਗੁਜ਼ਾਰੀ ਨੂੰ ਸਾਡੇ ਸਾਹਮਣੇ ਰੱਖਦੀਆਂ ਹਨ।ਸੈਂਸਰ ਬੋਰਡ ਦੀ ਚੇਅਰਮੈਨੀ ਨੂੰ ਲੈਕੇ ਵੀ ਇੱਕ ਕਿੱਸਾ ਕਾਫੀ ਚਰਚਾ ‘ਚ ਰਿਹਾ ਸੀ।ਇਹ ਸੈਫ ਅਲੀ ਖ਼ਾਨ ਦੀ ਫਿਲਮ ‘ਹਮ ਤੁਮ’ ਆਉਣ ਵੇਲੇ ਸੀ।ਉਹਨਾਂ ਸਮਿਆਂ ‘ਚ ਸੈਂਸਰ ਬੋਰਡ ਦੀ ਮੁੱਖੀ ਸ਼ਰਮਿਲਾ ਟੈਗੋਰ ਸੀ।ਇਸ ਦੌਰਾਨ ਸੈਫ ਅਲੀ ਖ਼ਾਨ ਨੂੰ ਸਰਵੋਤਮ ਅਦਾਕਾਰ ਦਾ ਨੈਸ਼ਨਲ ਫਿਲਮ ਪੁਰਸਕਾਰ ਦੇ ਦਿੱਤਾ ਗਿਆ।ਇਹ ਆਪਣੇ ਆਪ ‘ਚ ਵੱਡੀ ਚਰਚਾ ਸੀ ਕਿਉਂ ਕਿ ਅਜਿਹੇ ਕੌਮਿਕ ਰੋਲ ਲਈ ਇਸ ਤੋਂ ਪਹਿਲਾਂ ਕਦੀ ਪੁਰਸਕਾਰ ਨਹੀਂ ਦਿੱਤਾ ਗਿਆ ਸੀ।
ਸੈਂਸਰ ਦੀ ਕਾਰਗੁਜ਼ਾਰੀ ਤਾਂ ਏਨੀ ਜ਼ਿਆਦਾ ਸਵਾਲਾਂ ਦੇ ਘੇਰੇ ‘ਚ ਆਉਂਦੀ ਰਹੀ ਹੈ ਕਿ ਦੇਵ ਆਨੰਦ ਸਾਹਬ ਨੇ ਇੱਕ ਫਿਲਮ ਹੀ ‘ਸੈਂਸਰ’ ਨਾਮ ਦੀ ਪਰਦਾਪੇਸ਼ ਕਰ ਦਿੱਤੀ ਸੀ।ਪਿਛਲੇ ਸਾਲ ਫਿਲਮ ਉੱਡਤਾ ਪੰਜਾਬ ਦਾ ਕਿੱਸਾ ਕਿਹਨੂੰ ਯਾਦ ਨਹੀਂ ਹੋਵੇਗਾ ? ਇਸ ਫਿਲਮ ਨੂੰ ਸੈਂਸਰ ਨੇ 93 ਕੱਟ ਅਤੇ 13 ਨਿਰਦੇਸ਼ਾਂ ਨਾਲ ਰਲੀਜ਼ ਕਰਨ ਦੀ ਸਹਿਮਤੀ ਦਿੱਤੀ।ਇੰਝ ਤਾਂ ਫਿਲਮ ਆਪਣੇ ਆਪ ‘ਚ ਖਤਮ ਸੀ।ਫਿਲਮ ਦੇ ਨਿਰਮਾਤਾ ਅਨੁਰਾਗ ਕਸ਼ਿਅਪ ਅਦਾਲਤ ਪਹੁੰਚ ਗਏ ਅਤੇ ਅਦਾਲਤ ਨੇ ਸਿਰਫ ਇੱਕ ਕੱਟ ਨਾਲ ਫਿਲਮ ਪਰਦਾਪੇਸ਼ ਕਰ ਦਿੱਤੀ।
ਸੈਂਸਰ ਦੇ ਹਾਲ ਦੇ ਦਿਨਾਂ ਦੇ ਦੋ ਕਿੱਸੇ ਕਾਫੀ ਚਰਚਾ ‘ਚ ਹਨ।
ਪਹਿਲਾ ਅਰਥਸ਼ਾਸ਼ਤਰੀ ਅੰਮ੍ਰਿਤਿਆ ਸੇਨ ਨੂੰ ਲੈਕੇ ਹੈ।ਅੰਮ੍ਰਿਤਿਆ ਸੇਨ ਨੂੰ ਲੈਕੇ ਇੱਕ ਦਸਤਾਵੇਜ਼ੀ ਫਿਲਮ ਆਈ ਹੈ।ਦੀ ਆਰਗਿਊਮੈਂਟਟੇਟਿਵ ਇੰਡੀਅਨ ਨਾਂ ਦੀ ਇਸ ਫਿਲਮ ‘ਚੋਂ ਸੈਂਸਰ ਬੋਰਡ ਨੇ ਗਾਂ,ਗੁਜਰਾਤ,ਹਿੰਦੂ ਸ਼ਬਦ ਹਟਾਉਣ ਨੂੰ ਕਿਹਾ ਹੈ।ਇੰਝ ਸਵਾਲ ਤਾਂ ਇਹ ਬਣਦਾ ਹੈ ਕਿ ਭਾਰਤ ਦੇ ਹੁਣ ਦੇ ਹਲਾਤ ‘ਚ ਜਿਹਨਾਂ ਸ਼ਬਦਾਂ ਦਾ ਖਾਸ ਵਜੂਦ ਹੈ,ਅਧਾਰ ਹੈ ਜੇ ਉਹ ਮਨਫੀ ਕਰ ਦਿੱਤੇ ਜਾਣ ਤਾਂ ਮਗਰ ਫਿਲਮ ਦਾ ਕੀ ਬਾਕੀ ਕੀ ਰਹਿੰਦਾ ਹੈ ? ਉਂਝ ਕਦੀ ਅੰਮ੍ਰਿਤਿਆ ਸੇਨ ਨੇ ਹੀ ਕਿਹਾ ਸੀ ਕਿ ਭਾਰਤ ਦੇ ਲੋਕ ਤਿੰਨ ‘ਸੀ’ ‘ਤੇ ਸਭ ਤੋਂ ਵੱਧ ਚਰਚਾ ਕਰਦੇ ਹਨ।ਇਹ ਸ਼ਬਦ ਕ੍ਰਿਕੇਟ,ਸਿਨੇਮਾ ਅਤੇ ਕਰੱਪਸ਼ਨ ਹਨ।ਅਖੀਰ ਅੰਮ੍ਰਿਤਿਆ ਸੇਨ ਵੀ ਸਿਨੇਮਾ ‘ਸੀ’ ਦੇ ਹੀ ਚਰਚਾ ਬਣ ਗਏ !
ਇਸੇ ਤਰ੍ਹਾਂ ਦਾ ਪਰ ਹਾਸੋਹੀਣਾ ਵਰਤਾਰਾ ਪਹਿਲਾਜ ਨਹਿਲਾਨੀ (ਸੈਂਸਰ ਬੋਰਡ ਮੁੱਖੀ) ਨੇ ਆਉਣ ਵਾਲੀ ਫਿਲਮ ‘ਵੈਨ ਹੈਰੀ ਮੈੱਟ ਸੇਜਲ’ ਨੂੰ ਲੈਕੇ ਕੀਤਾ ਹੈ।ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਇਸ ਫਿਲਮ ਅੰਦਰ ਵਰਤੇ ਸ਼ਬਦੇ ‘ਇੰਟਰਕੋਰਸ’ ਤੋਂ ਪਹਿਲਾਜ ਨੂੰ ਏਤਰਾਜ਼ ਸੀ।ਇਸ ਲਈ ਪਹਿਲਾਜ ਨਹਿਲਾਨੀ ਨੇ ਟਵਿੱਟਰ ‘ਤੇ ਇੰਟਰਕੋਰਸ ਸ਼ਬਦ ਨੂੰ ਪਾਸ ਕਰਨ ਲਈ ਵੋਟ ਮੰਗ ਲਏ।ਪਹਿਲਾਜ ਦਾ ਕਹਿਣਾ ਸੀ ਕਿ ਜੇ ਭਾਰਤ ‘ਚ ਇੱਕ ਲੱਖ ਲੋਕਾਂ ਨੇ ਇੰਟਰਕੋਰਸ ਨੂੰ ਲੈਕੇ ਕੋਈ ਏਤਰਾਜ਼ ਨਾ ਜਤਾਇਆ ਤਾਂ ਉਹ ਇਹ ਸ਼ਬਦ ਪਾਸ ਕਰ ਦੇਣਗੇ।ਇਸ ਨੂੰ ਲੈਕੇ ਭਾਰਤ ਦੇ ਲੋਕਾਂ ਨੇ ਪਹਿਲਾਜ ਨਹਿਲਾਨੀ ਨੂੰ ਲੈਕੇ ਆਪਣੇ ਖੁੱਲ੍ਹੇ ਵਿਚਾਰ ਭੇਜੇ ਅਤੇ ਕਿਹਾ ਕਿ ਯੰਗ ਇੰਡੀਆ ਅਜਿਹੇ ਸ਼ਬਦਾਂ ਨੂੰ ਭਲੀਭਾਂਤ ਸਮਝਦਾ ਹੈ ਅਤੇ ਇਸ ਸ਼ਬਦ ਨੂੰ ਅਸੀ ਸੁਭਾਵਕ ਲੈਂਦੇ ਹਾਂ ਸੋ ਸਾਨੂੰ ਇਸ ‘ਚ ਕੁਝ ਵੀ ਬੁਰਾ ਨਹੀਂ ਲੱਗਦਾ।ਅਖੀਰ ਪਹਿਲਾਜ ਨਹਿਲਾਨੀ ਨੂੰ ਇਹ ਸ਼ਬਦ ਪਾਸ ਕਰਨਾ ਪਿਆ ਅਤੇ ਫਿਲਮ ਨੂੰ ਯੂ/ਏ ਸਰਟੀਫਿਕੇਟ ਮਿਲਿਆ ਹੈ।
ਵਿਚਾਰਾਂ ਦੀ ਅਜ਼ਾਦੀ,ਉਹਦੀ ਪੇਸ਼ਕਾਰੀ,ਭਾਰਤ ਦੇ ਅੰਦਰੂਨੀ ਸੰਵਾਦ ਨੂੰ ਲੈਕੇ,ਇਹਦੀਆਂ ਰਹੁ ਰੀਤਾਂ,ਸੱਭਿਆਚਾਰ,ਜ਼ੁਬਾਨ ਨੂੰ ਲੈਕੇ ਸਾਨੂੰ 21 ਵੀ ਸਦੀ ਦੇ ਆਧੁਨਿਕ ਭਾਰਤ ਦੀ ਫਰਾਖਦਿਲੀ ਦੇ ਹਿਸਾਬ ਨਾਲ ਨੁਕਤਿਆਂ ਨੂੰ ਪਰਭਾਸ਼ਿਤ ਕਰਨਾ ਚਾਹੀਦਾ ਹੈ ਨਹੀਂ ਤਾਂ ਅਸੀ ਆਪਣੇ ਆਪ ਦੀ ਤੰਗ ਜ਼ਹਿਨੀਅਤ ਅੰਦਰ ਫੱਸ ਜਾਵਾਂਗੇ ਅਤੇ ਇਹ ਭਾਰਤ ਦੇ ਭਵਿੱਖ ਲਈ ਚੰਗਾ ਨਹੀਂ ਹੋਵੇਗਾ।
ਅਜਿਹਾ ਸੈਂਸਰ ਇਕੱਲਾ ਸਿਨੇਮਾ ਵਾਲੇ ਖੇਤਰ ‘ਚ ਨਹੀਂ ਸੰਗੀਤ ਖੇਤਰ ਅੰਦਰ ਵੀ ਅਜਿਹੇ ਕਈ ਕਿੱਸੇ ਨੇ ਜੋ ਸਭ ਦੀ ਨਜ਼ਰ ‘ਚ ਆਉਣੇ ਚਾਹੀਦੇ ਹਨ।ਪਿਛਲੇ ਸਾਲ ਗ਼ੁਲਾਮ ਅਲੀ ਸਾਹਬ ਦੇ ਕਨਸਰਟ ਦਾ ਮੁੰਬਈ ‘ਚ ਵਿਰੋਧ ਹੋਣਾ ਤੰਗ ਦਿਲੀ ਦਾ ਪ੍ਰਗਟਾਵਾ ਹੀ ਤਾਂ ਹੈ।ਇਸੇ ਤਰ੍ਹਾਂ ਇੰਗਲੈਂਡ ਲੰਡਨ ਦੇ ਵੈਂਬਲੀ ‘ਚ ਏ.ਆਰ.ਰਹਿਮਾਨ ਦੇ ਪ੍ਰੋਗਰਾਮ ‘ਚ ਕੁਝ ਹਿੰਦੀ ਭਾਸ਼ਾਈ ਲੋਕਾਂ ਨੇ ਜੋ ਵਿਰੋਧ ਕੀਤਾ ਉਹ ਅਫਸੋਸਨਾਕ ਹੈ।ਇਸ ਦੌਰਾਨ ਰਹਿਮਾਨ ਦੇ ਤਮਿਲ ਗੀਤ ਗਾਉਣ ਨੂੰ ਲੈਕੇ ਦਰਸ਼ਕ ਵਾਕਆਉਟ ਕਰ ਗਏ।ਜਦੋਂ ਕਿ ਸੱਚ ਇਹ ਹੈ ਕਿ ਇਸ ਕਨਸਰਟ ‘ਚ ਰਹਿਮਾਨ ਨੇ ਹਿੰਦੀ ਅਤੇ ਤਮਿਲ ਦੋਵੇਂ ਭਾਸ਼ਾਵਾਂ ਦੇ ਗੀਤ ਗਾਏ ਸਨ।ਇਸ ਕਨਸਰਟ ਦਾ ਨਾਮ ਵੀ ਤਮਿਲ ‘ਚ ਸੀ।ਕਨਸਰਟ ਦਾ ਨਾਮ ‘ਨੇਤਰੂ ਇੰਦੂ ਨਾਲਾਈ’ ਦਾ ਅਰਥ ਕੱਲ੍ਹ ਅੱਜ ਤੇ ਕੱਲ੍ਹ ਹੈ।ਇਸ ਦੌਰਾਨ ਚੰਗੀ ਗੱਲ ਇਹ ਵੀ ਹੋਈ ਕਿ ਰਹਿਮਾਨ ਦੇ ਪ੍ਰਸ਼ੰਸ਼ਕ ਨੇ ਆਪਣੇ ਅਜਿਹੇ ਵਰਤਾਰੇ ਲਈ ਟਵਿੱਟਰ ‘ਤੇ ਮਾਫੀ ਵੀ ਮੰਗੀ ਹੈ।
ਸਾਨੂੰ ਅਜਿਹੇ ਮੋਜ਼ੂ ਦੇ ਓਹਲੇ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਖੇਤਰੀ ਜ਼ੁਬਾਨਾਂ ਦਾ ਪਿਆਰ ਸੀ ਕਿ ਉਹਨਾਂ ਕਦੀ ਵੀ ਪਹਿਲਾਂ ਰੋਲਾ ਨਹੀਂ ਪਾਇਆ ਪਰ ਉਹਨਾਂ ਨੂੰ ਜਦੋਂ ਲੱਗਾ ਕਿ ਵਿੰਭਨਤਾ ਦਰਮਿਆਨ ਹਿੰਦੀ ਜ਼ੁਬਾਨ ਨੂੰ ਸਾਡੇ ‘ਤੇ ਲੱਧਿਆ ਜਾ ਰਿਹੈ ਤਾਂ ਜਾਕੇ ਉਹਨਾਂ ਵਿਰੋਧ ਕੀਤਾ।ਇਹ ਖਿਲਾਫਤ ਵੀ ਹਿੰਦੀ ਦੀ ਚੜ੍ਹਤ ਨੂੰ ਲੈਕੇ ਨਹੀਂ ਸੀ ਸਗੋਂ ਆਪਣੀ ਜ਼ੁਬਾਨ ਦੇ ਭੱਵਿਖ ਨੂੰ ਲੈਕੇ ਸੀ।ਇਸ ਸੰਦਰਭ ‘ਚ ਤਮਿਲਨਾਡੂ ‘ਚ ਅਨਾਦੁੱਰਾਈ ਦਾ ਅੰਦੋਲਣ ਸਭ ਤੋਂ ਸਫਲ ਰਿਹਾ।ਇਸ ਨਾਲ ਡੀ.ਐੱਮ.ਕੇ. ਪਾਰਟੀ ਹੋਂਦ ‘ਚ ਆਈ।ਇਸ ਤੋਂ ਬਾਅਦ ਅੰਨਾ ਡੀ.ਐੱਮ.ਕੇ ਹੋਂਦ ‘ਚ ਆਈ ਪਰ ਪਿਛਲੇ 50 ਸਾਲਾਂ ‘ਚ ਭਾਰਤੀ ਦੀ ਕੋਈ ਰਾਸ਼ਟਰੀ ਪਾਰਟੀ ਤਮਿਲਨਾਡੂ ‘ਚ ਨਹੀਂ ਆ ਸਕੀ।
ਆਪਣੇ ਤਮਿਲ ਭਾਸ਼ਾ ਏਜੰਡੇ ਨੂੰ ਲੈਕੇ ਹੀ ਹੈ ਕਿ ਤਮਿਲਨਾਡੂ ‘ਚ ਇੱਕ ਵੀ ਜਵਾਹਰ ਨਵੋਦਿਆ ਵਿਦਿਆਲਿਆ ਨਹੀਂ ਹੈ ਪਰ ਇਹਦਾ ਅਰਥ ਇਹ ਨਹੀਂ ਕਿ ਉਹ ਸਫਲ ਨਹੀਂ।ਸਿੱਖਿਆ ਦੇ ਖੇਤਰ ‘ਚ ਉਹਨਾਂ ਦੀ ਕਾਰਗੁਜ਼ਾਰੀ ਵਧੀਆ ਹੈ।ਸਿਹਤ ਸਹੂਲਤਾਂ ਤਲਿਨਾਡੂ ਦੀਆਂ ਸ਼ਾਨਦਾਰ ਪ੍ਰਬੰਧ ਦੀ ਮਿਸਾਲ ਹਨ।ਸੋ ਭਾਰਤ ਦੀ ਖੂਬਸੂਰਤੀ ਅਤੇ ਅੰਖਡਤਾ ਇਹਦੀ ਵੱਖ ਵੱਖ ਜ਼ੁਬਾਨਾਂ,ਸੰਸਕ੍ਰਿਤੀ ਅਤੇ ਸੱਭਿਆਚਾਰ ‘ਚ ਹਨ।ਜੇ ਅਸੀ ਇਸ ਨੁਕਤੇ ਨੂੰ ਸਮਝ ਲਈਏ ਤਾਂ ਇਹੋ ਸਾਡੀ ਤਾਕਤ ਹੋਵੇਗੀ।ਚੀਨ ਦੀ ਲੋਕਧਾਰਾ ‘ਚ ਇੱਕ ਕਹਾਵਤ ਹੈ ਕਿ ਕਿਸੇ ਦਾ ਬੂਹਾ ਲੰਘਦੇ ਹੋਏ ਉਹਦੇ ਘਰ ਦਾ ਸਲੀਕਾ ਸਿੱਖੋ।ਇਹ ਸਲੀਕਾ ਸਾਡੀ ਸਮਝ ਨਾਲ ਹੀ ਆਵੇਗਾ।ਉਮੀਦ ਹੈ ਭਾਰਤ ਅੰਦਰ ਤੰਗ ਦਿਲੀ ਬੰਦੇ ਅਤੇ ਸੈਂਸਰ ਅਜਿਹੇ ਪਹਿਲੂਆਂ ਨੂੰ ਸਮਝ ਜਾਵੇ।
ਅਕਲ ਮੇਂ ਯੂੰ ਤੋ ਨਹੀਂ ਕੋਈ ਕਮੀ
ਇੱਕ ਜ਼ਰਾ ਦੀਵਾਨਗੀ ਦਰਕਾਰ ਹੈ – ਫਿਰਾਕ ਗੋਰਖਪੁਰੀ

~ ਹਰਪ੍ਰੀਤ ਸਿੰਘ ਕਾਹਲੋਂ

On Censorship

On Censorship II

 

 

Advertisements

About Albeli Parwaz

ਖੁਦ ਦੇ ਬਾਰੇ ਬੋਲੀਏ ਤਾਂ ਮੀਆਂ ਮਿੱਠੂ ਹੋ ਜਾਈਦਾ ਏ। ਸੰਖੇਪ 'ਚ ਸਿਨੇਮਾ ਅਤੇ ਸਮਾਜ ਨੂੰ ਵੇਖਣ ਦੀ ਕੌਸ਼ਿਸ਼ ਰਹਿੰਦੀ ਹੈ ਪਰ ਇਹ ਦਾਅਵਾ ਨਹੀਂ ਕਿ ਮੈਂ ਕੋਈ ਵੱਖਰੀ ਗੱਲ ਕਰਨ ਦੀ ਕੌਸ਼ਿਸ਼ ਕਰਦਾ ਹਾਂ...ਬੱਸ ਆਪ ਹੀ ਤੋਂ ਸੁਣਕੇ ਆਪ ਨੂੰ ਸੁਣਾ ਦਿੱਤਾ।ਜ਼ਿੰਦਗੀ ਨੂੰ ਹਰ ਕਲਾ ਨੇ ਤਰਾਸ਼ਨ ਦੀ ਕੌਸ਼ਿਸ਼ ਕੀਤੀ ਹੈ ਤੇ ਇੰਝ ਹੋਣਾ ਵੀ ਚਾਹੀਦਾ ਹੈ।ਸਭ ਤੋਂ ਵੱਡਾ ਸਕੰਲਪ ਹੈ ਮਨੁੱਖਤਾ,ਕੁਦਰਤ ਪਰ ਅਜਿਹੇ ਸੰਕਲਪ ਅਸੀ ਬਹੁਤ ਪਿੱਛੇ ਕਿਤੇ ਛੱਡ ਆਏ ਹਾਂ।ਤਲਾਸ਼ ਜਾਰੀ ਹੈ,ਪਰਵਾਜ਼ ਜਾਰੀ ਹੈ ਤੇ ਇਸ ਅਲਬੇਲੀ ਪਰਵਾਜ਼ ਨਾਲ ਕੁਝ ਤਰਾਸ਼ ਹੋਵੇ ਤਾਂ ਜ਼ਿੰਦਗੀ ਜ਼ਿੰਦਗੀ ਹੈ।ਸੋ ਨਕਸ਼ ਦੀ ਤਰਾਸ਼ ਤਾਂ ਹੀ ਸਾਰਥਕ ਹੈ ਜੇ ਜਜ਼ਬਾਤ ਦੀ ਪਰਵਾਜ਼ ਨੂੰ ਸਮਝਿਆ ਜਾਵੇ Email : harpreetsingh.media@gmail.com Contact : +91 97798-88335
This entry was posted in Cinema, History, Politics and tagged , , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s