ਸੱਜਣ ਸਿੰਘ ਰੰਗਰੂਟ

SSRਪਤਾ ਏ ! ਕਹਾਣੀਆਂ ਦੀ ਸਭ ਤੋਂ ਵੱਡੀ ਫਿਕਰ ਕੀ ਹੁੰਦੀ ਏ? ਕਹਾਣੀਆਂ ਦੀ ਸਭ ਤੋਂ ਵੱਡੀ ਫਿਕਰ ਹੁੰਦੀ ਹੈ ਕਿ ਆਪਣੇ ਸਮਿਆਂ ਦਾ ਕਿੱਸਾ ਕਿਤੇ ਲੁਕਿਆ ਨਾ ਰਹਿ ਜਾਵੇ।ਇਸੇ ਸਿਲਸਿਲੇ ‘ਚ ਕਹਾਣੀਆਂ ਨਾਲ ਤੁਰਦੇ ਸਿਨੇਮਾ ਦਾ ਇਹ ਕ੍ਰਾਫਟ ਇਮਾਨਦਾਰ ਵੀ ਅਤੇ ਬਾਕਮਾਲ ਵੀ ਜਾਪਦਾ ਹੈ।
ਇਤਿਹਾਸ ਸਿਰਫ ਲਿਖਿਆ ਹੀ ਨਹੀਂ ਗਿਆ।ਖਾਸ ਤੌਰ ‘ਤੇ ਪੰਜਾਬ ਨੇ ਤਾਂ ਆਪਣੀਆਂ ਬਾਤਾਂ ਜ਼ੁਬਾਨ ਦਰ ਜ਼ੁਬਾਨ ਆਪਣੇ ਵੱਡਿਆਂ ਤੋਂ ਸੁਣੀਆਂ ਹਨ।ਅਹਿਮਦ ਸ਼ਾਹ ਅਬਦਾਲੀ ਸਾਨੂੰ ਕਿਤਾਬਾਂ ‘ਚੋਂ ਘੱਟ ਸਾਡੀ ਕਹਾਵਤਾਂ ‘ਖਾਧਾ ਪੀਤਾ ਲਾਹੇ ਦਾ,ਬਾਕੀ ਅਹਿਮਦ ਸ਼ਾਹੇ ਦਾ’ ਤੋਂ ਵਧੇਰੇ ਸਮਝ ਆਉਂਦਾ ਹੈ।ਭੱਵਿਖ ਨੂੰ ਰੌਸ਼ਨ ਬਣਾਉਣ ਲਈ ਅੱਜ ਦੇ ਸਮਿਆਂ ‘ਚ ਖੜ੍ਹਕੇ ਬੀਤੇ ਕੱਲ੍ਹ ਨਾਲ ਗੱਲਾਂ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਹਨ।
‘ਸੱਜਣ ਸਿੰਘ ਰੰਗਰੂਟ’ ਤ੍ਰਾਸਦੀਆਂ ਦੀ ਲੁੱਟੀ ਜ਼ਮੀਨ ‘ਤੇ ਬੇਆਸ ਲੋਕਾਂ ਨੂੰ ਸੁਣਾਈ ਜਾ ਰਹੀ ਕਹਾਣੀ ਤੋਂ ਸ਼ੁਰੂ ਹੁੰਦੀ ਹੈ।ਭਾਈ ਘਨ੍ਹਈਆ ਦੇ ਵਾਰਸ ‘ਖ਼ਾਲਸਾ ਏਡ’ ਦੀ ਸੇਵਾ ਮਨੁੱਖਤਾ ਦੀ ਉਮੀਦ ਹੈ।ਇਹ ਆਸਟ੍ਰੇਲੀਅਨ ਮੂਰਤਘਾੜਾ ਡੇਨੀਅਲ ਕੋਨਲ ਦੀਆਂ ਗੱਲਾਂ ਵਰਗੀ ਗੱਲ ਹੈ।ਡੇਨੀਅਲ ਕਹਿੰਦਾ ਹੈ ਕਿ ਜਦੋਂ ਲੋਕ ਆਪਣੇ ਕੁਨਬੇ,ਜਾਤ,ਧਰਮ ਤੋਂ ਬਾਹਰ ਕਿਸੇ ਦੂਜੇ ਧਰਮ,ਜਾਤ,ਕੁਨਬੇ ਦਾ ਦੁੱਖ ਕਹਿਣਗੇ ਅਤੇ ਉਹ ਕੁਨਬੇ ਅੱਗੋਂ ਜਾਤ,ਨਸਲ,ਰੰਗ ਤੋਂ ਉੱਪਰ ਉੱਠਕੇ ਕਿਸੇ ਹੋਰ ਕਬੀਲੇ ਦੇ ਦਰਦ ਨੂੰ ਵੰਡਾਉਣਗੇ ਦੁਨੀਆਂ ਉਸ ਦਿਨ ਬਦਲੇਗੀ।ਲਾਮਬੰਦੀ ਅਧਾਰਤ ਹਾਲੀਵੁੱਡ ਫਿਲਮਾਂ ਦੇ ਮੁਕਾਬਲੇ ਪੇਸ਼ਕਾਰੀ ਤੋਂ ਅਤੇ ਸਾਧਨਾਂ ਦੇ ਸੀਮਤ ਹੋਣ ਦੇ ਬਾਵਜੂਦ ਪੰਕਜ ਬੱਤਰਾ ਦੀ ਫਿਲਮ ਸਾਨੂੰ ਕਿਉਂ ਝੰਜੋੜਦੀ ਹੈ ?
ਜੰਗ ਕਿਸੇ ਮਸਲੇ ਦਾ ਹੱਲ ਨਹੀਂ।ਜੰਗ ਤੋਂ ਬਾਅਦ ਵੀ ਤ੍ਰਾਸਦੀਆਂ ਦਾ ਅੰਤ ਨਹੀਂ ਹੋਇਆ।ਬਰਤਾਨਵੀ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਦਾ ਕਹਿਣਾ ਸੀ ਕਿ ਜੰਗ ਜ਼ਰੂਰੀ ਹੈ ਤਾਂਕਿ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।ਪਰ ਫਿਰ ਵੀ ਕੁਝ ਬਦਲਦਾ ਕਿਉਂ ਨਹੀਂ ? ਸੱਜਣ ਸਿੰਘ ਰੰਗਰੂਟ ਉਹਨਾਂ ਫੌਜੀਆਂ ਦੀ ਬਹਾਦਰੀ ਨਾਲ ਲੜੀ ਜੰਗ ਦੀ ਦਾਸਤਾਨ ਦੇ ਨਾਲ ਨਾਲ ਘਰਾਂ ਨੂੰ ਵਾਪਸੀ ਦੀ ਅਧਵਾਟੇ ਰਹੀ ਉਮੀਦ ਦੀ ਕਹਾਣੀ ਬਹੁਤੀ ਹੈ।
ਇਹ ਇੱਕਲੀਕਾਰੀ ਜੰਗ ਦੀ ਕਹਾਣੀ ਨਾ ਹੋਕੇ ਸੱਜਣ ਸਿੰਘ ਰੰਗਰੂਟ ਦੇ ਹਵਾਲੇ ਉਸ ਦੌਰ ਦੇ ਪੰਜਾਬੀਆਂ ਦੇ ਮਾਹੌਲ ਦੀ ਕਹਾਣੀ ਹੈ।ਰੰਗਰੂਟ ਹੋਣਾ ਆਮ ਲੋਕਾਈ ‘ਚ ਸ਼ਾਹੀ ਜ਼ਿੰਦਗੀ ਨੂੰ ਜਿਊਣਾ ਮੰਨਿਆ ਜਾਂਦਾ ਸੀ।ਕਈ ਬਜ਼ੁਰਗਾਂ ਦੇ ਹਵਾਲੇ ਨਾਲ ਇਹ ਗੱਲਾਂ ਆਮ ਸੁਨਣ ਨੂੰ ਮਿਲਦੀਆਂ ਹਨ ਕਿ ਉਹਨਾਂ ਸਮਿਆਂ ‘ਚ ਬਰਤਾਨਵੀ ਫੌਜ ‘ਚ ਸ਼ਾਮਲ ਬੰਦਿਆਂ ਨੂੰ ਪਿੰਡਾਂ ‘ਚ,ਪੰਜਾਬੀ ਸਮਾਜ ‘ਚ ਕਦੀ ਵੀ ਹਿਕਾਰਤ ਨਾਲ ਨਹੀਂ ਵੇਖਿਆ ਗਿਆ।ਭਾਰਤ ਅੰਦਰ ਅਜ਼ਾਦੀ ਲਈ ਸੰਘਰਸ਼ ਕਰਦੇ ਲੋਕ ਇੱਕ ਸੱਚ ਸੀ ਤਾਂ ਦੂਜਾ ਸੱਚ ਸੀ ਕਿ ਭਾਰਤ ਅੰਦਰ ਹਮਾਤੜ ਬੰਦਿਆਂ ਦਾ ਰੁਝੇਵਾ ਤਾਂ ਆਪਣੀ ਦਾਲ ਰੋਟੀ ਅਤੇ ਸਧਾਰਨ ਜ਼ਿੰਦਗੀ ਹੀ ਸੀ।ਯਾਨਿ ਕਿ ਬਰਤਾਨਵੀ ਸਰਕਾਰ ਦਾ ਰਾਜ ਹੋਣਾ ਨਾ ਹੋਣਾ ਉਹਨਾਂ ਲਈ ਕੋਈ ਮਸਲਾ ਨਹੀਂ ਸੀ।ਇਹਦਾ ਬਿਆਨ ਫਿਲਮ ਅੰਦਰ ਇੱਕ ਮਹਿਫਲ ‘ਚ ਵੀ ਆਉਂਦਾ ਹੈ।
ਇੰਝ ਹੀ ਉਹਨਾਂ ਸਮਿਆਂ ਦਾ ਇੱਕ ਸੱਚ ਇਹ ਵੀ ਸੀ ਕਿ ਉਸ ਦੌਰ ਅੰਦਰ ਜਿਵੇਂ ਕਿਸਾਨ,ਜੁਲਾਹੇ,ਤਰਖਾਨ ਆਦਿ ਹੋਰ ਕਿਰਤੀ ਬੰਦੇ ਅਤੇ ਰੁਜ਼ਗਾਰ ਸਨ ਠੀਕ ਉਸੇ ਤਰ੍ਹਾਂ ਹੀ ਬਰਤਾਨਵੀ ਫੌਜ ‘ਚ ਸ਼ਾਮਲ ਹੋਣਾ ਆਮ ਵਰਤਾਰਾ ਸੀ।ਹਾਂ ਇਸ ਗੱਲ ਦੇ ਹਵਾਲੇ ਬਹੁਤ ਹਨ ਕਿ ਅੰਗਰੇਜ਼ਾਂ ਦੇ 1849 ‘ਚ ਪੰਜਾਬ ‘ਤੇ ਕਬਜ਼ਾ ਹੋਣ ਤੋਂ ਬਾਅਦ ਖਾਸ ਵਿਉਂਤਬੰਦੀ ਤਹਿਤ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਫੌਜੀ ਅਤੇ ਮੁਸਲਮਾਨ ਤੇ ਸਿੱਖ ਫੌਜੀਆਂ ਨੂੰ ਬਕਾਇਦਾ ਸ਼ਾਮਲ ਕੀਤਾ ਗਿਆ।ਕੁਝ ਥਾਵਾਂ ‘ਤੇ ਅਜਿਹੀ ਮੁਹਿੰਮ ਵੀ ਛੇੜੀ ਕਿ ਨੌਜਵਾਨ ਭਰਤੀ ਕੀਤੇ ਜਾਣ।ਬਰਤਾਨਵੀ ਫੌਜ ਅੰਦਰ ਇਹਨਾਂ ਫੌਜੀਆਂ ਦੇ ਯੋਗਦਾਨ ਨੂੰ ਯਾਦ ਰੱਖਦੇ ਸਮਾਰਕ ਇੰਗਲੈਂਡ,ਕਨੇਡਾ ਤੋਂ ਲੈਕੇ ਫ੍ਰਾਂਸ ਦੇ ਨੈਫਸ਼ੇਪਲ ਤੱਕ ਹਨ।
ਉਸ ਦੌਰ ਦੇ ਹਵਾਲਿਆਂ ‘ਚ ਜੇ ਇੱਕ ਜ਼ਿਕਰ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਜਾਂ ਭਾਰਤੀਆਂ ਅਤੇ ਕੁੱਤਿਆਂ ਦੇ ਸਿਨੇਮਾ ‘ਚ ਮਨਾਹੀ ਦੇ ਹਵਾਲਿਆਂ ਦਾ ਹੈ ਤਾਂ ਦੂਜੇ ਪਾਸੇ ਇਹ ਵੀ ਹਵਾਲੇ ਹਨ 1897 ਦੀ ਸਾਰਾਗੜ੍ਹੀ ਦੀ ਲੜਾਈ ‘ਚ ਸ਼ਹੀਦੀਆਂ ਪਾਉਣ ਵਾਲੇ 21 ਸਿੱਖਾਂ ਨੂੰ ਮੈਰਿਟ ਆਫ ਹਾਨਰ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਫੌਜ ਦਾ ਉੱਚਾ ਸਨਮਾਨ ਸੀ।ਇਹ ਸਭ ਬਿਆਨ ਕਰਨ ਦਾ ਮੇਰਾ ਸਿਰਫ ਏਨਾ ਕੁ ਕਾਰਨ ਹੈ ਕਿ ਸਮਾਜ ਅੰਦਰ ਵਿਚਾਰ,ਵਰਤਾਰੇ ਕਦੀ ਵੀ ਇੱਕਲੇ ਇਕਹਿਰੇ ਨਹੀਂ ਤੁਰਦੇ।ਇੱਕੋ ਸਮੇਂ ਇੱਕੋ ਥਾਂ ‘ਤੇ ਇੱਕੋ ਸਮਾਜ ਅੰਦਰ ਮਾਹੌਲ ‘ਚ ਕਈ ਗੱਲਾਂ ਇੱਕੋ ਸਮੇਂ ਹੋ ਰਹੀਆਂ ਹੁੰਦੀਆਂ।ਸਭ ਦੇ ਰੰਗ ਹਰੇ ਨਹੀਂ ਹੁੰਦੇ ਤੇ ਸਭ ਦੇ ਰੰਗ ਕਾਲੇ ਨਹੀਂ ਹੋਣਗੇ।ਸੱਜਣ ਸਿੰਘ ਰੰਗਰੂਟ ਫਿਲਮ ਨੂੰ ਵੇਖਦਿਆਂ ਇੱਕ ਤਬਕੇ ਵੱਲੋਂ ਇਹਨੂੰ ਸਿੱਖਾਂ ਦੇ ਜਜ਼ਬਾਤੀ ਰੰਗ ਸਹਾਰੇ ਫਿਲਮ ਨੂੰ ਪੇਸ਼ ਕਰਨ ਦਾ ਦੋਸ਼ ਵੀ ਲੱਗਦਾ ਹੈ।ਪਰ ਮੈਨੂੰ ਇਸ ਕਰਕੇ ਇਹ ਈਮਾਨਦਾਰ ਕੌਸ਼ਿਸ਼ ਲੱਗਦੀ ਹੈ ਕਿ ਕੋਈ ਮਹੀਨ ਬਹਿਸ ‘ਚੋਂ ਗੁਜ਼ਰਦਿਆਂ ਵੀ ਉਸ ਦੌਰ ਦੀ ਉਹ ਕਹਾਣੀ ਕਹਿ ਰਿਹਾ ਹੈ ਜਿਹੜੀ ਪਹਿਲਾਂ ਨਹੀਂ ਕਹੀ ਗਈ।
ਗੈਂਗਸ ਆਫ ਨਿਊਯਾਰਕ,ਦੀ ਡਿਪਾਰਟਡ ਵਰਗੀਆਂ ਫ਼ਿਲਮਾਂ ਦਾ ਹਦਾਇਤਕਾਰ ਮਾਰਟਿਨ ਸਕੋਰਸੇਸ ਦਾ ਕਥਨ ਹੈ ਕਿ ਕਹਾਣੀ ਉਹੋ ਜੋ ਵੇਖਣ ਵਾਲੇ ਨੂੰ ਆਪਣੇ ਨਾਲ ਤੋਰ ਲਵੇ।ਸੱਜਣ ਸਿੰਘ ਰੰਗਰੂਟ ਦੀ ਸਭ ਤੋਂ ਪਿਆਰੀ ਗੱਲ ਇਹੋ ਲੱਗਦੀ ਹੈ ਕਿ ਉਹੋ ਸਥਾਪਿਤ ਵਿਚਾਰ ਤੋਂ ਪਰ੍ਹਾਂ ਪੰਜਾਬ ਅੰਦਰ ਪੰਜਾਬੀ ਹੋਣ ਦੇ ਅਹਿਸਾਸ ਨੂੰ ਜਿਉਂਦਾ ਕਰਨ ਦੀ ਕੌਸ਼ਿਸ਼ ਕਰਦੀ ਹੈ।ਆਪਣੇ ਬਿਆਨ ‘ਚ ਉਹ ਪੰਜਾਬੀਅਤ ਦਾ ਹਿੰਦੂ,ਮੁਸਲਿਮ,ਸਿੱਖ ਵਰਗੀਕਰਨ ਨਹੀਂ ਹੋਣ ਦਿੰਦੀ।ਇਤਿਹਾਸਕ ਤੌਰ ‘ਤੇ ਸੱਜਣ ਸਿੰਘ ਰੰਗਰੂਟ ਕਈ ਉਣਤਾਈਆਂ ‘ਚੋਂ ਗੁਜ਼ਰ ਸਕਦੀ ਹੈ ਅਤੇ ਇਹਦੀ ਸੰਭਾਵਨਾ ਬਿਲਕੁਲ ਰਹੇਗੀ।ਪਰ ਨਾਲੋਂ ਨਾਲ ਸੱਜਣ ਸਿੰਘ ਰੰਗਰੂਟ ਪੰਜਾਬੀ ਸਿਨੇਮਾ ‘ਚ ਵਿਸ਼ੇ ਦੀ ਚੋਣ,ਨਿਰਦੇਸ਼ਕ ਦੇ ਕੌਸ਼ਲ,ਸਿਨੇਮਾ ਦੀ ਉਮੀਦ,ਸੰਗੀਤ ਅੰਦਰ ਗੀਤਾਂ ਨੂੰ ਚਿਨਣ ਦੀ ਖਾਸੀਅਤ ਤੋਂ ਲੈਕੇ ਦਿਲਜੀਤ,ਯੋਗਰਾਜ ਅਤੇ ਕਲਾਕਾਰਾਂ ਦੀ ਅਦਾਕਾਰੀ ਤੋਂ ਅਣਗੋਲਿਆ ਨਹੀਂ ਕੀਤੀ ਜਾ ਸਕਦੀ।ਇਹ ਬਹੁਤ ਘੱਟ ਹੈ ਕਿ ਫਿਲਮ ਅੰਦਰ ਗੀਤਾਂ ਨੂੰ ਆਪਣੇ ਸ਼ਾਨਦਾਰ ਕਲਾਤਮਕ ਸ਼ਬਦ ਚੋਣ ਨਾਲ ਥਾਂ ਮਿਲਦੀ ਹੋਵੇ।ਪੰਜਾਬੀ ਸਿਨੇਮਾ ‘ਚ ਗੀਤਾਂ ਦੀ ਸ਼ਬਦਾਵਲੀ ਨੂੰ ਲੈਕੇ ਖਾਸ ਝਲਕਾਰੇ ਅਕਸਰ ਵਿਖ ਰਹੇ ਹਨ।ਇਹਨਾਂ ਗੀਤਾਂ ਅੰਦਰ ਅਦਬ ਦੀ ਸਹਿਜ ਬੁਣਕਾਰੀ ਹੈ।

ਅਖੀਰ ‘ਤੇ
ਅੰਬਰਦੀਪ ਸਿੰਘ ਬਤੌਰ ਨਿਰਦੇਸ਼ਕ ਮੈਨੂੰ ਵਧੀਆ ਲੱਗਦਾ ਹੈ।ਜਦੋਂ ਮੈਂ ਲੌਂਗ ਲਾਚੀ ਬਾਰੇ ਲਿਖਿਆ ਤਾਂ ਇਸ ਨੂੰ ਉਹਦੇ ਵਿਰੋਧ ‘ਚ ਲਿਖਿਆ ਸਮਝਿਆ ਗਿਆ।ਮੈਨੂੰ ਹੋਰਾਂ ਬਾਰੇ ਨਹੀਂ ਪਤਾ ਪਰ ਫਿਲਮ ਬਾਰੇ ਗੱਲ ਕਰਦਿਆਂ ਮੈਂ ਮਹਿਣੋ ਮਹਿਣੀ ਕਿਉਂ ਹੋਵਾਂ ? ਮੈਨੂੰ ਉਸ ਫਿਲਮ ‘ਚ ਕਈ ਗੱਲਾਂ ਪਿਆਰੀਆਂ ਵੀ ਲੱਗੀਆਂ ਹਨ ਅਤੇ ਬਾਕੀ ਜਿਵੇਂ ਫਿਲਮ ਮੈਂ ਵੇਖੀ ਉਵੇਂ ਲਿਖਿਆ।ਹੁਣ ਇਹ ਡਿਸਕਲਮੇਰ ਦੇਣਾ ਜ਼ਰੂਰੀ ਕਿਉਂ ਹੈ ਕਿ ਮੇਰੀ ਲਿਖੀ ਗੱਲ ਕੋਈ ਆਖਰੀ ਗੱਲ ਨਹੀਂ।ਫਿਲਮ ਬਾਰੇ ਲਿਖਦਿਆਂ ਮੇਰੀ ਲਿਖਾਵਟ ਦਾ ਇਹ ਹਿੱਸਾ ਨਹੀਂ ਰਹਿੰਦਾ ਕਿ ਉਹ ਪੈਸਾ ਕਮਾਏਗੀ ਜਾਂ ਨਹੀਂ,ਹਿੱਟ ਹੋਵੇਗੀ ਜਾਂ ਨਹੀਂ।ਪਿਛਲੇ ਦਿਨਾਂ ‘ਚ ਮੈਂ ਜ਼ੋਰਾ ਦੱਸ ਨੰਬਰੀਆ ਫਿਲਮ ਵੀ ਵੇਖੀ ਵਧੀਆ ਲੱਗੀ ਬੱਸ ਉਸ ਫਿਲਮ ਦੇ ਇਸ਼ਕ ਵਾਲੇ ਹਿੱਸੇ ਪ੍ਰਭਾਵਿਤ ਨਹੀਂ ਕਰਦੇ।ਕਿਉਂ ਕਿ ਦੁਨੀਆਂ ‘ਚ ਸਭ ਤੋਂ ਸਧਾਰਨ ਜ਼ੁਬਾਨ ਪਿਆਰ ਦੀ ਹੁੰਦੀ ਹੈ।ਪਰ ਉਹਨਾਂ ਕਿਰਦਾਰਾਂ ਦੀ ਇਸ਼ਕ ਵਾਲੀ ਜ਼ੁਬਾਨ ਅਕਾਦਮਿਕ ਜਾਪਦੀ ਸੀ।

~ ਹਰਪ੍ਰੀਤ ਸਿੰਘ ਕਾਹਲੋਂ

Advertisements
Posted in Cinema, History, Music, Society | Tagged , , , , , | Leave a comment

ਖ਼ੁਦ ਨੂੰ ਪਛਾਨਣ ਦਾ ਬਿਆਨ

Still Hichkiਤੁਹਾਨੂੰ ਤੁਹਾਡਾ ਅਧਿਆਪਕ ਯਾਦ ਹੈ ? ਸਾਡੀਆਂ ਰਾਹਵਾਂ ਨੂੰ ਬੇਪਛਾਣੇ ਹੋਣ ਤੋਂ ਬਚਾਉਂਦਾ ਉਹ ਸਾਡੀ ਬੁਨਿਆਦ ‘ਤੇ ਕੰਮ ਕਰਦਾ ਹੈ।ਅਜਿਹਾ ਅਧਿਆਪਕ ਕੋਣ ਹੈ ਅਤੇ ਕਦੋਂ ਆਉਂਦਾ ਹੈ ਸਾਨੂੰ ਇਹਦਾ ਪਤਾ ਨਹੀਂ ਚੱਲਦਾ।ਪਰ ਜ਼ਿੰਦਗੀ ਦੀਆਂ ਰਾਹਵਾਂ ‘ਤੇ ਉਹ ਇੱਕ ਅਧਿਆਪਕ ਸਾਨੂੰ ਮੁੜ ਮੁੜ ਚੇਤੇ ਆਉਂਦਾ ਹੈ।ਜ਼ਿੰਦਗੀ ਅੰਦਰ ਜੇ ਅਧਿਆਪਕ ਏਨਾ ਖਾਸ ਹੈ ਤਾਂ ਅਸੀਂ ਉਸ ਬਾਰੇ ਕਦੀ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਸੋਚਣਾ ਚਾਹੀਦਾ ਹੈ।ਧਰਨੇ ਦਿੰਦੇ,ਚਾਹਵਾਂ ਪੀਂਦੇ,ਚੋਣਾਂ ‘ਚ ਡਿਊਟੀ ਦਿੰਦੇ ਅਧਿਆਪਕਾਂ ਦੀ ਇਸ ਭੂਮਿਕਾ ਬਾਰੇ ਅਸਾਂ ਕਦੀ ਚਰਚਾ ਹੀ ਨਹੀਂ ਕੀਤੀ।ਇੱਕ ਚੰਗਾ ਗੁਰੁ ਸਾਡੇ ਵਿਹਾਰ ‘ਚੋਂ ਬੋਲਦਾ ਹੈ।ਲਗਾਤਾਰ ਅਚੇਤ-ਸੁਚੇਤ ਰੂਪ ‘ਚ ਚਾਹੇ ਸਾਨੂੰ ਉਹਦਾ ਹਮੇਸ਼ਾ ਨਾਮ ਨਾ ਯਾਦ ਰਹੇ।
ਯਸ਼ ਚੋਪੜਾ ਪ੍ਰੋਡਕਸ਼ਨ ਦੀ ਫਿਲਮ ‘ਹਿਚਕੀ’ ਸਾਡੇ ਦਿਲਾਂ ਤੱਕ ਕੁਝ ਇੰਝ ਹੀ ਉਤਰਦੀ ਹੈ।ਰਾਣੀ ਮੁਖਰਜੀ ਆਪਣੀ ਖਾਸ ਬਿਮਾਰੀ ਨਾਲ ਪਰਦੇ ‘ਤੇ ਆਉਂਦੀ ਵੇਖਣ ਵਾਲਿਆਂ ਨੂੰ ਆਪਣੇ ਨਾਲ ਜੋੜਦੀ ਹੈ ਕਿਉਂ ਕਿ ਉਹ ਸਾਨੂੰ ਆਪਣੇ ਵਰਗੀ ਲੱਗਦੀ ਹੈ।ਅਸੀਂ ਖੁਦ ਵੀ ਸੰਪੂਰਨ ਕਦੋਂ ਹਾਂ ? ਇਹ ਦੁਨੀਆਂ ਪਰਫੈਕਟ ਨਹੀਂ ਹੈ।ਬੱਸ ਇਹਦੇ ਦਿਖਾਵੇ ਦੇ ਸੰਘਰਸ਼ ‘ਚ ਸਭ ਕੁਝ ਚੱਲ ਰਿਹਾ ਹੈ।
ਮੈਂ ਤੇ ਮੇਰੀ ਅਧਿਆਪਕ ਸ਼ਾਲਿਨੀ ਖੁਰਾਨਾ ! ਉਹ ਮੈਨੂੰ ਭੁੱਲ ਗਏ ਹੋਣਗੇ ਜਾਂ ਸ਼ਾਇਦ ਯਾਦ ਆ ਜਾਵਾਂ।ਥੌੜ੍ਹਾ ਜ਼ੋਰ ਦਿੱਤਾ ਜਾਵੇ ਤਾਂ ਯਾਦ ਜ਼ਰੂਰ ਆਵਾਂਗਾ।ਪਰ ਮੈਂ 9ਵੀਂ ਜਮਾਤ ਤੋਂ ਬਾਅਦ ਉਹਨਾਂ ਨੂੰ ਕਦੀ ਮਿਲਿਆ ਨਹੀਂ।ਉਹਨਾਂ ਦੀ ਬਦਲੀ ਹੋ ਗਈ ਸੀ।ਸਮਾਜ ਵਿਗਿਆਨ ਦੀ ਅਧਿਆਪਕ ਜੋ ਮੇਰੀ ਸੋਚ ‘ਚ ਜਿਉਂਦੀ ਹੈ।ਉਹਨਾਂ ਦੇ ਪੜ੍ਹਾਉਣ ਨਾਲ ਸਮਾਜ ਅਤੇ ਅਸੀਂ ਅਤੇ ਸਾਡਾ ਇਤਿਹਾਸ ਨਾਲ ਸਬੰਧ ਅਤੇ ਇਸ ਦਰਮਿਆਨ ਸਾਡੇ ਵਿਹਾਰ ਦੀ ਸਾਂਝ ਦਾ ਜਿਹੜਾ ਬਿਆਨ ਮੇਰੀਆਂ ਗੱਲਾਂ ‘ਚ ਆਉਂਦਾ ਹੈ ਉਹ ਮੈਂ ਉਹਨਾਂ ਤੋਂ ਸਿੱਖਿਆ।ਮੇਰੇ ਇਸ ਨਜ਼ਰੀਏ ਬਾਰੇ ਨਾ ਉਹ ਜਾਣਦੇ ਹੋਣਗੇ ਨਾ ਮੈਂ ਕਦੀ ਉਹਨਾਂ ਨੂੰ ਦੱਸ ਸਕਿਆ।ਵਿਗਿਆਨ,ਹਿਸਾਬ ਅਤੇ ਹੋਰ ਵਿਸ਼ੇ ਮੈਨੂੰ ਬਹੁਤੇ ਨਹੀਂ ਖਿੱਚਦੇ ਸਨ।ਪਰ ਉਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨਾਲ ਵੀ ਮੇਰੀ ਸਾਂਝ ਮੇਰੇ ਕਿਰਦਾਰ ਦਾ ਖਾਸ ਹਿੱਸਾ ਹੈ।
ਫਿਲਮ ਹਿੱਚਕੀ ਮੈਨੂੰ ਖੁਦ ਨਾਲ ਇੰਝ ਜੋੜਦੀ ਹੈ।ਹਿਚਕੀ ਦੀ ਅਧਿਆਪਕ ਕਿਉਂ ਅਤੇ ਕਿਉਂ ਨਹੀਂ ਦੇ ਦਰਮਿਆਨ ਆਪਣੇ ਵਿਦਿਆਰਥੀਆਂ ਨੂੰ ਫੈਸਲਾ ਲੈਣ ਦੀ ਤਾਕਤ ਦਿੰਦੀ ਹੈ।ਅਜਿਹੀਆਂ ਕਹਾਣੀਆਂ ਬਹੁਤ ਵਾਰ ਕਹੀਆਂ ਗਈਆਂ ਹਨ ਪਰ ਜਿਵੇਂ ਕਿ ਇਹ ਕਹਾਣੀ ਭਾਵਨਾਤਮਕ ਸਬੰਧ ਦਾ ਬਿਆਨ ਹੈ ਇਸ ਕਰਕੇ ਮੈਨੂੰ ਕਹਾਣੀ ਬਾਵਜੂਦ ਦੁਹਰਾਵ ਦੇ ਤਾਜ਼ੀ ਲੱਗਦੀ ਹੈ।
ਸਾਨੂੰ ਅਜਿਹੀਆਂ ਕਹਾਣੀ ਛੂੰਹਦੀਆਂ ਹਨ।ਹਮੇਸ਼ਾ ਛੂੰਹਦੀਆਂ ਹਨ।ਦਿਲ ਤੋਂ ਦਿਲ ਤੱਕ ਛੂੰਹਦੀਆਂ ਹਨ।ਕਿਉਂ ਕਿ ਇਹ ਬੰਦੇ ਨੂੰ ਖੁਦ ‘ਤੇ ਵਿਸ਼ਵਾਸ਼ ਕਰਨ ਲਾਉਂਦੀਆਂ ਹਨ।ਇਸੇ ਕਰਕੇ ਸਧਾਰਨ ਬਿਆਨ ਹੋਣ ਦੇ ਬਾਵਜੂਦ ਇਹ ਕਹਾਣੀਆਂ ਸਾਨੂੰ ਆਪਣੇ ਨਾਲ ਤੋਰਦੀਆਂ ਹਨ।ਇਹ ਸੰਸਾਰ ਨਿਊਟਨ ਵਰਗਿਆਂ ਨਾਲ ਨਹੀਂ ਭਰਿਆ।ਇਹ ਸੰਸਾਰ ਨਿਊਟਨ ਬਾਰੇ ਗੱਲਾਂ ਕਰਨ ਵਾਲਿਆਂ ਦੇ ਨਾਲ ਭਰਿਆ ਹੈ।ਨਿਊਟਨ ਬਾਰੇ ਗੱਲਾਂ ਕਰਨ ਵਾਲਿਆਂ ਤੋਂ ਬਿਨਾਂ ਨਿਊਟਨ ਦਾ ਜ਼ਿਕਰ ਵੀ ਕੀ ? ਉਹ ਲੋਕ ਵਿਰਲੇ ਹੀ ਹੁੰਦੇ ਹਨ ਤੇ ਯਕੀਨਨ ਖੂਬਸੂਰਤ ਹੁੰਦੇ ਹਨ ਪਰ ਬਹੁਤਾਤ ‘ਚ ਰਹਿੰਦੇ ਲੋਕ ਤਾਂ ਛਿਣ-ਭੰਗਰੀ ਜਹੀ ਖੁਸ਼ੀ ਅਤੇ ਥੌੜ੍ਹਾ ਜਿਹਾ ਸਵਾਦ ਮੁਤਾਬਕ ਲੂਣ ਮਿੱਠਾ ਖਾਂਦੇ ਬੰਦੇ ਹੁੰਦੇ ਹਨ।ਨਿੱਕੀਆਂ ਨਿੱਕੀਆਂ ਗੱਲਾਂ ‘ਚੋਂ ਖੁਸ਼ੀ ਲੱਭਦੇ ਪਿਆਰੇ ਜਹੇ ਲੋਕ ! ਹਿਚਕੀ ਆਪਣੀਆਂ ਉਹਨਾਂ ਘਾਟਾਂ ਨੂੰ ਹੀ ਜਸ਼ਨ ‘ਚ ਬਦਲਣ ਦੀ ਕਹਾਣੀ ਹੈ।ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਜੇ ਜ਼ਿੰਦਗੀ ਉਮੀਦ,ਖੁਸ਼ੀ ਅਤੇ ਕੌਸ਼ਿਸ਼ ਨਾ ਹੋਵੇ।ਹਿਚਕੀ ਉਸੇ ਕਿਉਂ ਅਤੇ ਕਿਉਂ ਨਹੀਂ ਦਰਮਿਆਨ ਤੁਹਾਡੇ ਫੈਸਲੇ ਦੀ ਅਵਾਜ਼ ਬਣਦੀ ਹੈ।
ਅਜਿਹੀਆਂ ਕਹਾਣੀਆਂ ਦੀ ਭਰਮਾਰ ਹੈ।ਵਿਕਾਸ ਸਵਰੂਪ ਦਾ ਨਾਵਲ ‘ਕਿਊ ਐਂਡ ਏ’ ਅਜਿਹਾ ਹੀ ਹੈ।ਜ਼ਿੰਦਗੀ ਸਵਾਲ ਹੈ ਪਰ ਉਹਦਾ ਅਗਲਾ ਸਿਲਸਿਲਾ ਉਸੇ ਸਵਾਲ ਦਾ ਜਵਾਬ ਹੈ।ਡੈਨੀ ਬੋਇਲ ਦੀ ਸਲੱਮਡਾਗ ਮਿਲੇਨੀਅਰ ਫਿਲਮ ਗਾਹੇ ਬਗਾਹੇ ਜ਼ਿੰਦਗੀ ਅਚਨਚੇਤੀ ਬੰਦੇ ਨੂੰ ਜੋ ਸਿਖਾਂਉਂਦੀ ਹੈ ਉਸ ਨਾਲ ਜ਼ਿੰਦਗੀ ‘ਚ ਹਾਸਲ ਕੀ ਬਣਨਾ ਹੈ ਉਸੇ ਦਾ ਬਿਆਨ ਹੈ।ਅਜਿਹੀਆਂ ਕਹਾਣੀਆਂ ‘ਚ ਸਾਨੂੰ ਮਨਸੂਰ ਖ਼ਾਨ ਦੀ ਜੋ ਜੀਤਾ ਵਹੀ ਸਿਕੰਦਰ ਪ੍ਰਭਾਵਿਤ ਕਰਦੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ।ਮਾਰਲਿਨ ਬ੍ਰਾਂਡੋ ਦੀ ‘ਆਨ ਦੀ ਵਾਟਰਫ੍ਰੰਟ’ ਤੋਂ ਪ੍ਰਭਾਵਿਤ ਆਮਿਰ ਖ਼ਾਨ ਦੀ ਫਿਲਮ ‘ਗ਼ੁਲਾਮ’ ਦੀ ਕਹਾਣੀ ਸਾਨੂੰ ਇਸੇ ਕਰਕੇ ਛੂੰਹਦੀ ਹੈ।ਅਜਿਹੀਆਂ ਕਹਾਣੀਆਂ ਦਾ ਸਿਲਸਿਲਾ ਸਾਨੂੰ ਆਪਣੇ ਸਾਧ ਮੁਰਾਦੇ ਸੁਭਾਅ ਤੋਂ ਹੀ ਜੋੜ ਲੈਂਦਾ ਹੈ।
ਹਿੱਚਕੀ ਫ਼ਿਲਮ ਦੀ ਕਹਾਣੀ ਵਿੱਦਿਅਕ ਅਦਾਰਿਆਂ,ਸਿੱਖਿਆ ਦੇ ਅਧਿਕਾਰ ਦੇ ਬਹਾਨੇ ਜਿਹੜੇ ਵਿਦਿਆਰਥੀਆਂ ਦੀ ਗੱਲ ਕਹਿੰਦੀ ਹੈ ਉਸ ‘ਚ ਸਮਾਜ ਅੰਦਰ ਬਣੇ ਖਾਨਿਆਂ ਨੂੰ ਤੋੜਣ ਦੀ ਅਤੇ ਆਪਸੀ ਸਹਿਚਾਰ ਨਾਲ ਜੋੜਣ ਦੀ ਵੀ ਗੱਲ ਹੈ।ਹਿੱਚਕੀ ਉਸ ਅਧਿਆਪਕ ਦਾ ਬਿਆਨ ਹੈ ਜੋ ਸਮਝਾਉਂਦਾ ਹੈ ਕਿ ਜ਼ਿੰਦਗੀ ਫੀਸਦੀ ਨੰਬਰ ਹਾਸਲ ਕਰਨ ਤੋਂ ਪਰ੍ਹਾਂ ਦੀ ਗੱਲ ਹੈ ਅਤੇ ਉੱਥੇ ਜ਼ਿੰਦਗੀ ਦਾ ਇਮਤਿਹਾਨ ਮਜਮੂਨ ਮੁਤਾਬਕ ਨਹੀਂ ਹੁੰਦਾ।ਹਿੱਚਕੀ ਜਿਸ ਸਿੱਖਿਆ ਵੱਲ ਇਸ਼ਾਰਾ ਕਰਦੀ ਹੈ ਉਹ ਬਹਿਸ ਸਾਨੂੰ ਆਪਣੇ ਇਸ ਦੌਰ ਦੇ ਵਿੱਦਿਅਕ ਪ੍ਰਬੰਧ ‘ਚ ਰੱਖਕੇ ਵੀ ਵੇਖਣੀ ਚਾਹੀਦੀ ਹੈ।ਸਕੂਲਾਂ ਦੀ ਚੋਣ ਪ੍ਰਕਿਰਿਆ,ਫੀਸਾਂ,ਨੰਬਰ ਖੇਡ ‘ਚ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿੱਖਿਅਤ ਕਰ ਰਹੇ ਹਾਂ ਅਤੇ ਉਸ ਸਿੱਖਿਆ ਵਿਚਕਾਰ ਉਹ ਗਿਆਨ ਦੀ ਰੋਸ਼ਨੀ ਨਾਲ ਭਰਪੂਰ ਇਨਸਾਨ ਬਣ ਰਹੇ ਹਨ ਜਾਂ ਸਿਰਫ ਜਜ਼ਬਾਤੋਂ ਕੋਰੇ ਨੰਬਰ ?
ਰਾਣੀ ਮੁਖਰਜੀ ਦੀ ਅਦਾਕਾਰੀ ਕਮਾਲ ਹੈ।ਉਹ ਆਪਣੇ ਕਿਰਦਾਰ ਨਾਲ ਵੇਖਣ ਵਾਲੇ ਤੱਕ ਅਸਰ ਕਰਦੀ ਹੈ।ਤੁਹਾਡੀ ਇੱਕ ਵੱਡੀ ਘਾਟ ਹੈ ਅਤੇ ਉਸੇ ਸੱਚ ਨਾਲ ਤੁਸੀ ਆਪਣਾ ਸੁਫ਼ਨਾ ਪੂਰਾ ਕਰਦੇ ਹੋ।ਉਸੇ ਸੁਫ਼ਨੇ ‘ਚ ਤੁਸੀ ਕਿਸੇ ਹੋਰਨ ਨੂੰ ਸੁਫ਼ਨਾ ਦਿੰਦੇ ਹੋ ਅਤੇ ਅਜਿਹੀਆਂ ਵਿਰਸਾਤਾਂ ਨਾਲ ਹੀ ਤਾਂ ਬੰਦਾ ਇੱਕ ਦੂਜੇ ਨੂੰ ਉਮੀਦ ਦਿੰਦਾ ਆਇਆ ਹੈ।ਭਾਂਵਾਕਿ ਇਹ ਫਿਲਮ ਅਧਿਕਾਰਕ ਤੌਰ ‘ਤੇ ਹਾਲੀਵੁੱਡ ਫ਼ਿਲਮ ‘ਫ੍ਰੰਟ ਆਫ ਦੀ ਕਲਾਸ’ ਤੋਂ ਪ੍ਰਭਾਵਿਤ ਹੈ।ਪਰ ਕਹਾਣੀ ਫਿਰ ਵੀ ਆਪਣੇ ਕਥਾਨਕ ਨੂੰ ਮਿੱਟੀ ਦਾ ਮੂਲ ਬਣਾ ਦਿੰਦੀ ਹੈ।ਪਿਛਲੇ ਦਿਨਾਂ ‘ਚ ਆਈ ਅਕਸ਼ੈ ਕੁਮਾਰ ਦੀ ਫ਼ਿਲਮ ਪੈਡਮੈਨ ਨਾਲ ਇਹੋ ਪਰੇਸ਼ਾਨੀ ਸੀ।ਪੈਡਮੈਨ ਅਮਿਤ ਰਾਏ ਦੀ ਫ਼ਿਲਮ ‘ਆਈਪੈਡ’ ਦਾ ਹੂਬਹੂ ਉਲੱਥਾ ਸੀ।ਮੈਂ ਜਮ੍ਹਾਂ ਤੂੰ ਵਿੱਚ ਵੀ ਖੁਦ ਦੀ ਛਾਪ ਹੁੰਦੀ ਹੈ।ਹੀਰ ਹੀਰ ਨਾ ਆਖੋ ਕੋਈ ਮੈਂ ਤਾਂ ਰਾਝਾਂ ਹੋਈ ਵਿੱਚ ਵੀ ਹੀਰ ਦਾ ਮੂਲ ਹੈ ਤਾਂ ਰਾਂਝੇ ਜਿਹਾ ਹੋਣ ਦਾ ਐਲਾਨ ਹੋ ਸਕਣਾ ਸੰਭਵ ਹੋਇਆ ਹੈ।ਕਿਸੇ ਦੂਜੀ ਫਿਲਮ ਤੋਂ ਪ੍ਰਭਾਵ ਲੈਣ ਲੱਗਿਆ ਅਗਲੀ ਕਹਾਣੀ ਦਾ ਇਹ ਮੂਲ ਉਹਨੂੰ ਖਾਸ ਬਣਾਉਂਦਾ ਹੈ।ਹਿੱਚਕੀ ਨੇ ਆਪਣੀ ਮੌਲਕਿਤਾ ਨੂੰ ਬਰਕਰਾਰ ਰੱਖ ਲਿਆ ਹੈ।
ਮੰਨ ਕਰੇ ਤਾਂ ਅਨੰਤ ਮਹਾਂਦੇਵਨ ਦੀ ਫ਼ਿਲਮ ‘ਰਫ ਬੁੱਕ’ ਹੈ।ਇਹ ਫ਼ਿਲਮ ਜ਼ਿਆਦਾ ਚਰਚਾ ‘ਚ ਨਹੀਂ ਰਹੀ ਪਰ ਇਸ ਫ਼ਿਲਮ ਦੀ ਕਹਾਣੀ ਵੀ ਅਧਿਆਪਕ ਅਤੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਮੂਲ ਟੀਚੇ ਦੀ ਕਹਾਣੀ ਹੈ।ਤਨਿਸ਼ਕਾ ਚੈਟਰਜੀ ਨੇ ਇਸ ਫ਼ਿਲਮ ‘ਚ ਬਹੁਤ ਕਮਾਲ ਦੀ ਭੂਮਿਕਾ ਅਦਾ ਕੀਤੀ ਹੈ।ਹਿੱਚਕੀ ਫ਼ਿਲਮ ਵੇਖਦਿਆਂ ਮੈਨੂੰ ਰਫ ਬੁੱਕ ਵੀ ਚੇਤੇ ਆਉਂਦੀ ਰਹੀ।ਬਹੁਤ ਪਿਆਰੀ ਫਿਲਮ ਹੈ।ਅਸਲ ‘ਚ ਅਜਿਹੀ ਕਹਾਣੀਆਂ ਦੀ ਸਾਨੂੰ ਲੋੜ ਹੈ।ਇਹ ਜ਼ਿੰਦਗੀ ਦੀਆਂ ਸਹਿਜ ਕਹਾਣੀਆਂ ਕਹਿੰਦਾ ਸਿਨੇਮਾ ਹੈ।ਜਿਵੇਂ ਕਿ ਹਿੱਚਕੀ ਫ਼ਿਲਮ ਦਾ ਬਿਆਨ ਹੈ ਕਿ ਕਿਉਂ ਅਤੇ ਕਿਉਂ ਨਹੀਂ ਦਰਮਿਆਨ ਹੀ ਸਾਡੀ ਜ਼ਿੰਦਗੀ ਦੀ ਸਹੀ ਚੋਣ ਤੈਅ ਹੈ।ਸੂਫ਼ੀ ਇਹਨੂੰ ਕੁਨ ਫਾਹੇ ਕੁਨ ਕਹਿੰਦੇ ਹਨ।ਤੁਹਾਡੇ ਸੋਚਣ ਅਤੇ ਕਰ ਜਾਣ ਦਰਮਿਆਨ ਛਿਣ-ਭੰਗਰਾ ਜਿਹਾ ਵੀ ਭੁਲੇਖਾ ਨਾ ਹੋਵੇ।ਬੱਸ ਵਿਸ਼ਵਾਸ਼ ਨਾਲ ਸੋਚਿਆ ਅਤੇ ਕਰ ਦਿੱਤਾ।ਜ਼ਿੰਦਗੀ ਦੀਆਂ ਮਹਾਨ ਕਹਾਣੀਆਂ ਇੰਝ ਹੀ ਬਣਦੀਆਂ ਹਨ।

~ ਹਰਪ੍ਰੀਤ ਸਿੰਘ ਕਾਹਲੋਂ

Click here for online read from Jagbani E paper
http://jagbani.epapr.in/c/27289169

Posted in Cinema, Inspiration | Tagged , , , , | Leave a comment

ਸਾਧ ਮੁਰਾਦੇ ਪਿਆਰ ਦਾ ਬਾਸਾ ਇਜ਼ਹਾਰ – ਲੌਂਗ ਲਾਚੀ

Laung Lachi 3ਆਖਰ ਇੱਕ ਕੁੜੀ ਸੁਹਾਗ ਦੀ ਪਹਿਲੀ ਰਾਤ ਨੂੰ ‘ਆ ਵੀਰਾ ਵੇ’ ਕਿਉਂ ਗਾਵੇਗੀ ? ਦੁਨੀਆਂ ‘ਤੇ ਬੰਦਾ ਆਪਣੇ ਨਾਲ ਜੁੜੇ ਹਰ ਰਿਸ਼ਤੇ ਨੂੰ ਨਿਭਾਉਂਦੇ ਹੋਏ ਇਹਨਾਂ ਬੇਤਾਲਾ ਤਾਂ ਨਹੀਂ ਹੁੰਦਾ।ਪਰ ਫਿਲਮ ਦੀ ਮਜਬੂਰੀ ਹੈ ਕਿ ਉਹਨੇ ਵੇਖਣ ਵਾਲਿਆਂ ਤੱਕ ਕਮੇਡੀ ਪੇਸ਼ ਹੀ ਕਰਨੀ ਹੈ ਨਾਂ ਕਿ ਸਹਿਜ ਸੁਹਜ ਨਾਲ ਚੱਲਦੇ ਹਾਸੇ ‘ਚ ਤੁਰਦੇ ਪਾਤਰ।
ਫਿਲਮ ਵੇਖਣ ਜਾਣ ਵਾਲੇ ਇਸ ਉਮੀਦ ਨਾਲ ਜਾ ਰਹੇ ਹਨ ਕਿ ਉਹਨਾਂ ਨੂੰ ਜਾਪਦਾ ਹੈ ਕਿ ਵਿਆਹ ਤੋਂ ਬਾਅਦ ਪਿਆਰ ਕਿਵੇਂ ਕੀਤਾ ਜਾਵੇਗਾ।ਜਿਵੇਂ ਕਿ ਲਾਚੀ ਦਾ ਬਿਆਨ ਹੈ।ਲਾਚੀ ਦੀਆਂ ਅਧੂਰੀਆਂ ਖ਼ਵਾਇਸ਼ਾਂ ‘ਚ ਉਹਦੇ ਬੇਪਰਵਾਹ ਕਦਮਾਂ ਦੀ ਤਾਲ ਨੂੰ ਉਹਦਾ ਘਰ ਵਾਲਾ ਕਿਵੇਂ ਹੁੰਗਾਰਾ ਦਿੰਦਾ ਹੈ ? ਕਹਾਣੀ ਵਿਚਲਾ ਸਬੱਬ ਕਿੰਨਾ ਪਿਆਰਾ ਹੈ ਕਿ ਲਾਚੀ ਦੀ ਖੁਸ਼ੀ ਅਤੇ ਅਜ਼ਾਦੀ ਲਈ ਉਹਦਾ ਘਰ ਵਾਲਾ ਮਹਿੰਗਾ ਸਿੰਘ ਕਿਸ ਹੱਦ ਤੱਕ ਗੁਜ਼ਰੇਗਾ ?
ਰਾਤ ਦੀ ਸੁਰਖ਼ ਚਾਨਣੀ ‘ਚ ਸੁਹਾਗ ਦੀ ਸੇਜ਼ ‘ਤੇ ਪਹਿਲੀ ਵਾਰ ਮਿਲਦਿਆਂ ਸਧਾਰਣ ਜਹੇ ਮੁੰਡੇ ਅਤੇ ਕੁੜੀ ਵਿਚਕਾਰ ਗੱਲਬਾਤ ਹੋ ਰਹੀ ਹੈ।ਇਹ ਗੱਲਬਾਤ ਸਟੇਜੀ ਡਰਾਮਾ ਜਾਪਦਾ ਹੈ।ਵਿਆਹ ਤੋਂ ਬਾਅਦ ਉਹਨਾਂ ਦਾ ਮਿਲਣ ਕਿਸੇ ਵੀ ਨਜ਼ਰੀਏ ਤੋਂ ਸਹਿਜ ਨਹੀਂ ਜਾਪਦਾ।ਹਦਾਇਤਕਾਰ ਸਿਰਫ ਹਸਾਉਣਾ ਚਾਹੁੰਦਾ ਹੈ।ਉਹ ਪਰਦੇ ‘ਤੇ ਫਿਲਮ ਲੈਕੇ ਉਤਰਦਾ ਹੈ ਅਤੇ ਪਹਿਲੇ ਦੱਸ ਮਿਨਟ ‘ਚ ਹੀ ਮਹਿਸੂਸ ਹੁੰਦਾ ਹੈ ਕਿ ਫਿਲਮ ਆਪਣੇ ਸ਼ਾਨਦਾਰ ਪ੍ਰਭਾਵ ਤੋਂ ਤਿੜਕ ਗਈ ਹੈ।
ਲੌਂਗ ਲਾਚੀ ਫਿਲਮ ਦੀ ਸ਼ੁਰੂਆਤ ਤੋਂ ਹੀ ਕਾਹਲ ਅਤੇ ਛੋਟੇ ਛੋਟੇ ਲਤੀਫਿਆਂ ‘ਚ ਗੁਜ਼ਰਦੀ ਡੋਲਦੀ ਜਾਪਦੀ ਹੈ।ਚਿੜੀ ਬਲੌਰੀ ਗੀਤ ਜਿਸ ਸਹੁਪਣ ਦਾ ਲਿਖਿਆ ਗਿਆ ਉਸ ਦੀ ਵਰਤੋਂ ਉਨੀ ਹੀ ਬੇਤਰਤੀਬੀ ਹੋ ਗਈ ਸੀ।ਫਿਲਮ ‘ਚ ਮਹਿਸੂਸ ਇਹ ਵੀ ਹੁੰਦਾ ਹੈ ਕਿ ਇਹ ਭੂਮਿਕਾ ਅਮਰਿੰਦਰ ਗਿੱਲ ਲਈ ਬਣੀ ਸੀ।ਅੰਬਰਦੀਪ ਦਾ ਨਿਰਦੇਸ਼ਕੀ ਕ੍ਰਾਫਟ ਅਤੇ ਲੇਖਣੀ ਕਮਾਲ ਹੈ।ਸਧਾਰਣ ਰਹਿੰਦੇ ਹੋਏ ਵੀ ਉਹ ਕਈ ਗੱਲਾਂ ਕਮਾਲ ਕਰ ਜਾਂਦਾ ਹੈ।ਪਰ ਬਤੌਰ ਅਦਾਕਾਰ ਉਹ ਲਾਚੀ ਨਾਲ ਸਹਿਜ ਨਹੀਂ ਜਾਪਦਾ।
ਲੌਂਗ ਲਾਚੀ ਦਾ ਪਿਠਵਰਤੀ ਸੰਗੀਤ ਬਹੁਤ ਖਲਲ ਪਾਉਂਦਾ ਹੈ।ਕਿਸੇ ਵੀ ਹਾਲਤ ‘ਚ ਸੰਵਾਦ ਅਦਾਇਗੀ ਅਤੇ ਉਸ ਦੌਰਾਨ ਪਿੱਛੇ ਚੱਲਦਾ ਸੰਗੀਤ ਕਾਫੀ ਬੇਤਰਤੀਬਾ ਹੈ।ਪੰਜਾਬ ਦੇ ਜਿਹੜੇ ਨੀਮ ਪਹਾੜੀ ਇਲਾਕੇ ‘ਚ ਕਹਾਣੀ ਬਿਠਾਈ ਗਈ ਹੈ ਉੱਥੋਂ ਦਾ ਮਾਹੌਲ ਵੀ ਤਾਂ ਉਨਾਂ ਹੀ ਸਹਿਜ ਹੋਣਾ ਚਾਹੀਦਾ ਸੀ।ਦਰਅਸਲ ਮੈਨੂੰ ਜਾਪਦਾ ਹੈ ਕਿ ਕਹਾਣੀ ਦਾ ਅਧਾਰ ਕਿ ਇੱਕ ਘਰ ਵਾਲਾ ਆਪਣੀ ਘਰਵਾਲੀ ਦੀਆਂ ਮਨਮਰਜ਼ੀਆਂ ਨੂੰ ਕਿਵੇਂ ਆਪਣਾ ਆਪ ਸੌਂਪਦਾ ਹੈ,ਇਹ ਕਮਾਲ ਦਾ ਨੁਕਤਾ ਸੀ।ਪਰ ਕਹਾਣੀ ਕਮੇਡੀ ਕਹਿਣ ਦੀ ਫਿਰਾਕ ‘ਚ ਕੁਝ ਹੋਰ ਹੀ ਪਾਸੇ ਉਲਝ ਗਈ ਹੈ।
ਕਿੰਨਾ ਚੰਗਾ ਹੁੰਦਾ ਜੇ ਇਹ ਕਹਾਣੀ ਉਹਨਾਂ ਪਾਤਰਾਂ ਦੀ ਹਾਲਤ ਅਤੇ ਉਹਨਾਂ ਦੇ ਸੁਫ਼ਨਿਆਂ ਦੀ ਜ਼ਮੀਨ ਪਿੰਡ ‘ਚ ਰੱਖਦੇ ਹੋਏ ਪੇਸ਼ ਹੋ ਜਾਂਦੀ।ਫਿਲਮ ਜਦੋਂ ਜਦੋਂ ਸ਼ਹਿਰ ਜਾਂਦੀ ਹੈ ਬਾਸੀ ਹੀ ਹੁੰਦੀ ਹੈ।ਪਿਛਲੇ ਦਿਨਾਂ ‘ਚ ਮੈਂ ਬਹੁਤ ਦੇਰ ਬਾਅਦ ਆਕੇ ਫਿਲਮ ‘ਸੀਕ੍ਰੇਟ ਸੁਪਰਸਟਾਰ’ ਵੇਖੀ।ਇਸ ਫਿਲਮ ‘ਚ ਇੱਕ ਹਵਾਲਾ ਹੈ ਕਿ ਸੰਗੀਤ ਨਿਰਦੇਸ਼ਕ ਗਾਇਕਾ ਤੋਂ ਇੱਕ ਗੀਤ ਗਵਾਉਣਾ ਚਾਹੁੰਦਾ ਹੈ।ਬੋਲ ਉਹੋ ਨੇ ਪਰ ਉਹਦੇ ਸੰਗੀਤ ਅਤੇ ਪੇਸ਼ ਕਰਨ ਦੇ ਵੱਲ ਨੇ ਉਸ ਗੀਤ ਨੂੰ ਬਹੁਤ ਅਸ਼ਲੀਲ ਕਰ ਦਿੱਤਾ ਹੈ।ਗਾਇਕਾ ਨੇ ਸੰਗੀਤ ਨਿਰਦੇਸ਼ਕ ਦੇ ਪਿਛੋਕੜ ਬਾਰੇ ਆਪਣੀ ਮਾਂ ਤੋਂ ਸੁਣਿਆ ਸੀ।ਉਹ ਸਵਾਲ ਕਰਦੀ ਹੈ ਕਿ ਤੁਸੀ ਇਸ ਗੀਤ ਨੂੰ ਏਨਾ ਬੇਤਾਲਾ ਕਿਉਂ ਬਣਾਇਆ ਹੈ ਜਦੋਂ ਕਿ ਕਿਸੇ ਜ਼ਮਾਨੇ ‘ਚ ਤੁਸੀ ਬਹੁਤ ਸ਼ਾਨਦਾਰ ਗੀਤ ਰਚਦੇ ਸੀ।ਸੰਗੀਤ ਨਿਰਦੇਸ਼ਕ ਨੂੰ ਪਹਿਲੀ ਵਾਰ ਅਹਿਸਾਸ ਹੁੰਦਾ ਹੈ ਕਿ ਜੜ੍ਹਾਂ ਦੀ ਗੱਲ,ਖਾਲਸ ਰਚਨਾਤਮਿਕਤਾ,ਮੂਲ ਨੁਕਤੇ ਵਾਲੀ ਸਿਰਜਣਾ ਹੀ ਤਾਂ ਅਸਲ ਹੈ।ਉਹਨੂੰ ਪਹਿਲੀ ਵਾਰ ਅਹਿਸਾਸ ਹੁੰਦਾ ਹੈ ਕਿ ਕਿਵੇਂ ਉਹ ਬਜ਼ਾਰ ਦੀ ਮੰਗ ਦੇ ਬਹਾਨੇ ਬੇਤਰਤੀਬਾ ਕੰਮ ਕਰਦਾ ਗਿਆ।ਉਹਨੂੰ ਪਹਿਲੀ ਵਾਰ ਅਹਿਸਾਸ ਹੁੰਦਾ ਹੈ ਕਿ ਆਪਣੇ ਰੰਗ ਦਾ ਮੂਲ ਕੰਮ ਕਰੀਏ ਅਤੇ ਲੋਕਾਂ ਨੂੰ ਇਹ ਪਸੰਦ ਆਵੇਗਾ।ਮੈਨੂੰ ਫਿਲਮ ਦਾ ਇਹ ਦ੍ਰਿਸ਼ ਬਹੁਤ ਕਮਾਲ ਲੱਗਦਾ ਹੈ।ਅਸੀਂ ਕਈ ਵਾਰ ਕਈ ਵੱਡੇ ਦਬਾਅ ਝੱਲਦੇ ਆਪਣਾ ਮੂਲ ਛੱਡ ਜਾਂਦੇ ਹਾਂ।ਅੰਬਰਦੀਪ ਦਾ ਕਹਾਣੀ ਕਹਿਣ ਦਾ ਕ੍ਰਾਫਟ ਮੈਨੂੰ ਆਪਣਾ ਮੂਲ ਛੱਡਦਾ ਮਹਿਸੂਸ ਹੁੰਦਾ ਹੈ।
ਅੰਮ੍ਰਿਤ ਮਾਨ,ਵੀਤ ਬਲਜੀਤ ਵਰਗੇ ਛੋਟੇ ਹਿੱਸੇ ਕਹਾਣੀ ਦੀ ਰਵਾਂਦਾਰੀ ਨੂੰ ਤੋੜਦੇ ਹੀ ਹਨ।ਹਰਮਨ ਦੇ ਗੀਤ ਫਿਲਮ ਨੂੰ ਜਿੰਨਾ ਸਹਿਜ ਬਣਾਉਂਦੇ ਹਨ ਉਨਾਂ ਹੀ ਅੰਮ੍ਰਿਤ ਮਾਨ ਦੇ ਗੀਤ ਫਿਲਮ ਅੰਦਰ ਕਹਾਣੀ ਨੂੰ ਬੇਤਾਲਾ ਕਰ ਦਿੰਦੇ ਹਨ।ਫਿਲਮ ‘ਚ ਇਹ ਕੁਝ ਅਜਿਹਾ ਜਾਪਦਾ ਹੈ ਜਿਵੇਂ ਸ਼ਾਂਤ ਪਹਾੜਾਂ ‘ਚ ਰਹਿੰਦੇ ਲੋਕਾਂ ‘ਚ ਕੋਈ ਮਹਾਂਨਗਰ ਆਕੇ ਵੱਸ ਗਿਆ ਹੋਏ ਅਤੇ ਉਸ ਰੌਲੇ ਨੇ ਪਹਾੜਾਂ ਦਾ ਸਾਰਾ ਸੁਹਜ ਖਾ ਲਿਆ ਹੋਵੇ।ਅਚਨਚੇਤੀ ਹੀ ਸਹੀ ਪਰ ਸਿੰਗਲ ਟ੍ਰੈਕ ਅਤੇ ਸੋ ਕਾਲਡ ਪਾਪੂਲਰ ਕਲਚਰ ਦੇ ਅੰਦਰ ਦੀਆਂ ਹੇਰਾਫੇਰੀਆਂ ਅਤੇ ਜੁਗਾੜ ਦੀ ਪੇਸ਼ਕਾਰੀ ਤਾਂ ਸੱਚੀ ਹੀ ਸੀ।ਇਸ ਸਾਰੇ ਨੂੰ ਪੇਸ਼ ਕਰਦੇ ਹੋਏ ਗਾਇਕ ਖੁਦ ਨੂੰ ਕਿਵੇਂ ਵੇਖ ਰਹੇ ਹੋਣਗੇ ?
ਫਿਲਮ ਦਾ ਜਿਹੜਾ ਪਹਿਲੂ ਮੈਨੂੰ ਸਭ ਤੋਂ ਪਿਆਰਾ ਲੱਗਦਾ ਹੈ ਉਹ ਫ਼ਿਲਮ ਦੇ ਗੀਤ ਹਨ।ਮਦਨ ਗੋਪਾਲ ਸਿੰਘ ਹੁਣਾਂ ਤੋਂ ਸੂਫ਼ੀ ਕਲਾਮ ਸੁਣਿਆ ਸੀ ਜਿਸ ‘ਚ ਕੁੜੀ ਆਪਣੀ ਜ਼ਰੂਰਤਾਂ ਦਾ ਸਮਾਨ ਮੰਗਦੀ ਹੋਈ ਅਖ਼ੀਰ ‘ਤੇ ਕਹਿ ਦਿੰਦੀ ਹੈ ਕਿ ਮੈਂ ਤਾਂ ਏਹੋ ਮੰਗਦੀ।ਹਰਮਨ ਦਾ ਗੀਤ ਲੌਂਗ ਲਾਚੀ ਪੰਜਾਬੀ ਕੁੜੀ ਦੇ ਸੁਭਾਅ ਦਾ ਅਜਿਹਾ ਹੀ ਗੀਤ ਹੈ।ਜਿੱਥੇ ਉਹ ਆਪਣੇ ਪਿਆਰੇ ਤੋਂ ਬਹੁਤ ਸਹਿਜ ਅਤੇ ਸਾਦਗੀ ਦੇ ਹਿਸਾਬ ਨਾਲ ਮੰਗ ਰੱਖ ਰਹੀ ਹੈ।ਪਿਆਰ ਤਾਂ ਅਜਿਹਾ ਹੀ ਹੁੰਦਾ ਹੈ।ਸਹਿਜ,ਸਾਦਾ ਭੋਲਾ ਜਿਹਾ।ਹਰਮਨ ਦੇ ਗੀਤ ਕਹਾਣੀ ਦੇ ਉਸ ਇਲਾਕੇ ਦੀ ਰੂਹਾਨੀਅਤ ਨੂੰ ਸੰਭਾਲੀ ਬੈਠੇ ਹਨ।ਇਹ ਗੀਤ ਸੁਣਦਿਆਂ ਆਨੰਦ ਆਉਂਦਾ ਹੈ।ਬਾਕੀ ਫਿਲਮਾਂ ਬਣਦੀਆਂ ਹਨ।ਕਦੀ ਸਫਲ ਹੁੰਦੀਆਂ ਹਨ,ਕਦੀ ਅਸਫਲ ਪਰ ਅੰਬਰਦੀਪ ਸਿੰਘ ਪੰਜਾਬੀ ਸਿਨੇਮਾ ਦਾ ਖਾਸ ਬੰਦਾ ਹੈ,ਉਮੀਦ ਹੈ ਕਿ ਪੰਜਾਬੀ ਸਿਨੇਮਾ ਨੂੰ ਉਹ ਆਪਣੇ ਸੁਭਾਅ ਦੇ ਹਿਸਾਬ ਨਾਲ ਮੂਲ ਦੀ ਕਹਾਣੀ ਕਹਿ ਜਾਵੇਗਾ ਫੇਰ ਕਦੀ…………

~ ਹਰਪ੍ਰੀਤ ਸਿੰਘ ਕਾਹਲੋਂ

Posted in Cinema, Culture, Music | Tagged , , , , , | Leave a comment

63ਵਾਂ ਫਿਲਮਫੇਅਰ ਅਤੇ ਸ਼ਾਨਦਾਰ ਸਿਨੇਮਾ !

FF
ਹਰਪ੍ਰੀਤ ਸਿੰਘ ਕਾਹਲੋਂ
6000 ਸਿੰਗਲ ਸਕ੍ਰੀਨ ਸਿਨੇਮਾ,2100 ਮਲਟੀਪਲੇਕਸ ਸਕ੍ਰੀਨ ਦੇ ਨਾਲ ਸਲਾਨਾ 2 ਅਰਬ ਦੇ ਦਰਸ਼ਕ ਨਾਲ ਭਾਰਤੀ ਸਿਨੇਮਾ ਨੇ ਹੁਣ ਤੱਕ ਆਪਣਾ ਖਾਸ ਮੁਕਾਮ ਬਣਾਇਆ ਹੈ।ਪ੍ਰੋਡਕਸ਼ਨ ਪੱਧਰ ਤੋਂ ਲੈਕੇ ਕਹਾਣੀ,ਪਟਕਥਾ,ਅਦਾਕਾਰੀ ਤੱਕ ਬਹੁਤ ਕੁਝ ਬਦਲਿਆ ਹੈ।ਬੇਸ਼ੱਕ ਖ਼ਾਨ ਸਟਾਰ ਅਤੇ ਮਸ਼ਹੂਰ ਅਦਾਕਾਰਾਂ ਦੇ ਨਾਲ ਕੁਝ ਫਿਲਮਾਂ ਆਪਣੇ ਖਾਸ ਫਾਰਮੂਲੇ ‘ਚ ਚੱਲਦੀਆਂ ਆ ਰਹੀਆਂ ਹਨ ਪਰ ਇਸ ਵਾਰ ਦੇ 63ਵੇਂ ਫਿਲਮਫੇਅਰ ਫਿਲਮ ਪੁਰਸਕਾਰ ਅੰਦਰ ਬਹੁਤ ਅਜਿਹੇ ਨੁਕਤੇ ਹਨ ਜੋ ਸਾਡਾ ਧਿਆਨ ਖਿੱਚਦੇ ਹਨ।
ਇਸ ਵਾਰ ਦੇ ਫਿਲਮਫੇਅਰ ਨੂੰ ਮੈਂ ਚਾਰ ਹਿੱਸਿਆਂ ‘ਚ ਵੰਡਕੇ ਵੇਖਦਾ ਹਾਂ।
1 ਚੰਗੇ ਵਿਸ਼ੇ ਦਾ ਸਿਨੇਮਾ
2 ਸਿਨੇਮਾ ਅੰਦਰ ਔਰਤਾਂ ਦਾ ਸਿਨੇਮਾ
3 ਛੋਟੇ ਬਜਟ ਦੀਆਂ ਬੇਹਤਰੀਨ ਫਿਲਮਾਂ
4 ਚੰਗੇ ਅਦਾਕਾਰਾਂ ਦਾ ਸਿਨੇਮਾ
ਇਸ ਵਾਰ ਦੀ ਬੈਸਟ ਫਿਲਮ ਹਿੰਦੀ ਮਿਡੀਅਮ,ਬੈਸਟ ਡਾਇਰੈਕਟਰ ਅਸ਼ਵਿਨੈ ਅੱਈਅਰ ਤਿਵਾਰੀ,ਬੈਸਟ ਅਦਾਕਾਰ ਇਰਫਾਨ ਖ਼ਾਨ,ਬੈਸਟ ਅਦਾਕਾਰਾ ਵਿੱਦਿਆ ਬਾਲਨ,ਸਭ ਤੋਂ ਵਧੀਆ ਸਹਾਇਕ ਅਦਾਕਾਰ ਰਾਜ ਕੁਮਾਰ ਰਾਓ,ਅਦਾਕਾਰਾ ਮਿਹਿਰ ਵਿਜ,ਕ੍ਰਿਟਿਕ ਅਦਾਕਾਰ ਰਾਜ ਕੁਮਾਰ ਰਾਓ,ਫਿਲਮ ਨਿਊਟਨ,ਅਦਾਕਾਰਾ ਜ਼ਾਇਰਾ ਵਸੀਮ ਰਹੇ ਹਨ।
1 ਚੰਗੇ ਵਿਸ਼ੇ ਦਾ ਸਿਨੇਮਾ
ਫਿਲਮਫੇਅਰ ਪੁਰਸਕਾਰ ਦੀ ਇਸ ਸੂਚੀ ‘ਚ ਹਿੰਦੀ ਮਿਡੀਅਮ ਚਮਕ ਰਹੀ ਹੈ।ਇਸ ਫਿਲਮ ਨੇ ਭਾਰਤ ਅੰਦਰ ਵਿੱਦਿਅਕ ਅਦਾਰਿਆਂ ਦੇ ਅੰਦਰ ਸਿੱਖਿਆ ਦੀ ਗੁਣਵਤਾ ਅਤੇ ਵਪਾਰ ਦਰਮਿਆਨ ਜੋ ਬਹਿਸ ਖੜ੍ਹੀ ਕੀਤੀ ਉਹ ਇਸ ਫਿਲਮ ਬਹਾਨੇ ਖੂਬ ਚਰਚਾ ‘ਚ ਰਹੀ।ਇਸ ਫਿਲਮ ਬਹਾਨੇ ਇਹ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਸਿੱਖਿਆ ਅੰਦਰ ਬੱਚਿਆਂ ਨੂੰ ਸਿਰਫ ਸਕੋਰ ਕਾਰਡ ਬਣਾਉਣਾ ਹੈ ਜਾਂ ਉਹਨਾਂ ਦੇ ਅੰਦਰ ਦੀ ਰਚਨਾਤਮਕਤਾ ਨੂੰ ਨਿਖਾਰਨਾ ਹੈ।ਦਾਖਲੇ ਦੇ ਨਾਮ ‘ਤੇ ਜੋ ਢੰਗ ਚੱਲ ਰਿਹਾ ਹੈ ਉਸ ਨੂੰ ਲੈਕੇ ਵੀ ਸਵਾਲ ਹੈ।ਇਸ ਬਹਿਸ ਅੰਦਰ ਇਹ ਵੀ ਸੋਚਣ ਦੀ ਲੋੜ ਹੈ ਕਿ ਸੰਵਿਧਾਨ ਦੀ ਆਤਮਾ ਮੁਤਾਬਕ ਕੀ ਸਿੱਖਿਆ ਸਭ ਅੰਦਰ ਸਮਾਨਤਾ,ਸਾਂਝੀਵਾਲਤਾ ਅਤੇ ਸਭ ਨੂੰ ਬਰਾਬਰ ਮੌਕੇ ਦੇ ਰਹੀ ਹੈ ? ਹਿੰਦੀ ਮਿਡੀਅਮ ਦੀ ਇਸ ਬਹਿਸ ਅੰਦਰ ਪੰਜਾਬ ਅੰਦਰ ਸਿੱਖਿਆ ਨੀਤੀ ਨੂੰ ਵੀ ਵੇਖ ਲੈਣਾ ਚਾਹੀਦਾ ਹੈ।2010 ‘ਚ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 14.5 ਬੱਚੇ ਪੜ੍ਹ ਰਹੇ ਹਨ ਜੋ 2017 ਤੱਕ 9.5 ਲੱਖ ਹੀ ਰਹਿਹ ਗਏ ਹਨ।ਇਸ ਦਾ ਨਤੀਜਾ ਇਹ ਹੈ ਕਿ ਸੂਬੇ ‘ਚ 800 ਸਕੂਲ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ।ਇੱਥੋਂ ਇਹ ਸਾਫ ਹੁੰਦਾ ਹੈ ਕਿ ਪਿਛਲੇ 7 ਸਾਲਾਂ ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਆਪਣੇ 5 ਲੱਖ ਜੁਆਕ ਖੁਆ ਲਏ ਹਨ।ਇਸੇ ਤਰ੍ਹਾਂ ਫਿਲਮ ਨਿਊਟਨ ਨੇ ਭਾਰਤੀ ਸੰਵਿਧਾਨ ਦਾ ਸੁਫਨਾ,ਚੋਣਾਂ ਦਾ ਮੁੱਖ ਉਦੇਸ਼ ਅਤੇ ਲੋਕਤੰਤਰ ਅੰਦਰ ਇਸ ਦੀ ਅਹਿਮੀਅਤ ਨੂੰ ਬਹੁਤ ਬਾਖੂਬੀ ਨਾਲ ਸਮਝਾਉਂਦਿਆਂ ਉਸ ਪ੍ਰਬੰਧ ਦੇ ਤਨਜ਼ ਕੱਸੀ ਹੈ ਜੋ ਭਾਰਤ ਦੇ ਉਹਨਾਂ ਇਲਾਕਿਆਂ ਦੇ ਸੁਭਾਅ ਨੂੰ ਸਮਝਣਾ ਨਹੀਂ ਚਾਹੁੰਦਾ।ਭਾਰਤ ਦੀ ਇਸ ਇਲਾਕਾਈ ਵਿਭੰਨਤਾ ਦੇ ਸੁਭਾਅ ਨੂੰ ਸਮਝੇ ਬਿਨਾਂ ਦੇਸ਼ ਅੰਦਰ ਏਕਤਾ ਅਤੇ ਸਾਂਝੀਵਾਲਤਾ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ।ਇਸੇ ਤਰ੍ਹਾਂ ਛੋਟੇ ਸ਼ਹਿਰਾਂ ਦੀ ਕਹਾਣੀਆਂ ਬਰੇਲੀ ਕੀ ਬਰਫੀ,ਮੇਰੀ ਪਿਆਰੀ ਬਿੰਦੂ ਤੋਂ ਲੈਕੇ ਮੱਧਵਰਗੀ ਪਰਿਵਾਰ ਦੀ ਲੋੜਾਂ,ਭਾਰਤ ਦੇ ਭਖਦੇ ਅਹਿਮ ਮਸਲਿਆਂ ਨੂੰ ਵਿਸ਼ੇ ਅਧੀਨ ਇਹਨਾਂ ਫਿਲਮਾਂ ‘ਚ ਕੇਂਦਰਤ ਕੀਤਾ ਗਿਆ।
2 ਸਿਨੇਮਾ ਅੰਦਰ ਔਰਤਾਂ ਦਾ ਸਿਨੇਮਾ
ਭਾਰਤ ਅੰਦਰ ਤੀਵੀਂਆਂ ਦੇ ਸੰਸਾਰ ਅਤੇ ਉਹਨਾਂ ਦੀ ਖਵਾਇਸ਼ਾਂ ਦੇ ਵਿਸ਼ੇ ਨੂੰ ਉੱਚੇਚੇ ਤੌਰ ‘ਤੇ ਉਭਾਰਿਆ ਗਿਆ।ਸੀਕ੍ਰੇਟ ਸੁਪਰਸਟਾਰ,ਤੁਮ੍ਹਾਰੀ ਸੁੱਲੂ,ਲਪਿਸਟਿਕ ਅੰਡਰ ਮਾਈ ਬੁਰਕਾ ਅਤੇ ਟਾਇਲੇਟ ਅਜਿਹੇ ਵਿਸ਼ਿਆਂ ‘ਤੇ ਗੱਲਾਂ ਕਰਦੀਆਂ ਫਿਲਮਾਂ ਹਨ।ਸਿਨੇਮਾ ਦੇ ਅਜਿਹੇ ਵਿਸ਼ਿਆਂ ਦੇ ਆਉਂਦਿਆਂ ਸਵਾਲ ਇਹ ਵੀ ਹੈ ਕਿ ਲਪਿਸਟਿਕ ਅੰਡਰ ਮਾਈ ਬੁਰਕਾ ਵਰਗੀਆਂ ਫਿਲਮਾਂ ਨੂੰ ਲੈਕੇ ਭਾਰਤ ਦਾ ਇੱਕ ਤਬਕਾ ਵਿਰੋਧ ਕਿਉਂ ਕਰਦਾ ਹੈ ? ਇਸ ਫਿਲਮ ਦੀ ਔਰਤਾਂ ਨੂੰ ਵੇਖਦਿਆਂ ਸਾਡੇ ਲਈ ਇਹ ਅਹਿਮ ਸਵਾਲ ਹੈ ਕਿ ਅਸੀਂ ਔਰਤਾਂ ਨੂੰ ਸਮਾਜ ਦੇ ਬਣੇ ਬਣਾਏ ਪ੍ਰਬੰਧ ‘ਚ ਅਜਿਹਾ ਮਾਹੌਲ ਨਹੀਂ ਦੇ ਸਕੇ ਅਤੇ ਇਸ ਬਦੌਲਤ ਉਹਨਾਂ ਨੂੰ ਆਪਣੀ ਖਵਾਇਸ਼ਾਂ ਨੂੰ ਲੁੱਕਕੇ ਮਾਨਣਾ ਪੈ ਰਿਹਾ ਹੈ।ਤੁਮ੍ਹਾਰੀ ਸੁੱਲੂ ਫਿਲਮ ਸ਼੍ਰੀ ਦੇਵੀ ਦੀ ਫਿਲਮ ਇੰਗਲਿਸ਼ ਵਿੰਗਲਿਸ਼ ਦੀ ਗੱਲ ਨੂੰ ਹੀ ਅੱਗੇ ਤੋਰਦੀ ਹੈ।ਸਮਾਜ ਅੰਦਰ ਕੰਮ ਦੇ ਹਿਸਾਬ ਨਾਲ ਬੰਦੇ ਜਨਾਨੀ ਨੂੰ ਜਿਹੜੇ ਖਾਨਿਆਂ ‘ਚ ਅਸੀਂ ਵੰਡਿਆ ਹੈ ਉਹ ਔਰਤ ਦੀ ਸ਼ਰੀਰਕ,ਬੌਧਿਕ ਸਮੱਰਥਾ ਬਾਰੇ ਸਾਡੀ ਨਾਸਮਝੀ ਨੂੰ ਬਿਆਨ ਕਰਦਾ ਹੈ।ਤੁਮ੍ਹਾਰੀ ਸੁੱਲੂ ਦੀ ਸੁੱਲੂ ਨੂੰ ਆਪਣੀਆਂ ਹੀ ਭੈਣਾਂ ਦਾ ਵਿਰੋਧ ਝੱਲਣਾ ਪੈਂਦਾ ਹੈ।ਸਮਾਜ ਅੰਦਰ ਇਹ ਕਹਾਣੀ ਸਾਨੂੰ ਹਰ ਘਰ ‘ਚ ਵਿਖ ਜਾਵੇਗੀ।
ਇਸ ਤੋਂ ਇਲਾਵਾ ਹਿੰਦੀ ਮੀਡੀਅਮ ਦੀ ਲੇਖਿਕਾ ਜੀਨਤ ਲਖਾਣੀ,ਬੈਸਟ ਡਾਇਰੈਕਟਰ ਦਾ ਫਿਲਮਫੇਅਰ ਜਿੱਤਦੀ ਅਸ਼ਵਿਨੈ ਅੱਈਅਰ ਤਿਵਾਰੀ,ਤੁਮ੍ਹਾਰੀ ਸੁੱਲੂ ਦੀ ਵਿੱਦਿਆ ਬਾਲਨ,ਕ੍ਰਿਟਿਕ ਬੈਸਟ ਅਦਾਕਾਰਾ ਜ਼ਾਇਰਾ ਵਸੀਮ,ਲਪਿਸਟਚਿਕ ਅੰਡਰ ਮਾਈ ਬੁਰਕਾ ਦੀ ਨਿਰਦੇਸ਼ਕ ਅੰਲਕ੍ਰਿਤਾ ਸ਼੍ਰੀ ਵਾਸਤਵ,ਦੀ ਡੈੱਥ ਇਨ ਗੂੰਜ ਲਈ ਡੇਬਿਊ ਨਿਰਦੇਸ਼ਕ ਦਾ ਪੁਰਸਕਾਰ ਲੈਣ ਵਾਲੀ ਕੋਂਕਣਾ ਸੇਨ ਸ਼ਰਮਾ,ਇਸੇ ਫਿਲਮ ਦੀ ਸਹਾਇਕ ਲੇਖਿਕਾ ਦਿਸ਼ਾ ਰੰਦਾਨੀ, ਇਹ ਸਾਰੀਆਂ ਔਰਤਾਂ ਉਹ ਹਨ ਜਿੰਨ੍ਹਾਂ ਦੀ ਫਿਲਮ ਇਸ ਫਿਲਮਫੇਅਰ ਪੁਰਸਕਾਰ ‘ਚ ਖਾਸ ਰਹੀਆਂ ਹਨ।ਇਸੇ ਸਿਲਸਿਲੇ ‘ਚ ਇਸ ਵਾਰ ਦਾ ਬੈਸਟ ਪ੍ਰੋਡਕਸ਼ਨ ਡਿਜ਼ਾਇਨ ਦਾ ਪੁਰਸਕਾਰ ਜਿੱਤਣ ਵਾਲੀ ਫਿਲਮ ਡੈਡੀ ਲਈ ਪਾਰੁਲ ਸੋਂਧ ਵੀ ਹੈ।ਪਾਰੁਲ ਨੇ ਇਸ ਤੋਂ ਪਹਿਲਾਂ ਵੀ ਫਿਲਮ ਤਿਤਲੀ ਅਤੇ ਸ਼ੰਘਾਈ ਲਈ ਅਜਿਹਾ ਕੰਮ ਕੀਤਾ ਹੈ।ਇਸ ਤੋਂ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਸਿਨੇਮਾ ਅੰਦਰ ਫਿਲਮ ਬਣਾਉਣ ਦੇ ਹੋਰ ਹਿੱਸਿਆ ਅੰਦਰ ਸ਼ਾਨਦਾਰ ਕੰਮ ਕਰਨ ਵਾਲੀਆਂ ਬਹੁਤ ਔਰਤਾਂ ਹਨ ਜਿੰਨ੍ਹਾਂ ਨੂੰ ਚਰਚਾ ‘ਚ ਲਿਆਉਣਾ ਚਾਹੀਦਾ ਹੈ।ਜਿਵੇਂ ਕਿ ਵਿੱਕੀ ਡੋਨਰ,ਪਿਕੂ ਵਰਗੀਆਂ ਕਮਾਲ ਦੀਆਂ ਫਿਲਮਾਂ ਲਿਖਣ ਵਾਲੀ ਜੂਹੀ ਚਤੁਰਵੇਦੀ ਹੈ।ਮਾਈ ਨੇਮ ਇਜ਼ ਖ਼ਾਨ,ਸੰਘਾਈ ਵਰਗੀਆਂ ਫਿਲਮਾਂ ਸ਼ਬਾਨੀ ਭਥੀਜਾ,ਉਮਰੀ ਜੁਵੇਕਰ ਨੇ ਲਿਖੀਆਂ ਹਨ।ਇਹਨਾਂ ਦੀਆਂ ਫਿਲਮਾਂ ਨੇ ਖ਼ਾਨ ਸਟਾਰਾਂ,ਅਕਸ਼ੈ ਕੁਮਾਰ,ਅਜੈ ਦੇਵਗਨ ਦੀਆਂ ਫਿਲਮਾਂ ਤੋਂ ਉੱਪਰ ਆਪਣੀ ਹਾਜ਼ਰੀ ਲਵਾਈ ਹੈ।ਫਿਲਮਫੇਅਰ ਦੇ ਮੁੱਢਲੀ ਕਤਾਰ ‘ਚ ਇਹਨਾਂ ਦੀਆਂ ਹੀ ਫਿਲਮਾਂ ਹਨ।ਇਹ ਇਸ ਵਾਰ ਦੇ ਪੁਰਸਕਾਰ ਦਾ ਖਾਸ ਪਲ ਹੈ।
3 ਛੋਟੇ ਬਜਟ ਦੀਆਂ ਬੇਹਤਰੀਨ ਫਿਲਮਾਂ
ਜਦੋਂ ਟਿਊਬਲਾਈਟ,ਗੋਲਮਾਲ,ਰਈਸ,ਟਾਈਗਰ ਜ਼ਿੰਦਾ ਹੈ,ਕਾਬਲ ਵਰਗੀਆਂ ਫਿਲਮਾਂ ‘ਚ ਪੂਰੇ ਸਾਲ ਖਾਸ ਚਰਚਾ ਲਪਿਸਟਿਕ ਅੰਡਰਮਾਈ ਬੁਰਕਾ,ਨਿਊਟਨ,ਹਿੰਦੀ ਮਿਡੀਅਮ,ਬਾਬੂ ਮੁਸ਼ਾਏ ਬੰਦੂਕਬਾਜ਼,ਬਰੇਲੀ ਕੀ ਬਰਫੀ,ਸ਼ੁਭ ਮੰਗਲ ਸਾਵਧਾਨ ਦੀ ਹੋਵੇ ਤਾਂ ਛੋਟੇ ਬਜਟ ਦੀਆਂ ਫਿਲਮਾਂ ‘ਤੇ ਭਰੋਸਾ ਵਿਸ਼ੇ ਪੱਖੋਂ ਵੀ ਅਤੇ ਵਿੱਤੀ ਪੱਖ ਤੋਂ ਵੀ ਵਧੇਰੇ ਬੱਝਦਾ ਹੈ।ਅਮਿਤ ਮਸੂਰਕਰ ਦੀ ਫਿਲਮ ਨਿਊਟਨ ਹਰ ਤਬਕੇ ‘ਚ ਸਰਾਹੀ ਜਾਂਦੀ ਹੈ।ਇਹ ਫਿਲਮ ਬਕਾਇਦਾ ਭਾਰਤ ਵੱਲੋਂ ਵਿਦੇਸ਼ੀ ਭਾਸ਼ਾ ਦੀ ਜਮਾਤ ‘ਚ ਆਸਕਰ ਲਈ ਜਾਂਦੀ ਹੈ।ਅਸ਼ਵਿਨੈ ਅੱਈਅਰ ਤਿਵਾਰੀ ਦੀ ਫਿਲਮ ਬੇਰਲੀ ਕੀ ਬਰਫੀ ਦੀ ਚਰਚਾ ਰਹਿੰਦੀ ਹੈ।ਅਸ਼ਵਿਨੈ ਲਈ ਵੀ ਇਹ ਖਾਸ ਗੱਲ ਹੈ।ਕਿਉਂ ਕਿ ਅਸ਼ਵਿਨੈ ਦੀ ਪਹਿਲੀ ਫਿਲਮ ‘ਨਿਲ ਬਟੇ ਸੱਨਾਟਾ’ ਵੀ ਬੇਹੱਦ ਸਰਾਹੀ ਗਈ ਫਿਲਮ ਸੀ।ਛੋਟੇ ਬਜਟ ਦੀਆਂ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਭਾਰਤ ਦੇ ਉਹਨਾਂ ਹਿੱਸਿਆਂ,ਗਲੀ,ਨੁਕਰਾ,ਇਲਾਕਿਆਂ ਦੀਆਂ ਕਹਾਣੀਆਂ ਲੱਭਕੇ ਪੇਸ਼ ਕਰ ਰਹੀਆਂ ਹਨ ਜਿੰਨ੍ਹਾਂ ਛੋਟੇ ਛੋਟੇ ਪਹਿਲੂਆਂ ਨਾਲ ਭਾਰਤ ਦੇ ਸਮਾਜ ਨੂੰ ਸਮਝਿਆ ਜਾ ਸਕਦਾ ਹੈ।ਇਹ ਕਹਾਣੀਆਂ ਆਮ ਬੰਦੇ ਦੀ ਨਿੱਜੀ ਕਸ਼ਮਕਸ਼,ਉਹਦੇ ਸਮਾਜਿਕ ਤਾਣੇ ਬਾਣੇ,ਉਹਦੇ ਆਰਥਕ ਵਰਤਾਰੇ ਤੱਕ ਨੂੰ ਕਹਿ ਰਹੀਆਂ ਹਨ।
4 ਚੰਗੇ ਅਦਾਕਾਰਾਂ ਦਾ ਸਿਨੇਮਾ
ਯਕੀਨਨ ਇਰਫਾਨ ਖ਼ਾਨ,ਰਾਜ ਕੁਮਾਰ ਰਾਓ,ਜ਼ਾਇਰਾ ਵਸੀਮ ਦੀ ਚੰਗੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਇਸ ਸਾਲ ਮਸ਼ਹੂਰ ਸਿਤਾਰਿਆਂ ਤੋਂ ਇਲਾਵਾ ਹੋਰ ਅਦਾਕਾਰਾਂ ਦੀਆਂ ਫਿਲਮਾਂ ਵੇਖਣ ਦੀ ਇੱਛਾ ਜਾਗੀ ਹੈ।ਕ੍ਰਿਟਿਕ ਸੂਚੀ ਤੋਂ ਲੈਕੇ ਸਰਵੋਤਮ ਅਦਾਕਾਰ,ਸਹਾਇਕ ਅਦਾਕਾਰ ਤੱਕ ਰਾਜ ਕੁਮਾਰ ਰਾਓ ਦਾ ਨਾਮ ਸ਼ਾਮਲ ਹੈ।ਵਿਕਰਮਾਦਿੱਤਿਆ ਮੋਟਵਾਨੀ ਦੀ ਫਿਲਮ ਟ੍ਰੈਪਡ ਆਪਣੀ ਕਹਾਣੀ,ਪਟਕਥਾ ਅਤੇ ਰਾਜਕੁਮਾਰ ਦੀ ਅਦਾਕਾਰੀ ‘ਤੇ ਖੜ੍ਹੀ ਫਿਲਮ ਹੈ।ਮੁਸੀਬਤ ‘ਚ ਫਸੇ ਕਿਰਦਾਰ ਦੀ ਕਹਾਣੀ ਨੂੰ ਰਾਜਕੁਮਾਰ ਨੇ ਬਾਖੂਬੀ ਜਿਊਇਆ ਹੈ।ਅਸ਼ਿਮ ਆਹਲੂਵਾਲੀਆ ਦੀ ਫਿਲਮ ਡੈਡੀ ਵੀ ਇਸ ਸਾਲ ਦੀ ਕਮਾਲ ਦੀ ਫਿਲਮ ਸੀ।ਅਰੁਣ ਗਾਵਲੀ ਨਾਮ ਦੇ ਮੁੰਬਈਆ ਗੈਂਗਸਟਰ ਜੋ ਬਾਅਦ ‘ਚ ਵਿਧਾਨ ਸਭਾ ਮੈਂਬਰ ਬਣਿਆ ਦੀ ਕਹਾਣੀ ਨੂੰ ਬਹੁਤ ਕਮਾਲ ਨਾਲ ਪੇਸ਼ ਕੀਤਾ ਹੈ।ਇਸ ਫਿਲਮ ਨੂੰ ਇਸ ਪੁਰਸਕਾਰ ‘ਚ ਬੈਸਟ ਪ੍ਰੋਡਕਸ਼ਨ ਡਿਜ਼ਾਇਨ ਦਾ ਇਨਾਮ ਮਿਲਿਆ ਹੈ।ਬਤੌਰ ਕਿਰਦਾਰ ਤੀਵੀਂ ਦੇ ਕਿਰਦਾਰ ਨੂੰ ਸਿਨੇਮਾ ਅੰਦਰ ਬੰਦੇ ਦੇ ਕਿਰਦਾਰ ਨਾਲੋਂ ਜ਼ਿਆਦਾ ਕੇਂਦਰਤ ਕਰਨ ‘ਚ ਵਿੱਦਿਆ ਬਾਲਨ ਦੀ ਫਿਲਮੀ ਚੋਣ ਬਹੁਤ ਅਹਿਮ ਰਹੀ ਹੈ।ਪਾ,ਕਹਾਣੀ,ਇਸ਼ਕੀਆ,ਦੀ ਡਰਟੀ ਪਿਕਚਰ ਦੇ ਸਿਲਸਿਲੇ ਨੂੰ ਵਿੱਦਿਆ ਨੇ ਤੁਮ੍ਹਾਈ ਸੁੱਲੂ ਨਾਲ ਫੇਰ ਅੱਗੇ ਵਧਾਇਆ ਹੈ।ਇਸ ‘ਚ ਕੋਈ ਸ਼ੱਕ ਨਹੀਂ ਕਿ ਵਿੱਦਿਆ ਬਾਲਨ ਨੂਤਨ ਕਾਜਲ ਦੇ ਸਭ ਤੋਂ ਵੱਧ ਵਾਰ ਬੈਸਟ ਐਕਟ੍ਰੈਸ ਦੇ ਫਿਲਮਫੇਅਰ ਰਿਕਾਰਡ ਨੂੰ ਤੋੜ ਸਕਦੀ ਹੈ।ਵਿੱਦਿਆ ਦੇ ਨਿਭਾਏ ਕਿਰਦਾਰਾਂ ਅੰਦਰ ਔਰਤ ਮਨ ਦੀ ਮਜ਼ਬੂਤੀ ਜਾਂ ਉਹਨਾਂ ਦੇ ਸੰਸਾਰ ਦਾ ਬਾਖੂਬੀ ਝਲਕਾਰਾ ਮਿਲਦਾ ਹੈ।
ਫਿਲਮਫੇਅਰ ਅੰਦਰ ਟੈਲੀ ਫਿਲਮਾਂ 
ਯੂ ਟਿਊਬ ਦੇ ਆਉਣ ਨਾਲ ਛੋਟੇ ਸ਼ਹਿਰ ਦੇ ਅੰਦਰ ਦਾ ਫਿਲਮਸਾਜ਼ ਜਾਗਿਆ ਹੈ।ਹੁਣ ਹਾਲ ਇਹ ਹੈ ਕਿ ਤੁਸੀ ਮੁੰਬਈ ਗਏ ਬਗੈਰ ਵੀ ਆਪਣੇ ਢੰਗ ਦੀ ਫਿਲਮ ਬਣਾ ਸਕਦੇ ਹੋ।ਫਿਲਮਫੇਅਰ ਨੇ ਟੈਲੀ ਫਿਲਮਾਂ ਨੂੰ ਵੀ ਪੁਰਸਕਾਰ ‘ਚ ਸ਼ਾਮਲ ਕਰਕੇ ਨਵੀਂ ਪਿਰਤ ਜੋੜੀ ਹੈ।ਇਹਨਾਂ ਟੈਲੀ ਫਿਲਮਾਂ ਦੀ ਅਹਿਮੀਅਤ ਨੂੰ ਵੱਡੇ ਨਾਮ ਵੀ ਸਮਝਦੇ ਹਨ।ਇਸੇ ਕਰਕੇ ਫਿਲਮ ਜੂਸ ‘ਚ ਸ਼ੇਫਾਲੀ ਸ਼ਾਹ ਹੈ।ਇਸ ਫਿਲਮ ਨੂੰ ਬਣਾਉਣ ਵਾਲਾ ਨੀਰਜ ਗਯਾਵਾਨ ਫਿਲਮ ਮਸਾਨ ਦਾ ਨਿਰਦੇਸ਼ਕ ਹੈ।ਇਮਤਿਆਜ਼ ਅਲੀ ਵੀ ਫੀਚਰ ਫਿਲਮਾਂ ਦੇ ਨਾਲ ਨਾਲ ਛੋਟੀਆਂ ਫਿਲਮਾਂ ਬਣਾ ਰਹੇ ਹਨ।ਛੋਟੀਆਂ ਫਿਲਮਾਂ ਦੀ ਸੂਚੀ ‘ਚ ਖੁਜਲੀ ਲਈ ਜੈਕੀ ਸ਼ਰਾਫ ਨੂੰ ਵਧੀਆ ਅਦਾਕਾਰ ਦਾ ਪੁਰਸਕਾਰ ਮਿਲਦਾ ਹੈ।ਇਸ ਸੂਚੀ ‘ਚ ਪੰਜਾਬੀ ਫਿਲਮ ਖੁਨ ਵਾਲੀ ਚਿੱਠੀ ਵੀ ਸ਼ਾਮਲ ਸੀ।ਇਹਨਾਂ ਫਿਲਮਾਂ ਨੂੰ ਯੂ ਟਿਊਬ ‘ਤੇ ਵੇਖਿਆ ਜਾ ਸਕਦਾ ਹੈ ਅਤੇ ਇਹ ਸਿਨੇਮਾ ਰਾਹੀਂ ਜ਼ਿੰਦਗੀ ਦੀਆਂ ਸ਼ਾਨਦਾਰ ਕਹਾਣੀਆਂ ਛੋਟੇ ਛੋਟੇ ਰੂਪ ‘ਚ ਕਹਿ ਰਹੀਆਂ ਹਨ।
Posted in Cinema, Women | Tagged , , , , , , | Leave a comment

ਅਵਾਮ ਦਾ ਸਿਨੇਮਾ ਅਤੇ ਦਾਦਾ ਸਾਹਬ ਫਾਲਕੇ ਦਾ ਸੁਫਨਾ

Still of HarishChandrachi Factory
ਹਰਪ੍ਰੀਤ ਸਿੰਘ ਕਾਹਲੋਂ
30 ਜਣਿਆਂ ਦੀ ਟੀਮ ਇੱਕ ਫਿਲਮ ਬਣਾਉਣ ਨਿਕਲਦੀ ਹੈ।ਰਾਜਪੁਰੇ ਦੇ ਨੇੜੇ-ਤੇੜੇ ਦੇ ਪਿੰਡ ਉਹਨਾਂ ਨੂੰ ਘਰਾਂ ‘ਚ ਠਹਿਰਾਉਂਦੇ ਹਨ।ਸਿਰਫ ਇਹੋ ਨਹੀਂ ਉਹ ਉਹਨਾਂ ਨੂੰ ਰੋਟੀ ਖਵਾਉਂਦੇ ਹਨ।ਖੁਦ ਅਦਾਕਾਰੀ ਨਾ ਜਾਣਦੇ ਹੋਏ ਵੀ ਫਿਲਮ ‘ਚ ਅਦਾਕਾਰੀ ਕਰਦੇ ਹਨ।ਆਪਣੇ ਪਿੰਡ ਦੀਆਂ ਗਲੀਆਂ ਨੂੰ ਫਿਲਮ ਦੇ ਮੁਤਾਬਕ ਸੈੱਟ ‘ਚ ਤਬਦੀਲ ਕਰਦੇ ਹਨ।ਨਿਰਦੇਸ਼ਕ ਗੁਲਜਾਰ ਸਿੰਘ ਇੱਕ ਕਹਾਣੀ ਨਾਲ ਮਨਜੀਤ ਸਿੰਘ ਰਾਜਪੁਰਾ ਨਾਲ ਆਪਣੀ ਟੀਮ ਸੰਗ ਫਿਲਮ ਪੂਰੀ ਕਰਦਾ ਹੈ।ਫਿਲਮ ‘ਕੀਮਤ’ ਪੰਜਾਬ ਦੇ ਖਾਸ ਖਿੱਤੇ ਦੀ ਜ਼ੁਬਾਨ ਪੁਆਧੀ ‘ਚ ਬਣੀ ਫਿਲਮ ਹੈ।ਇਹ ਰਾਜਪੁਰਾ ਦੇ ਸਿਰਫ ਇੱਕ ਸਿਨੇਮਾ ਅੰਦਰ ਹੀ ਚੱਲੀ।ਪਰ ਇਸ ਫਿਲਮ ਨਾਲ ਸਬੰਧਿਤ ਲੋਕਾਂ ਦੀ ਬੱਸ ਇਹੋ ਕੌਸ਼ਿਸ਼ ਸੀ ਕਿ ਚੰਡੀਗੜ੍ਹ ਨੇ ਜਿਸ ਪੁਆਧ ਨੂੰ ਆਪਣੇ ਅੰਦਰ ਕਿਤੇ ਦਫਨ ਕਰ ਦਿੱਤਾ ਹੈ ਉਸ ਜ਼ੁਬਾਨ ਨਾਲ ਵੇਖਣ ਵਾਲਿਆਂ ਦੀ ਪਛਾਣ ਕਰਵਾ ਸਕਣ।
ਅਵਾਮ ਦਾ ਸਿਨੇਮਾ ਤਾਂ ਇੰਝ ਦਾ ਹੀ ਹੈ।ਇਰਾਨੀ ਸਿਨੇਮਾ ਨੇ ਇਸ ਗੱਲ ‘ਤੇ ਬਹੁਤ ਜ਼ੋਰ ਦਿੱਤਾ ਹੈ ਕਿ ਆਪਣੇ ਖਿੱਤੇ ਦੀ ਆਮ ਲੋਕਾਈ ਦੀ ਕਹਾਣੀ ਸਿਨੇਮਾ ਰਾਹੀਂ ਕਹੀ ਜਾਵੇ ਅਤੇ ਉਹਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਦੁਨੀਆਂ ਇਰਾਨ ਦੀਆਂ ਗਲੀਆਂ ਦੀ ਸਧਾਰਨ ਜ਼ਿੰਦਗੀ,ਅਹਿਸਾਸ ਅਤੇ ਜਜ਼ਬਾਤ ਨਾਲ ਦਰਸ਼ਕਾਂ ਨੂੰ ਰੂਬਰੂ ਕਰਵਾ ਸਕੇ।ਬੁਸਾਨ ਫਿਲਮ ਫੈਸਟੀਵਲ ‘ਚ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੂੰ ਵਿਖਾਉਣ ਵੇਲੇ ਬਕਾਇਦਾ ਪਹਿਲਾਂ ਇਹ ਲਿਖਿਆ ਆਉਂਦਾ ਸੀ ਕਿ ਇਹ ਗੁਰਦਿਆਲ ਦੇ ਪੰਜਾਬੀ ਨਾਵਲ ‘ਤੇ ਅਧਾਰਿਤ ਹੈ।ਨਿਰਦੇਸ਼ਕ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਇੰਝ ਕਰਨ ਨਾਲ ਪੰਜਾਬ ਤੋਂ ਬਾਹਰ ਵੱਸਦੀ ਦੁਨੀਆਂ ਨੂੰ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਸਾਹਿਤ ਕਿਹੋ ਜਿਹਾ ਹੈ।ਸਾਡੀਆਂ ਆਮ ਲੋਕਾਈ ਦੀਆਂ ਕਹਾਣੀਆਂ ਕਿਹੋ ਜਹੀਆਂ ਹਨ।ਗੁਰਵਿੰਦਰ ਸਿੰਘ ਦੀ ਹੀ ਦੂਜੀ ਫਿਲਮ ‘ਚੌਥੀ ਕੂਟ’ ਨੂੰ ਕਾਨ ਫਿਲਮ ਫੈਸਟੀਵਲ ‘ਚ ਸਭ ਨੇ ਖੜ੍ਹੇ ਹੋਕੇ ਸਨਮਾਨਿਤ ਕੀਤਾ ਸੀ।ਦਰਸ਼ਕਾਂ ਦੀ ਅਜਿਹੀ ਹੱਲਾਸ਼ੇਰੀ ਕੋਈ ਛੋਟੀ ਗੱਲ ਨਹੀਂ ਹੁੰਦੀ।ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਫਿਲਮ ਸਿਰਫ ਇੱਕ ਫਿਲਮ ਨਹੀਂ ਹੈ।ਉਹ ਆਪਣੇ ਸਮੇਂ ਦਾ,ਮਾਹੌਲ ਦਾ,ਸੱਭਿਆਚਾਰ ਦਾ ਇੱਕ ਵਿਜ਼ੂਅਲ ਦਸਤਾਵੇਜ਼ ਹੈ।
ਫਿਲਮ ਕੀਮਤ ਪੁਆਧੀ ‘ਚ ਬਣਨ ਵਾਲੀ ਫਿਲਮ ਭਾਂਵੇ ਹਜ਼ਾਰਾਂ ਘਾਟਾਂ ਨਾਲ ਅਸਫਲ ਫਿਲਮ ਹੋਵੇ।ਪਰ ਇਸ ਫਿਲਮ ਨੂੰ ਆਮ ਲੋਕਾਂ ਨੇ ਬਣਾਇਆ।ਉਹ ਲੋਕ ਜਿੰਨ੍ਹਾਂ ਨੂੰ ਫਿਲਮਸਾਜ਼ੀ ਦੀ ਢੁੱਕਵੀਂ ਜਾਣਕਾਰੀ ਵੀ ਨਹੀਂ ਹੈ।ਇਹ ਵੱਡੀ ਗੱਲ ਹੈ ਕਿ ਲੋਕ ਆਪਣੀ ਪੁਆਧੀ ਜ਼ੁਬਾਨ ਦੀ ਪਛਾਣ ਲਈ ਕਈ ਤਰ੍ਹਾਂ ਦੇ ਜ਼ਰੀਏ ਚੁਣਕੇ ਉਸ ਪਛਾਣ ਨੂੰ ਲੋਕਾਂ ਤੱਕ ਰੱਖ ਰਹੇ ਹਨ।
ਇਸ ਭਾਵਨਾ ਨੂੰ ਮਹਿਸੂਸ ਕਰਨਾ ਹੋਵੇ ਤਾਂ ਭਾਰਤੀ ਸਿਨੇਮਾ ਦੇ ਪਿਤਾਮਾ ਦਾਦਾ ਸਾਹਬ ਫਾਲਕੇ ਨੂੰ ਜਾਨਣਾ ਬਹੁਤ ਜ਼ਰੂਰੀ ਹੈ।1913 ‘ਚ ਭਾਰਤ ਨੂੰ ਪਹਿਲੀ ਮੂਕ ਫੀਚਰ ਫਿਲਮ ‘ਰਾਜਾ ਹਰੀਸ਼ਚੰਦਰ’ ਮਿਲੀ।ਦਾਦਾ ਸਾਹਬ ਫਾਲਕੇ ਨੇ ਇਸ ਫਿਲਮ ਨੂੰ ਬਣਾਉਣ ਲਈ ਪਹਿਲਾਂ ਇੱਕ ਹੀ ਫਿਲਮ ਦੇ ਰੋਜ਼ਾਨਾ ਕਈ ਵਾਰ ਸ਼ੋ ਵੇਖੇ।ਲਗਾਤਾਰ ਫਿਲਮਾਂ ਵੇਖਣ ਕਰਕੇ ਅੱਖਾਂ ‘ਤੇ ਬੁਰਾ ਅਸਰ ਪਿਆ।ਦਾਦਾ ਸਾਹਬ ਦੀ ਘਰਵਾਲੀ ਦਾ ਸਾਥ ਵੀ ਨਿਰਾ ਤਪੱਸਿਆ ਸੀ।ਉਹਨੇ ਆਪਣੇ ਗਹਿਣੇ ਵੇਚੇ ਤਾਂ ਕਿ ਦਾਦਾ ਸਾਹਬ ਫਾਲਕੇ ਫਿਲਮ ਬਣਾਉਣ ਲਈ ਕੈਮਰਾ ਖਰੀਦ ਸਕਣ।ਇਸ ਲਈ ਦਾਦਾ ਸਾਹਬ ਫਾਲਕੇ ਬਕਾਇਦਾ ਲੰਡਨ ਫਿਲਮਸਾਜ਼ੀ ਸਿੱਖਣ ਗਏ।ਜਦੋਂ ਪਹਿਲੀ ਫਿਲਮ ਬਣਕੇ ਤਿਆਰ ਹੋਈ ਤਾਂ ਪਹਿਲੇ ਦਿਨ 97 ਟਿਕਟਾਂ ਵਿਕੀਆਂ ਅਤੇ ਇੱਕ ਅੰਗਰੇਜ਼ ਦਰਸ਼ਕ ਤੋਂ ਸ਼ਾਬਾਸ਼ੀ ਮਿਲੀ।ਪਰ ਉਸ ਤੋਂ ਬਾਅਦ ਇਤਿਹਾਸ ਹੀ ਬਣ ਗਿਆ।ਦਾਦਾ ਸਾਹਬ ਦੀਆਂ ਫਿਲਮਾਂ ਵਿਦੇਸ਼ ‘ਚ ਵੀ ਪਰਦਾਪੇਸ਼ ਹੋਈਆਂ।ਵਿਦੇਸ਼ੀ ਨਿਰਮਾਤਾਵਾਂ ਨੇ ਫਿਲਮ ਬਣਾਉਣ ਦੀ ਪੇਸ਼ਕਸ਼ ਦਿੱਤੀ ਪਰ ਦਾਦਾ ਸਾਹਬ ਚਾਹੁੰਦੇ ਸਨ ਕਿ ਸਿਨੇਮਾ ਸਿਰਫ ਭਾਰਤ ‘ਚ ਹੀ ਬਣਵਾਂਗਾ ਤਾਂਕਿ ਭਾਰਤ ਅੰਦਰ ਸਿਨੇਮਾ ਖੜ੍ਹਾ ਕੀਤਾ ਜਾਵੇ।ਇਸ ਕੌਸ਼ਿਸ਼ ਨੂੰ ਮਹਿਸੂਸ ਕਰੋ।ਇਹ ਇਤਿਹਾਸ ਦਾ ਬਹੁਤ ਖਾਸ ਪਲ ਹੈ।ਦਾਦਾ ਸਾਹਬ ਦੀ ਬਦੌਲਤ ਭਾਰਤ ਅੰਦਰ ਸਿਨੇਮਾ ਦਾ ਜੋ ਅਧਾਰ ਬਣਿਆ ਉਸ ਨਾਲ ਸਿਨੇਮਾ ਇੰਡਸਟਰੀ ਦੀ ਤਰ੍ਹਾਂ ਖੜ੍ਹਾ ਹੋਇਆ।
ਦਾਦਾ ਸਾਹਬ ਨੇ ਆਪਣੀ ਜ਼ਿੰਦਗੀ ਦੇ 19 ਸਾਲਾਂ ‘ਚ 100 ਫਿਲਮਾਂ ਬਣਾਈਆਂ।ਇਸ ਬਦੌਲਤ ਹੁਣ ਭਾਰਤ ‘ਚ 20 ਜ਼ੁਬਾਨਾਂ ‘ਚ ਹਰ ਸਾਲ 1000 ਤੋਂ ਵੱਧ ਫਿਲਮਮਾਂ ਬਣਦੀਆਂ ਹਨ।ਇਸ ਬਦੌਲਤ 3 ਮਿਲੀਅਨ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਨਸੀਬ ਹੋਇਆ ਹੈ।ਭਾਰਤੀ ਸਿਨੇਮਾ ਇਸ ਸਮੇਂ ਦੁਨੀਆਂ ਦੀ ਵੱਡੀ ਇੰਡਸਟਰੀ ਹੈ।ਦਾਦਾ ਸਾਹਬ ਫਾਲਕੇ ਨੇ ਜਿਸ ਇਸ਼ਕ ਨਾਲ ਫਿਲਮਸਾਜ਼ੀ ਕੀਤੀ ਉਹ ਬਾਕਮਾਲ ਹੈ।2009 ਦੀ ਪਰੇਸ਼ ਮੋਕਾਸ਼ੀ ਦੀ ਮਰਾਠੀ ਫਿਲਮ ‘ਹਰੀਸ਼ਚੰਦਰਾਚੀ ਫੈਕਟਰੀ’ ਨੂੰ ਜ਼ਰੂਰ ਵੇਖੋ।ਇਸ ਫਿਲਮ ਨੇ ਉਸ ਸਾਲ ਆਸਕਰ ‘ਚ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਜਮਾਤ ‘ਚ ਭਾਰਤ ਦੀ ਅਗੁਵਾਈ ਕੀਤੀ ਸੀ।ਇਹ ਦਾਦਾ ਸਾਹਬ ਫਾਲਕੇ ਦੀ ਜ਼ਿੰਦਗੀ ‘ਤੇ ਅਧਾਰਤ ਫਿਲਮ ਹੈ।ਇਸ ਫਿਲਮ ਦਾ ਇੱਕ ਦ੍ਰਿਸ਼ ਤੁਹਾਡੀਆਂ ਅੱਖਾਂ ਨੂੰ ਜਜ਼ਬਾਤ ਨਾਲ ਸਰਾਬੋਰ ਕਰਦਾ ਹੈ।ਉਹਾਨੂੰ ਮਹਿਸੂਸ ਹੁੰਦਾ ਹੈ ਕਿ ਦਾਦਾ ਸਾਹਬ ਦਾ ਸਿਨੇਮਾ ਨੂੰ ਲੈਕੇ ਇਸ਼ਕ ਕਿਹੋ ਜਿਹਾ ਹੈ।ਇਸ ਦ੍ਰਿਸ਼ ‘ਚ ਬਾਕੀ ਦਰਸ਼ਕ ਅਤੇ ਦਾਦਾ ਸਾਹਬ ਦਾ ਪਰਿਵਾਰ ਫਿਲਮ ਵੇਖ ਰਿਹਾ ਹੈ ਪਰ ਦਾਦਾ ਸਾਹਬ ਸਮਝ ਰਹੇ ਹਨ ਕਿ ਪ੍ਰੋਜੈਕਟਰ ਤੋਂ ਰੌਸ਼ਨੀ ਕਿਵੇਂ ਮੋਸ਼ਨ ਫਿਲਮ ਵਾਂਗੂ ਚੱਲਦੀ ਹੈ।ਇਹੋ ਇਤਿਹਾਸ ਦਾ ਪਲ ਹੈ ਜਿਹਨੂੰ ਪਰੇਸ਼ ਮੋਕਾਸ਼ੀ ਆਪਣੀ ਫਿਲਮ ‘ਚ ਵਿਖਾਉਂਦੇ ਹਨ।ਇਹੋ ਤਾਂ ਹੈ ਜਿਸ ਬਦੌਲਤ ਮਨਜੀਤ ਸਿੰਘ ਰਾਜਪੁਰਾ ਵਰਗਿਆਂ ਨੂੰ,ਪੁਆਧ ਦੇ ਲੋਕਾਂ ਨੂੰ ਲੋੜੀਂਦੀ ਸਿਖਲਾਈ ਨਾ ਹੋਣ ਦੇ ਬਾਵਜੂਦ ਆਪਣੀ ਕਹਾਣੀ ਕਹਿਣ ਦਾ ਹੌਂਸਲਾ ਮਿਲਦਾ ਹੈ।ਇਸ ਸਿਨੇਮਾ ਨੇ ਸਾਡੇ ਇਸ਼ਕ ਨੂੰ ਬਿਆਨ ਕੀਤਾ ਹੈ।ਸਾਡੇ ਕਿੱਸਿਆਂ ਦੀ,ਸਾਡੀ ਵਿੱਥਿਆ ਦੀ,ਸਾਡੇ ਹਰ ਪੱਤਝੜ-ਸਾਉਣ ਦੀ ਜ਼ੁਬਾਨ ਇਹ ਸਿਨੇਮਾ ਸਮੇਂ ਸਮੇਂ ਸਿਰ ਬਣਦਾ ਰਿਹਾ ਹੈ।
ਸਿਨੇਮਾ ਨੇ ਹਰ ਸਿਆਸੀ,ਧਾਰਮਿਕ ਹੱਦਬੰਦੀਆਂ ਦੇ ਬਾਵਜੂਦ ਘੱਟੋ ਘੱਟ ਸਮਝੌਤੇ ‘ਚ ਕੁਝ ਬੇਹਤਰ ਸਿਰਜਣ ਲਈ ਜੱਦੋਜਹਿਦ ਕੀਤੀ ਤਾਂ ਹੈ।ਸ਼ਿਆਮ ਬਨੇਗਲ ਦੀ ਫਿਲਮ ‘ਮੰਥਨ’ ਨੂੰ ਕੋਣ ਭੁੱਲ ਸਕਦਾ ਹੈ ? ਇੱਕ ਪਾਸੇ ਭਾਰਤ ‘ਚ ਵਰਗੀਜ਼ ਕੁਰੀਅਨ ਦੇ ਉਪਰਾਲਿਆਂ ਨੇ ਦੁੱਧ ਦੀ ਚਿੱਟੀ ਕ੍ਰਾਂਤੀ ਲਿਆ ਦਿੱਤੀ ਸੀ ਤਾਂ ਦੂਜੇ ਪਾਸੇ ਗੁਜਰਾਤ ਦੇ 5 ਲੱਖ ਕਿਸਾਨਾਂ ਨੇ 2-2 ਰੁਪਏ ਪਾਕੇ ਫਿਲਮ ਮੰਥਨ ਲਈ ਫੰਡ ਇਕੱਠਾ ਕਰ ਦਿੱਤਾ ਸੀ।ਇਸ ਚਿੱਟੀ ਕ੍ਰਾਂਤੀ ਨੇ ਕਿਸਾਨਾਂ ਦੀ ਸਿਰਫ ਆਰਥਿਕਤਾ ਨੂੰ ਹੀ ਹੁੰਗਾਰਾ ਨਹੀਂ ਦਿੱਤਾ।ਇਸ ਕ੍ਰਾਂਤੀ ਨੇ ਵੱਖ ਵੱਖ ਜਾਤਾਂ ਦੇ ਕਿਸਾਨਾਂ ਦੇ ਦੁੱਧ ਨੂੰ ਇਕੱਠਾ ਕੀਤਾ।ਇਸ ਨਾਲ ਸਮੂਹ ‘ਚ ਆਪਸੀ ਭਾਈਚਾਰਾਂ,ਧਾਰਮਿਕ ਮੇਲਜੋਲ,ਜਾਤ-ਪਾਤ ਤੋਂ ਦੂਰ ਭਾਈਚਾਰੇ ਨੂੰ ਖੜ੍ਹਾ ਕੀਤਾ।ਫਿਲਮ ਮੰਥਨ ਦੁੱਧ ਉਤਪਾਦਕਾਂ ਦੇ ਪੈਸੇ ਨਾਲ ਬਣੀ।ਭਾਰਤ ‘ਚ ਇਹ ਵਿਲੱਖਣ ਉਦਾਹਰਨ ਹੈ।ਪੁਆਧੀ ਜ਼ੁਬਾਨ ਦੀ ਫਿਲਮ ‘ਕੀਮਤ’ ਵੀ ਅਵਾਮ ਦੀ ਅਜਿਹੀ ਕੌਸ਼ਿਸ਼ ਹੈ।
ਆਲੇ ਦੁਆਲੇ ਬਹੁਤ ਸਿਨੇਮਾ ਫੈਲਿਆ ਹੋਇਆ ਹੈ।ਕਿੰਨੀ ਕਹਾਣੀਆਂ ਅਣਕਹੀਆਂ ਹਨ।ਗੁਰਵਿੰਦਰ ਸਿੰਘ ਨੇ ਵੀ ਆਪਣੀਆਂ ਫਿਲਮਾਂ ‘ਚ ਪਿੰਡਾਂ ਦੇ ਆਮ ਲੋਕਾਂ ਨੂੰ ਹੀ ਵਰਕਸ਼ਾਪ ਲਗਾ,ਅਦਾਕਾਰੀ ਸਿਖਾ,ਫਿਲਮ ‘ਚ ਕੰਮ ਕਰਵਾਇਆ।ਕਿਸੇ ਖਿੱਤੇ,ਜ਼ੁਬਾਨ ਦੀ ਵਿਰਾਸਤ ਦੁਨੀਆਂ ਤੱਕ ਪੇਸ਼ ਹੋਏ ਇਸ ਲਈ ਸਿਨੇਮਾ ਦੀ ਬਹੁਤ ਮਹੱਤਤਾ ਹੈ।ਇੱਕ ਦਿਲਚਸਪ ਕਿੱਸਾ ਹੈ।ਰਾਜਸਥਾਨੀ ਜ਼ੁਬਾਨ ਦੀ ਇੱਕ ਫਿਲਮ ‘ਭੋਬਰ’ 2012 ‘ਚ ਆਈ ਸੀ।ਗਜਿੰਦਰ ਸਿੰਘ ਸ਼੍ਰੋਤਰੀਆ ਦੀ ਨਿਰਦੇਸ਼ਨਾ ‘ਚ ਬਣੀ ਇਸ ਫਿਲਮ ਨੂੰ ਰਾਮਕੁਮਾਰ ਸਿੰਘ ਨੇ ਲਿਖਿਆ ਸੀ।ਰਾਮਕੁਮਾਰ ਸਿੰਘ ਦੱਸਦੇ ਹਨ ਕਿ ਉਹਨਾਂ ਦੀ ਫਿਲਮ ‘ਵਰਲਡ ਪ੍ਰੀਮੀਅਰ ਕੋਰੀਨਥ,ਗ੍ਰੀਸ ਸਨ੍ਹੇ ਪੰਜ ਹੋਰ ਕੌਮਾਂਤਰੀ ਫਿਲਮਮ ਮੇਲਿਆਂ ‘ਚ ਵਿਖਾਈ ਗਈ ਪਰ ਜਦੋਂ ਆਪਣੇ ਹੀ ਸੂਬੇ ਰਾਜਸਥਾਨ ‘ਚ ਫਿਲਮ ਨੂੰ ਰਲੀਜ਼ ਕੀਤਾ ਗਿਆ ਤਾਂ ਆਈਨੋਕਸ ਸਿਨੇਮਾ ਨੇ ਇਹਨੂੰ ਸਿਰਫ ਇੱਕ ਹਫਤੇ ਲਈ ਅਤੇ ਦਿਨ ‘ਚ ਸਿਰਫ ਇੱਕ ਵਾਰ ਵਿਖਾਉਣ ਦਾ ਫੈਸਲਾ ਕੀਤਾ।ਪਰ ਦਰਸ਼ਕਾਂ ਨੇ ਆਪਣੀ ਜ਼ੁਬਾਨ ਦੇ ਸਿਨੇਮਾ ਨੂੰ ਅਜਿਹਾ ਹੁੰਗਾਰਾ ਦਿੱਤਾ ਕਿ ਸਿਨੇਮਾ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਇਹ ਫਿਲਮ ਅਸੀਂ ਇੱਕ ਹੋਰ ਹਫਤਾ ਅਤੇ ਦਿਨ ਦੇ ਪ੍ਰਾਈਮ ਟਾਈਮ ਸ਼ੋਅ ‘ਚ ਵਿਖਾਵਾਂਗੇ।ਸੋ ਸਾਰਥਕ ਸਿਨੇਮਾ ਨੂੰ ਖੜ੍ਹਾ ਕਰਨ ‘ਚ ਬਣਾਉਣ ਵਾਲਿਆਂ ਦਾ ਅਤੇ ਵੇਖਣ ਵਾਲਿਆਂ ਦਾ ਬਰਾਬਰ ਯੋਗਦਾਨ ਹੁੰਦਾ ਹੈ।
ਇਸ ਕਾਰਨ ਜਦੋਂ ਜਦੋਂ ਅਜਿਹਾ ਸਿਨੇਮਾ ਬਣਦਾ ਹੈ ਤਾਂ ਉਸ ਸਿਨੇਮਾ ਰਾਹੀਂ ਦਾਦਾ ਸਾਹਬ ਫਾਲਕੇ ਦੇ ਵੇਖੇ ਸੁਫਨੇ ਦੀ ਸੰਭਾਵਨਾ ਹੋਰ ਵੱਧਦੀ ਹੈ।ਆਲੇ ਦੁਆਲੇ ਫੈਲੀਆਂ ਕਿੰਨੀਆਂ ਹੀ ਕਹਾਣੀਆਂ ਚੰਗੇ ਸਿਨੇਮਾ ਨੂੰ ਉਡੀਕ ਰਹੀਆਂ ਹਨ ਅਤੇ ਜਦੋਂ ਜਦੋਂ ਅਜਿਹਾ ਸਿਨੇਮਾ ਬਣਦਾ ਹੈ ਤਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਸਿਨੇਮਾ ਨੂੰ ਹੱਲਸ਼ੇਰੀ ਦਈਏ।
People Cinema
Posted in Cinema, History, Inspiration | Tagged , , , , , , , | Leave a comment

ਸੁੰਦਰ ਮੁੰਦਰੀਏ ਹੋ !

ਹਰਪ੍ਰੀਤ ਸਿੰਘ ਕਾਹਲੋਂ
ਚਨਾਬ-ਰਾਵੀ ਦੇ ਪਾਣੀਆਂ ਦੀ ਧਰਤੀ ਨੇ ਜਿਸ ਨਾਇਕ ਨੂੰ ਸਾਡੇ ਇਤਿਹਾਸ ‘ਚ ਜ਼ਿਕਰ ਦਿੱਤਾ ਹੈ ਉਹ ਬੰਦਾ ਬੰਦਾ ਨਾ ਹੋਕੇ ਪੰਜਾਬੀਅਤ ਅੰਦਰ ਵਹਿੰਦੀ ਇੱਕ ਸੋਚ ਹੈ।ਲੋਹੜੀ ਦਾ ਤਿਉਹਾਰ ਉਸੇ ਜਸ਼ਨ ਦਾ ਪ੍ਰਤੀਕ ਹੈ ਜਿਸ ਮਾਰਫਤ ਸਾਡੀ ਵਿਰਾਸਤ ‘ਚ ਸੂਫੀਆਂ ਦਾ ਅਤੇ ਇਨਕਲਾਬ ਦਾ ਰੰਗ ਚੜ੍ਹਿਆ ਹੈ।
ਮੌਲਵੀ ਨੂਰ ਅਹਿਮਦ ਚਿਸ਼ਤੀ ਆਪਣੀ ਰਚਨਾ ‘ਤਹਿਕੀਕਾਤ-ਏ-ਚਿਸ਼ਤੀਆ’ ‘ਚ ਜ਼ਿਕਰ ਕਰਦੇ ਹਨ ਕਿ ਅਕਬਰ ਨੇ ਲਾਹੌਰ ਦੇ ਲੰਡਾ ਬਾਜ਼ਾਰ ਦੇ ਨੇੜੇ ਨੀਲੇ ਗੁਬੰਦ ਕੋਲ ਜਨਤਕ ਤੌਰ ‘ਤੇ ਦੁੱਲੇ ਭੱਟੀ ਨੂੰ ਫਾਂਸੀ ਦਿੱਤੀ ਸੀ।ਇਹ ਲੋਕਾਂ ਨੂੰ ਸਬਕ ਸੀ ਤਾਂ ਕਿ ਫਿਰ ਤੋਂ ਕੋਈ ਬਗਾਵਤ ਕਰਨ ਲਈ ਆਵਾਜ਼ ਨਾ ਚੁੱਕੇ।ਇਸ ਦੌਰਾਨ ਭੀੜ ‘ਚ ਕਾਫੀ ਗੁੱਸੇ ਦੀ ਲਹਿਰ ਸੀ ਅਤੇ ਅਜਿਹੇ ਹਲਾਤ ਨੂੰ ਲਾਹੌਰ ਦਾ ਕੋਤਵਾਲ ਅਲੀ ਮਲਿਕ ਕਾਬੂ ਕਰ ਰਿਹਾ ਸੀ।ਇਸ ਮਾਹੌਲ ‘ਚ ਇੱਕ ਆਵਾਜ਼ ਸੀ ਜੋ ਬੇਧੜਕ,ਬੇਖੌਫ ਮੁਖਾਲਫਤ ਕਰਨ ਲਈ ਉੱਤਰੀ।ਇਹ ਪੰਜਾਬ ਦੇ ਸੂਫ਼ੀ ਸੰਤ ਸ਼ਾਹ ਹੁਸੈਨ ਸਨ।ਸ਼ਾਹ ਹੁਸੈਨ ਲਿਖਦੇ ਹਨ-
ਕਹੇ ਹੁਸੈਨ ਫ਼ਕੀਰ ਨਿਮਾਣਾ ਤਖ਼ਤ ਨਾ ਮਿਲਦੇ ਮੰਗੇ…
ਸੂਫ਼ੀ ਵੀ ਤਾਂ ਇਨਕਲਾਬੀ ਹੀ ਹੁੰਦੇ ਹਨ।ਉਹਨਾਂ ਗਾਇਆ।ਨਾ ਲਿਖਣ ਦੀ ਤਾਂਘ ਸੀ,ਨਾ ਨਿਯਮਬੱਧ ਕਰਨ ਦੀ ਲਾਲਸਾ।ਜੇ ਲਾਲਸਾ ਹੁੰਦੀ ਤਾਂ ਘੁੰਗਟ ਚੱਕ ਹੁਣ ਸੱਜਣਾਂ ਦਾ ਗਾਣ ਕਿਉਂ ਗਾਉਂਦੇ ? ਸੂਫ਼ੀ ਨੇ ਸ਼ੱਰੀਅਤ ਖਿਲਾਫ ਆਜ਼ਾਦ ਮਨ ਦੀ ਆਵਾਜ਼ ਨੂੰ ਉਡਾਨ ਦਿੱਤੀ।
ਸੂਫ਼ੀਆਂ ਦਾ ਇੱਕ ਕਥਨ ਹੈ-ਕੁਨ ਫਾਹੇ ਕੁਨ।
ਇਹਦਾ ਅਰਥ ਹੈ ਕਿ ਜੋ ਦਿਲ ‘ਚ ਹੈ ਉਹ ਜ਼ੁਬਾਨ ‘ਤੇ ਹੈ।ਕਿਸੇ ਤਰ੍ਹਾਂ ਦਾ ਕੋਈ ਓਹਲਾ ਨਹੀਂ।ਸੋਚਣ ਅਤੇ ਕਰ ਗੁਜ਼ਰਨ ਦਰਮਿਆਨ ਛਿਣ ਭੰਗਰੀ ਜਹੀ ਦੇਰੀ ਨਹੀਂ,ਬੱਸ ਸੋਚਿਆ ਤਾਂ ਕਰ ਦਿੱਤਾ।
ਨਜਮ ਹੁਸੈਨ ਸੱਈਅਦ ਆਪਣੇ ਨਾਟਕ ‘ਤਖ਼ਤ ਲਾਹੌਰ’ ਅੰਦਰ ਬੜੇ ਕਮਾਲ ਦੇ ਇਸ਼ਾਰੇ ਕਰਦੇ ਹਨ।ਇਹ ਨਾਟਕ ਦੁੱਲੇ ਭੱਟੀ ਨਾਲ ਸਬੰਧ ਰੱਖਕੇ ਵੀ ਦੁੱਲੇ ਦੇ ਬੰਦੇ ਦੇ ਤੌਰ ‘ਤੇ ਹਾਜ਼ਰ ਹੋਣ ਦਾ ਨਹੀਂ ਹੈ।ਆਮ ਬੰਦੇ ਅਤੇ ਲੋਕ ਨਾਇਕ ‘ਚ ਇਹੋ ਫਰਕ ਹੁੰਦਾ ਹੈ।ਦੁੱਲਾ ਹੁਣ ਇੱਕ ਸੋਚ ਹੈ।ਨਜਮ ਹੁਸੈਨ ਆਪਣੇ ਨਾਟਕ ‘ਚ ਇਸੇ ਸੋਚ ਨੂੰ ਮਹਿਸੂਸ ਕਰ ਰਹੇ ਹਨ।ਨਜਮ ਹੁਸੈਨ ਦੇ ਨਾਟਕ ‘ਚ ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਇੱਕੋ ਮਦਰਸੇ ‘ਚ ਪੜ੍ਹਣ ਦਾ ਜ਼ਿਕਰ ਹੈ।ਕਿੰਨਾ ਕਮਾਲ ਸੰਜੋਗ ਹੈ ਕਿ ਇੱਕੋ ਮਦਰਸੇ ਤੋਂ ਇਨਕਲਾਬ ਖੜ੍ਹਾ ਹੋਇਆ।ਇੱਕ ਕਲਮ ਨਾਲ ਅਤੇ ਦੂਜਾ ਤਲਵਾਰ ਨਾਲ ਜ਼ੁਰਮ-ਜ਼ਬਰ ਦੇ ਖਿਲਾਫ ਆਪਣੀ ਇਬਾਰਤ ਲਿਖ ਰਿਹਾ ਹੈ।ਲੋਹੜੀ ਦੇ ਤਿਉਹਾਰ ਵੇਲੇ ਖੁਸ਼ੀ ਮਨਾਉਣ ਲੱਗਿਆ ਉਸ ਸੋਚ ਨੂੰ,ਪੰਜਾਬ ਦੀ ਸੂਫ਼ੀਅਤ ਨੂੰ ਧੁਰ ਅੰਦਰ ਤੋਂ ਮਹਿਸੂਸ ਕਰਨ ਦੀ ਲੋੜ ਹੈ।ਇਸ ਤੋਂ ਬਿਨਾਂ ਸਭ ਮਿੱਟੀ ਹੈ।ਅਸੀਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਹੋਏ ਇਹ ਉਮੀਦ ਕਰੀਏ ਕਿ ਸਾਡਾ ਫਰਜ਼ੰਦ ਦੁੱਲੇ ਵਾਂਗੂ ਖਰਾ ਹੋਵੇ।ਇਸ ਧਰਤੀ ਨੂੰ ਦੋਗਲਾਪਣ ਨਹੀਂ ਚਾਹੀਦਾ।ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਸਾਡੀ ਦੁਆ ਹੋਵੇ ਕਿ ਜ਼ਿੰਦਗੀ ਦਾ ਅਹਿਮ ਅਧਾਰ ਇਹ ਕੁੜੀਆਂ ਆਪਣੀ ਕਹਾਣੀ ਨੂੰ ਹੌਂਸਲੇ ਨਾਲ,ਵਿਸ਼ਵਾਸ਼ ਨਾਲ ਤਰਾਸ਼ਨ ਅਤੇ ਇਸ ਲਈ ਸਮਾਜ ‘ਚ ਇਹਨਾਂ ਕੁੜੀਆਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ।ਸਾਡਾ ਹੰਭਲਾ ਇਸੇ ਰੌਸ਼ਨ ਸਮਾਜ ਦੀ ਬੁਨਿਆਦ ਲਈ ਹੋਵੇ।
ਇਹ ਵੀ ਇਤਫਾਕ ਹੈ ਕਿ ਲਾਹੌਰ ਦੇ ਮੈਨੀ ਸਾਹਿਬ ਵਾਲੇ ਕਬਿਰਸਤਾਨ ‘ਚ ਜਿੱਥੇ ਦੁੱਲਾ ਭੱਟੀ ਹੈ।ਉਸੇ ਥਾਂ ‘ਤੇ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦੀ ਵੀ ਸਮਾਧ ਹੈ।ਲਹਿੰਦੇ ਪੰਜਾਬ ਦੇ ਸਾਹਿਤ ਨੂੰ ਬੇਹੱਦ ਇਸ਼ਕ ਨਾਲ ਸਮਝਣ ਵਾਲੇ ਡਾ.ਪਰਮਜੀਤ ਸਿੰਘ ਮੀਸ਼ਾ ਕਹਿੰਦੇ ਹਨ ਕਿ ਬਾਗੀਆਂ ਦਾ ਅਤੇ ਸੂਫ਼ੀਆਂ ਦੇ ਰਿਸ਼ਤੇ ਵਿਚਲੀ ਤੰਦ ਬਾਕਮਾਲ ਹੈ।ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਸਬੰਧਾਂ ਬਾਰੇ ਹੋਰ ਵਿਸਥਾਰ ਨਾਲ ਗੱਲ ਹੋਵੇ।ਸ਼ਾਹ ਹੁਸੈਨ ਪੰਜਾਬ ਅੰਦਰ ਸੂਫ਼ੀਅਤ ਦਾ ਜੋ ਰੰਗ ਹੈ,ਬਾਬਾ ਬੁੱਲ੍ਹੇ ਸ਼ਾਹ ਉਸੇ ਸੂਫੀਅਤ ਦਾ ਸਿਖਰ ਹਨ।
ਦੁੱਲ੍ਹਾ ਭੱਟੀ ਪੰਜਾਬ ਦੀ ਉਹ ਸੋਚ ਹੈ ਜੋ ਜਾਣਦਾ ਸੀ ਕਿ ਮੇਰੀ ਹੁਣ ਦੀ ਕੁਰਬਾਨੀ ਅੰਤ ਨਹੀਂ।ਇਹ ਲੜਾਈ ਅੱਜ ਦੀ ਨਹੀਂ।ਇਹ ਬਹੁਤ ਬਾਅਦ ਦੀਆਂ ਗਾਥਾਵਾਂ ਹੋ ਜਾਣੀਆਂ ਹਨ ਜੋ ਲੋਕਾਂ ਨੂੰ ਸਹੀ ਕਰਨ ਲਈ ਪ੍ਰੇਰਣਗੀਆਂ।ਸੂਫ਼ੀ ਵੀ ਤਾਂ ਅਜਿਹੇ ਹੀ ਹਨ।ਉਹਨਾਂ ਆਪਣੇ ਸਮਿਆਂ ‘ਚ ਜੋ ਗਾਇਆ ਉਸ ਨੂੰ ਬਾਅਦ ਵਾਲੀਆਂ ਕਈ ਸਦੀਆਂ ਨੇ ਸੁਣਿਆ ਹੈ।ਦੁਲ੍ਹੇ ਭੱਟੀ ਅਤੇ ਮਾਧੋ ਲਾਲ ਹੁਸੈਨ ਉਰਫ ਸ਼ਾਹ ਹੁਸੈਨ ਦੇ ਰਿਸ਼ਤੇ ਤੋਂ ਪੰਜਾਬ ਦੀ ਅਜੋਕੀ ਗਾਇਕੀ ਵੀ ਆਪਣੇ ਅੰਦਰ ਵੇਖ ਸਕਦੀ ਹੈ।ਕੀ ਇਹ ਗੀਤ ਅੱਜ ਤੋਂ ਸਦੀਆਂ ਬਾਅਦ ਗਾਏ ਜਾਣਗੇ ? ਜੋ ਗਾਏ ਜਾਣਗੇ ਉਹ ਲੋਕ ਗੀਤ ਬਣਨਗੇ।ਪੰਜਾਬ ‘ਸੁੰਦਰ ਮੁੰਦਰੀਏ’ ਤਾਂ ਅੱਜ ਵੀ ਗਾਉਂਦਾ ਹੈ।ਬਾਰਡਰ ਨੀ ਟੱਪਦਾ ਚਿੱਟਾ ਕੀ ਕੱਲ੍ਹ ਨੂੰ ਗਾਇਆ ਜਾਵੇਗਾ ?
ਅਜਿਹਾ ਹਵਾਲਾ ਵੀ ਹੈ ਕਿ ਦੁੱਲ੍ਹਾ ਭੱਟੀ ਦੀ ਸ਼ਹੀਦੀ ਤੋਂ ਬਾਅਦ ਸ਼ਾਹ ਹੁਸੈਨ ਨੇ ਬਹੁਤ ਡੱਟਕੇ ਇਸ ਬਾਰੇ ਮੁਖਾਲਫਤ ਕੀਤੀ ਸੀ।ਕਹਿੰਦੇ ਹਨ ਕਿ ਇਹ ਸ਼ਾਹੀ ਫੁਰਮਾਣ ਸੀ ਕਿ ਦੁੱਲ੍ਹੇ ਨੂੰ ਸੂਲੀ ਤੋਂ ਉਤਾਰਕੇ ਉਹਦੀਆਂ ਮੌਤ ਦੀਆਂ ਰਸਮਾਂ ਕੋਈ ਨਹੀਂ ਕਰੇਗਾ।ਸ਼ਾਹ ਹੁਸੈਨ ਨੇ ਇਸ ਦੀ ਪਰਵਾਹ ਵੀ ਨਹੀਂ ਕੀਤੀ।ਇਤਿਹਾਸ ਅਤੇ ਲੋਕ ਕਥਾਵਾਂ ‘ਚ ਇਹੋ ਫਰਕ ਹੈ।ਤੱਥਾਂ ਦੀ ਕਸਵੱਟੀ ‘ਤੇ ਭਾਂਵੇ ਇਸ ਗੱਲ ਦਾ ਕੋਈ ਅਧਾਰ ਨਾ ਹੋਵੇ ਪਰ ਦਿਲਾਂ ਦੀ ਅਵਾਜ਼ ਅਜਿਹਾ ਮੰਨਣ ਨੂੰ ਕਹਿੰਦੀ ਹੈ।ਸ਼ਾਹ ਹੁਸੈਨ ਲਿਖਦੇ ਹਨ-
ਸ਼ਾਹ ਹੁਸੈਨ ਸ਼ਹਾਦਤ ਪਾਇਨ,ਮਰਨ ਜੋ ਮਿੱਤਰਾਂ ਅੱਗੇ
ਪੰਜਾਬ ਦੀ ਲੋਕ ਧਾਰਾ ਦੇ ਅਜਿਹੇ ਨਾਇਕ,ਅਜਿਹੇ ਸੂਫ਼ੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ ਕਰਦੇ ਰਹੋ।ਦੁੱਲ੍ਹਾ ਆਪਣੇ ਆਪ ‘ਚ ਸਾਂਝੀਵਾਲਤਾ ਹੈ।ਲੋਹੜੀ ਦੇ ਤਿਉਹਾਰ ਨੂੰ ਇਸ ਬਹਾਨੇ ਵੀ ਮਨਾਇਓ ਅਤੇ ਧਰਮਾਂ,ਵਿਤਕਰਿਆਂ ਤੋਂ ਉੱਪਰ ਉੱਠ ਪੰਜਾਬੀਅਤ ਨੂੰ ਮਹਿਸੂਸ ਕਰੋ।
ਦੁੱਲ੍ਹੇ ਦੇ ਪੁਰਖੇ ਰਾਜਪੂਤ ਹਿੰਦੂ ਸਨ।ਜਾਤ ਤੋਂ ਬਾਹਰੀ ਵਿਆਹ ਕਰਨ ਕਰਕੇ ਉਹਨਾਂ ਨੂੰ ਕੁਨਬੇ ‘ਚੋਂ ਛੇਕ ਦਿੱਤਾ।ਰਾਜਸਥਾਨ ਤੋਂ ਤੁਰਦੇ ਤਰਾਉਂਦੇ ਉਹਨਾਂ ਆਪਣਾ ਡੇਰਾ ਬਠਿੰਡਾ ਦੇ ਨੇੜੇ ਲਾਇਆ।ਕਹਿੰਦੇ ਨੇ ਕਿ ਦੁੱਲ੍ਹੇ ਦੀ ਗੋਤ ਭੱਟੀ ਤੋਂ ਹੀ ਸ਼ਾਬਦਿਕ ਸਫਰ ਹੁੰਦਾ ਹੁੰਦਾ ਬਠਿੰਡਾ ਬਣਿਆ ਹੈ।ਪਰ ਇੱਥੋਂ ਵੀ ਉਹਨਾਂ ਦਾ ਠਿਕਾਣਾ ਵਕਤੀ ਸੀ।ਅਖੀਰ ਉਹਨਾਂ ਚਨਾਬ-ਰਾਵੀ ਦੇ ਇਲਾਕੇ ‘ਚ ਬਾਰ ਦੇ ਇਲਾਕੇ ਨੂੰ ਆਬਾਦ ਕੀਤਾ।ਇਹ ਇਲਾਕਾ ਦੁੱਲ੍ਹੇ ਦੇ ਦਾਦਾ ਸਾਂਦਲ ਭੱਟੀ ਦੇ ਨਾਂ ਨਾਲ ਮਸ਼ਹੂਰ ਹੈ।ਦੁਲ੍ਹੇ ਦੇ ਪੁਰਖਿਆਂ ਦੀ ਬਾਰ ਇਲਾਕੇ ਦੀ ਮੁਗਲੀਆ ਹਕੂਮਤ ਖਿਲਾਫ ਬਗਾਵਤ  ਦਾ ਜ਼ਿਕਰ ਬਾਬਰ ਵੱਲੋਂ ਲਿਖੇ ਬਾਬਰਨਾਮਾ ‘ਚ ਵੀ ਮਿਲਦਾ ਹੈ।ਦਰਅਸਲ ਬਾਰ ਦਾ ਇਲਾਕੇ ਦਾ ਇਤਿਹਾਸ ਹੀ ਅਜਿਹਾ ਹੈ ਕਿ ਇਹ ਬਾਗੀ ਅਤੇ ਲੜਾਕੂ ਕੌਮਾਂ ਦਾ ਵਸੇਬਾ ਹੀ ਬਣਿਆ ਹੈ।ਰਾਅ ਸਿੱਖ ਜਾਂ ਰਾਏ ਸਿੱਖਾਂ ਬਾਰੇ ਜਿਵੇਂ ਕਿ ਜ਼ਿਕਰ ਇਹ ਵੀ ਹੈ ਕਿ ਬਾਰ ‘ਚ ਵੱਸਿਆ ਅਜਿਹਾ ਕਬੀਲਾ ਸੀ ਜੋ ਮੂਲੋਂ ਬਾਗੀ ਸੁਭਾਅ ਦੇ ਸਨ।ਮੁਗਲੀਆ ਸਲਤਨਤ ਨਾਲ ਇਹਨਾਂ ਦੇ ਵਿਰੋਧ ਸਨ ਜਿਸ ਕਾਰਨ ਇਹ ਗੁਰੀਲਾ ਢੰਗ ਨਾਲ ਉਹਨਾਂ ਨਾਲ ਆਢਾ ਲੈਂਦੇ ਰਹਿੰਦੇ ਸਨ।ਇਹ ਵੀ ਦਿਲਚਸਪ ਹੈ ਕਿ ਕੁਝ ਕੌਮਾਂ ਦੇ ਖੁਨ ‘ਚ ਹੀ ਵੰਗਾਰ ਲਿਖੀ ਹੁੰਦੀ ਹੈ।ਇੱਕ ਪਾਸੇ ਇਹ ਰਾਅ ਸਿੱਖਾਂ ਦੀ ਜੜ੍ਹ ਰਾਜਪੂਤਾਂ ਨਾਲ ਜਾ ਜੁੜਦੀ ਹੈ।ਠੀਕ ਉਂਵੇ ਜਿਵੇਂ ਦੁੱਲਾ ਭੱਟੀ ਹੁਣਾਂ ਦੀ ਤੰਦ ਵੀ ਰਾਜਪੂਤਾਣਾ ਹੈ।ਰਾਅ ਸਿੱਖਾਂ ਦਾ ਸਬੰਧ ਚਿਤੌੜਗੜ੍ਹ ਦੀ ਰਾਣੀ ਪਦਮਾਵਤੀ ਦੇ ਭਰਾਵਾਂ ਨਾਲ ਹੈ।ਸਾਡੇ ਲੋਕ ਗੀਤਾਂ ‘ਚ ਇਹਨਾਂ ਭਰਾਵਾਂ ਦਾ ਜ਼ਿਕਰ ਆਮ ਹੈ।ਇਹਨਾਂ ਭਰਾਵਾਂ ਦਾ ਨਾਮ ਜੈਮਲ ਤੇ ਫੱਤਾ ਸੀ।ਰਾਅਵਾਂ ਦੇ ਬੁਜ਼ਰਗ ਕਹਿੰਦੇ ਹਨ ਕਿ ਅਸੀ ਜੈਮਲ ਫੱਤੇ ਦੀਆਂ ਔਲਾਦਾਂ ਰਾਜਪੂਤ ਸਾਂ ਅਤੇ ਫਿਰ ਸਿੱਖ ਧਰਮ ਦੇ  ਪਸਾਰੇ ‘ਚ ਸਾਡੇ ਪੁਰਖੇ  ਗੁਰੁ ਸਾਹਬ ਹੁਣਾਂ ਦੇ ਪ੍ਰਭਾਵ ‘ਚ ਆਏ।ਇਹ ਕਿਹੜੇ ਗੁਰੁ ਸਾਹਬ ਦੀ ਸੰਗਤ ‘ਚ ਆਏ ਹਨ ਇਹਦਾ ਕੋਈ ਸੱਪਸ਼ਟ ਪ੍ਰਮਾਣ ਨਹੀਂ ਹੈ।ਪਰ ਇਹ ਕਹਾਣੀ ਲੋਕ ਧਾਰਾਈ ਪ੍ਰਵਾਹ ‘ਚ ਹੈ ਕਿ ਪੁੱਛਿਆ ਕਿ ਰਾਜਪੂਤ ਕੀ ਹੋਇਆ ? ਰਾਜਿਆਂ ਦੇ ਪੁੱਤ ! ਤੁਸੀ ਤਾਂ ਰਾਜ ਕਰਨ ਵਾਲੇ ਸਿੱਖ ਹੋ।ਸੋ ਇੰਝ ਰਾਜ+ਪੂਤ ਤੋਂ ਰਾਜ + ਸਿੱਖ ਹੋ ਗਏ ਅਤੇ ਰਾਜ ਸਿੱਖ ਤੋਂ ਸ਼ਾਬਦਿਕ ਸਫਰ ਰਾਏ ਸਿੱਖ ਜਾ ਰਾਅ ਸਿੱਖਾਂ ਤੱਕ ਹੋ ਗਿਆ।
ਦੁੱਲ੍ਹੇ ਭੱਟੀ ਦੀ ਮਾਂ ਅਤੇ ਅਕਬਰ ਦੇ ਮੁੰਡੇ ਨੂੰ ਲੈਕੇ ਵੀ ਇੱਕ ਕਹਾਣੀ ਹੈ।ਕਹਿੰਦੇ ਹਨ ਕਿ ਦੁੱਲ੍ਹਾ ਅਤੇ ਸਲੀਮ ਹਾਣੋ ਹਾਣੀ ਸਨ।ਸਲੀਮ ਦੀ ਬਾਲ ਅਵਸਥਾ ‘ਚ ਵੈਦ ਦੀ ਸਲਾਹ ਨਾਲ ਉਹਨੂੰ ਕਿਸੇ ਹੋਰ ਔਰਤ ਦਾ ਦੁੱਧ ਪਿਆਇਆ ਗਿਆ।ਉਹ ਔਰਤ ਦੁੱਲ੍ਹੇ ਦੀ ਮਾਂ ਲੱਧੀ ਸੀ।ਜਿੰਨ੍ਹੇ ਇੱਕੋ ਸਮੇਂ ਦੁੱਲ੍ਹੇ ਨੂੰ ਅਤੇ ਸਲੀਮ ਨੂੰ ਦੁੱਧ ਪਿਆਇਆ।ਪਰ ਆਪਣੇ ਲੰਮੇ ਸਾਲਾਂ ਦੀ ਇਤਿਹਾਸਕ ਖ਼ੋਜ ਤੋਂ ਬਾਅਦ ਸਾਜ਼ੀ ਜ਼ਮਾਂ ਨੇ ਨਾਵਲ ‘ਅਕਬਰ’ ਜੋ ਲਿਖਿਆ ਹੈ ਉਸ ‘ਚ ਇਸਦਾ ਹਵਾਲਾ ਨਹੀਂ ਹੈ।ਸਾਜ਼ੀ ਜ਼ਮਾਂ ਦੇ ਨਾਵਲ ਨੂੰ ਪੜ੍ਹਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਜ਼ੀ ਜ਼ਮਾਂ ਦਾ ਅਕਬਰ ਗੰਗਾ ਜਮੁਨਾ ਤਹਿਜ਼ੀਬ ਦਾ ਨਾਇਕ ਹੈ।ਅਕਬਰ ਨੂੰ ਸਭ ਮਹਾਨ ਬਾਦਸ਼ਾਹ ਕਹਿੰਦੇ ਹਨ।ਯਕੀਨਨ ਉਹ ਹੈ ਵੀ ਸੀ।ਪਰ ਜਦੋਂ ਪੰਜਾਬੀਆਂ ਲਈ ਦੁੱਲ੍ਹੇ ਦੀ ਗੱਲ ਤੁਰਦੀ ਹੈ ਤਾਂ ਪੰਜ ਦਰਿਆਵਾਂ ਦੀ ਧਰਤੀ ਦਾ ਨਾਇਕ ਅਬਦੁੱਲਾ ਭੱਟੀ ਉਰਫ ਦੁੱਲ੍ਹਾ ਭੱਟੀ ਹੈ ਅਤੇ ਅਕਬਰ ਇੱਕ ਤਾਨਾਸ਼ਾਹ ਬਾਦਸ਼ਾਹ ਹੈ ਜਿੰਨ੍ਹੇ ਦੁੱਲ੍ਹੇ ਨੂੰ ਸ਼ਹੀਦ ਕੀਤਾ।
ਲੋਹੜੀ ਦੇ ਮੌਕੇ ਦੁੱਲ੍ਹੇ ਨੂੰ ਲੈਕੇ ਇਹਨਾਂ ਸਾਰੇ ਨਜ਼ਰੀਏ ਦਾ ਵਿਸਥਾਰ ਅਤੇ ਖ਼ੋਜ ਵੀ ਹੋਣੀ ਚਾਹੀਦੀ ਹੈ।ਇਹ ਕੋਈ ਆਖਰੀ ਗੱਲ ਨਹੀਂ ਹੈ।ਬੱਸ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਜੇ ਸੂਫੀਆਂ ਦਾ ਅਤੇ ਬਾਗੀਆਂ ਦਾ,ਸਾਡੇ ਲੋਕ ਨਾਇਕਾਂ ਦਾ ਰਿਸ਼ਤਾ ਅਜਿਹਾ ਹੈ ਤਾਂ ਇਸ ਰਿਸ਼ਤੇ ਦੇ ਤਿਉਹਾਰ ਲੋਹੜੀ ਨੂੰ ਕੋਟਿਨ ਕੋਟਿ ਸਿਜਦਾ ਕਰਨ ਨੂੰ ਮੰਨ ਕਹਿੰਦਾ ਹੈ।ਫਿਰ ਸੁੰਦਰ ਮੁੰਦਰੀਏ ਸਿਰਫ ਗੀਤ ਨਹੀਂ ਰਹਿ ਜਾਂਦਾ।ਇਹ ਪੰਜਾਬ ਦਾ ਮਹਾਨ ਸੂਫੀ ਕਲਾਮ ਹੋ ਜਾਂਦਾ ਹੈ।ਇਸ ਗੀਤ ਦੇ ਬਹੁਤ ਭੇਦ ਹਨ।ਇਸ ਗੀਤ ਨੂੰ ਗਾਉਂਦੇ ਹੋਏ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ ਹੈ ਅਤੇ ਦੁੱਲ੍ਹੇ ਦੇ ਮਾਰਫਤ ਸਾਂਝੀਵਾਲਤਾ ਅਤੇ ਦੂਜਿਆਂ ਲਈ ਜਿਊਣ ਦਾ ਜਜ਼ਬਾ ਮਹਿਸੂਸ ਕਰਨ ਦਾ ਅਹਿਦ ਵੀ ਹੈ।ਰਾਬਿਨ ਹੁੱਡ ਆਫ ਪੰਜਾਬ ਦੁੱਲ੍ਹੇ ਨੂੰ ਵੇਖਦਿਆਂ ਉਹ ਰਾਜਪੂਤ ਹਿੰਦੂ ਵੀ ਹੈ,ਉਸ ‘ਚ ਇਸਲਾਮ ਵੀ ਹੈ ਅਤੇ ਪੰਜਾਬ ਦਾ ਪੁੱਤ ਪੰਜਾਬੀਅਤ ਨਾਲ ਤਾਂ ਸਰਸ਼ਾਰ ਹੈ ਹੀ-ਇਸ ਉਮੀਦ ਨਾਲ ਤੁਹਾਡੇ ਵਿਹੜੇ ‘ਚ ਇਹ ਗੀਤ ਸਦਾ ਸਦਾ ਸਲਾਮਤ ਰਹੇ।
ਸੁੰਦਰ ਮੁੰਦਰੀਏ ਹੋ !
ਤੇਰਾ ਕੋਣ ਵਿਚਾਰਾ ਹੋ !
ਦੁੱਲ੍ਹਾ ਭੱਟੀ ਵਾਲਾ ਹੋ !
ਦੁੱਲ੍ਹੇ ਧੀ ਵਿਆਹੀ ਹੋ !
Sundar Mundariye Ho
Posted in Culture, Heritage, History | Tagged , , , , , , , , , , | Leave a comment

ਜ਼ਿੰਦਗੀ ‘ਚ ਉਮੀਦ ਦਾ ਸਿਲਸਿਲਾ

Jagwinder 4
ਉਹ ਸੜਕ ‘ਤੇ ਆਪਣੇ ਕਿਸੇ ਦੋਸਤ ਨਾਲ ਖੜੋਤਾ ਸੀ।ਕੋਈ ਦੂਰੋਂ ਗੱਡੀ ‘ਚ ਬੈਠਾ ਉਹਨੂੰ ਨਿਹਾਰ ਰਿਹਾ ਸੀ।ਫਿਰ ਉਹ ਗੱਡੀ ਵਾਲਾ ਉਹਦੇ ਕੋਲ ਆਇਆ ਅਤੇ ਉਹਨੂੰ 10 ਰੁੱਪਏ ਦਿੱਤੇ।
ਮੁੰਡੇ ਨੂੰ ਕੁਝ ਸਮਝ ਨਹੀਂ ਆਇਆ।
ਉਹਨੇ ਪੱਛਿਆ ਕਿ ਇਹ ਕੀ ?
ਜਵਾਬ ਸੀ ਕਿ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਹੈ।
ਉਹਨੇ ਕਿਹਾ ਕਿ ਮੈਂ ਇਹ ਨਹੀਂ ਲੈ ਸਕਦਾ।
ਬਦਲੇ ‘ਚ ਉਸ ਬੰਦੇ ਨੇ ਪਹਿਲਾਂ 50 ਰੁਪਏ ਕੱਢੇ,ਫਿਰ 100 ਤੇ ਫਿਰ 500 ਰੁਪਏ ਤੱਕ ਵਧਾਕੇ ਦਿੱਤੇ! ਪਰ ਉਹ ਲੈਣਾ ਨਹੀਂ ਚਾਹੁੰਦਾ ਸੀ।ਦੇਣ ਵਾਲਾ ਉਹਨੂੰ ਭੀਖ ਦੇ ਰਿਹਾ ਸੀ।ਅਜਿਹਾ ਕਿਉਂ ?
ਇਹ ਜਗਵਿੰਦਰ ਸਿੰਘ ਸੀ।
ਪਾਤੜਾਂ ਦਾ ਇਹ ਮੁੰਡਾ ਜਮਾਂਦਰੂ ਹੀ ਬਿਨਾਂ ਬਾਹਵਾਂ ਤੋਂ ਪੈਦਾ ਹੋਇਆ ਅਤੇ ਉਹਨੂੰ ਪੈਸੇ ਦੇਣ ਵਾਲਾ ਬੰਦਾ ਸਮਾਜ ਅੰਦਰ ਇੱਕ ਬਣੀ ਸੋਚ ਮੁਤਾਬਕ ਉਹਨੂੰ ਸੜਕ ‘ਤੇ ਖੜ੍ਹਿਆ ਵੇਖ ਭੀਖ ਦੇ ਰਿਹਾ ਸੀ।
ਜਗਵਿੰਦਰ ਮੁਤਾਬਕ ਸਾਡੇ ਜਹੇ ਵਿਕਲਾਂਗ ਲੋਕਾਂ ਨੂੰ ਕੁਝ ਸੱਜਣ ਭੀਖ ਮੰਗਣ ਵਾਲੇ ਹੀ ਸਮਝਦੇ ਹਨ।ਜਗਵਿੰਦਰ ਕਹਿੰਦਾ ਹੈ ਕਿ ਇਸ ‘ਚ ਉਹਦਾ ਕਸੂਰ ਨਹੀਂ ਅਸਲ ‘ਚ ਸੋਚ ਅਜਿਹੀ ਬਣ ਚੁੱਕੀ ਹੈ।ਇਸ ਘਟਨਾ ਨੂੰ ਯਾਦ ਕਰਦਾ ਜਗਵਿੰਦਰ ਦੱਸਦਾ ਹੈ ਕਿ ਪਹਿਲਾਂ ਤਾਂ ਉਹ ਸਮਝਿਆ ਨਹੀਂ ਕਿ ਕੀ ਹੋ ਰਿਹਾ ਸੀ।ਜਦੋਂ ਉਹਨੂੰ ਸਮਝ ਆਈ ਤਾਂ ਉਹਨੇ ਸਾਹਮਣੇ ਵਾਲੇ ਬੰਦੇ ਨੂੰ ਦੱਸਿਆ ਕਿ ਤੁਸੀ ਮੇਰੇ ਪ੍ਰਤੀ ਕੋਈ ਅਜਿਹਾ ਵਿਚਾਰਗੀ ਭਰਿਆ ਤਰਸ ਨਾ ਵਿਖਾਓ।
ਮੈਨੂੰ ਅਜਿਹੇ ਤਰਸ ਦੀ ਲੋੜ ਨਹੀਂ।ਮੈਂ ਰਾਸ਼ਟਰੀ ਪੱਧਰ ਦਾ ਸਾਈਕਲਿਸਟ ਹਾਂ।
ਜਗਵਿੰਦਰ,ਜ਼ਿੰਦਗੀ ਅਤੇ ਮਾਂ 
ਮਾਂ ਕਹਿੰਦੀ ਸੀ ਕਿ ਇੱਕ ਸਮਾਂ ਆਵੇਗਾ ਜਦੋਂ ਅਸੀ ਤੇਰੇ ਨਾਲ ਨਹੀਂ ਹੋਵਾਂਗੇ।ਫਿਰ ਤੈਨੂੰ ਆਪਣਾ ਆਪ ਸੰਭਾਲਣਾ ਪਵੇਗਾ।ਤੂੰ ਬਿਜਾਏ ਕਿਸੇ ਦੇ ਬੋਝ ਬਣੇ,ਜੇ ਤੂੰ ਆਪਣੀ ਸਾਂਭ ਸੰਭਾਲ ਆਪ ਕਰਨੀ ਸਿੱਖੇ ਤਾਂ ਵਧੀਆ ਹੋਵੇਗਾ।ਜਗਵਿੰਦਰ ਦੱਸਦੇ ਹਨ ਕਿ ਮੈਨੂੰ ਜ਼ਿੰਦਗੀ ‘ਚ ਹਰ ਤਾਲੀਮ ਮੇਰੀ ਮਾਂ ਤੋਂ ਮਿਲੀ ਹੈ।ਜਗਵਿੰਦਰ ਨੂੰ ਰਸੌਈ ਦੀ ਖਾਸ ਖਿੱਚ ਹੈ।ਜਗਵਿੰਦਰ ਰਸੌਈ ਦੀ ਸ਼ੈਲਫ ‘ਤੇ ਬੈਠ ਗੈਸ-ਚੁੱਲ੍ਹੇ ‘ਤੇ ਆਪ ਹੀ ਕੜਾਹੀ ਧਰ ਬਹਿੰਦਾ ਹੈ।ਉਹ ਲਜੀਜ਼ ਸ਼ੈਵਾਂ ਬਣਾਉਦਾ ਅਤੇ ਖਾਂਦਾ,ਜ਼ਿੰਦਗੀ ਦਾ ਜਸ਼ਨ ਮਨਾਉਂਦਾ ਹੈ।
ਜਗਵਿੰਦਰ ਅਤੇ ਸਾਈਕਲ
ਜਗਵਿੰਦਰ ਆਪਣੀ ਹਰ ਗੱਲ ਜ਼ਿੰਦਗੀ ਦੀ ਜ਼ਿੰਦਾਦਲੀ ਤੋਂ ਸ਼ੁਰੂ ਕਰਦਾ ਹੈ।ਉਹਦੀਆਂ ਗੱਲਾਂ ਅੰਦਰ ਖੁਦ ਨੂੰ ਸਾਬਤ ਕਰਨ ਦੀ ਜੱਦੋਜਹਿਦ ਨਹੀਂ ਹੈ।ਬੱਸ ਉਹ ਖੁਦ ਲਈ ਸੰਤੁਸ਼ਟ ਹੋਣਾ ਚਾਹੁੰਦਾ ਹੈ।ਉਹ ਖੁਸ਼ ਰਹਿਣਾ ਚਾਹੁੰਦਾ ਹੈ ਅਤੇ ਆਪਣੇ ਆਪ ਲਈ ਕੁਝ ਕਰਨਾ ਚਾਹੁੰਦਾ ਹੈ।ਇਸੇ ਅਹਿਸਾਸ ਨਾਲ ਹੀ ਜਗਵਿੰਦਰ ਨੇ ਸਾਈਕਲ ਚਲਾਉਣਾ ਸ਼ੁਰੂ ਕੀਤਾ।ਜਗਵਿੰਦਰ ਕਹਿੰਦਾ ਹੈ ਕਿ ਕਰਾਉਣ ਵਾਲਾ ਤਾਂ ਵਾਹਿਗੁਰੂ ਸੀ।ਬੱਸ ਮੈਨੂੰ ਇਹ ਸੀ ਕਿ ਸਾਈਕਲ ਸਿੱਖਣਾ ਚਾਹੀਦਾ ਹੈ।
ਜਗਵਿੰਦਰ ਕਹਿੰਦਾ ਹੈ ਕਿ ਸਾਈਕਲ ਦਾ ਘਰ ਆਉਣਾ ਇੰਝ ਹੋਇਆ ਸੀ ਕਿ ਸਕੂਲ ਜਾਣ ਲੱਗਿਆਂ, ਮਾਪਿਆਂ ਸੋਚਿਆ ਭੈਣ ਨੂੰ ਸਾਈਕਲ ਦਿੱਤਾ ਜਾਵੇ ਤਾਂ ਕਿ ਉਹ ਸਾਈਕਲ ਚਲਾਵੇ ਅਤੇ ਜਗਵਿੰਦਰ ਪਿੱਛੇ ਬੈਠਕੇ ਜਾ ਸਕੇ।ਪਰ ਤਿੰਨ ਭੈਣਾਂ ਅਤੇ ਇੱਕ ਨਿੱਕੇ ਵੀਰ ਦਾ ਜਗਵਿੰਦਰ ਕੁਝ ਹੋਰ ਸੋਚ ਰਿਹਾ ਸੀ।ਭੈਣ ਸਾਈਕਲ ਚਲਾਉਣ ਲੱਗਿਆਂ ਡਿੱਗਣ ਤੋਂ ਡਰਦੀ ਸੀ ਅਤੇ ਜਗਵਿੰਦਰ ਸੋਚਦਾ ਸੀ ਕਿ ਡਿੱਗ-ਡਿੱਗਕੇ ਇੱਕ ਦਿਨ ਸਾਈਕਲ ਚਲਾਉਣਾ ਸਿੱਖ ਲਵਾਂਗਾ।
ਜਗਵਿੰਦਰ ਦੱਸਦਾ ਹੈ ਕਿ ਉਹ ਪਹਿਲਾਂ ਸਾਈਕਲ ਬਾਰੇ ਸੋਚਦਾ ਸੀ।ਫਿਰ ਚਲਾਉਣ ਬਾਰੇ ਸੋਚਦਾ ਸੀ।ਫਿਰ ਜਿਉਂ ਜਿਉਂ ਉਹ ਸਾਈਕਲ ਚਲਾਉਂਦਿਆ ਡਿੱਗਦਾ ਗਿਆ ਤਾਂ ਉਹਦਾ ਵਿਸ਼ਵਾਸ਼ ਬਣਦਾ ਗਿਆ ਕਿ ਉਹ ਸਾਈਕਲ ਚਲਾ ਸਕਦਾ ਹੈ।ਸਾਈਕਲ ਚਲਾਉਣ ਤੋਂ ਬਾਅਦ ਇਰਾਦਾ ਇਹ ਹੋ ਗਿਆ ਕਿ ਉਹ ਸਾਈਕਲ ਦੋੜਾ ਸਕਦਾ ਹੈ।
ਜਗਵਿੰਦਰ ਅਤੇ ਚਿੱਤਰਕਾਰੀ 
ਜਗਵਿੰਦਰ ਆਪਣੇ ਜਜ਼ਬਾਤ ਆਪਣੇ ਹੀ ਕੈਨਵਸ ‘ਤੇ ਚਿਤਰਦਾ ਹੈ।ਹਜ਼ਾਰਾਂ ਰੰਗਾਂ ਨਾਲ ਅਹਿਸਾਸ ਨੂੰ ਤਸਵੀਰ ਬਣਾਉਂਦਾ ਉਹ ਬੱਚਿਆਂ ‘ਚ ਬਤੌਰ ਡ੍ਰਾਇੰਗ ਅਧਿਆਪਕ ਬਹੁਤ ਸਹਿਜ ਮਹਿਸੂਸ ਕਰਦਾ ਹੈ।ਬੇਸ਼ੱਕ ਜਗਵਿੰਦਰ ਆਪਣੀ ਕਾਬਲੀਅਤ ਨਾਲ ਜਲ ਅਤੇ ਭੂਮੀ ਮਹਿਕਮੇ ‘ਚ ਸਰਕਾਰੀ ਨੌਕਰੀ ਕਰ ਰਿਹਾ ਹੈ ਪਰ ਜਗਵਿੰਦਰ ਚਾਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਚਿੱਤਰਕਲਾ ਨੂੰ ਬਤੌਰ ਅਧਿਆਪਣ ਆਪਣਾ ਕਿੱਤਾ ਬਣਾਵੇ ਅਤੇ ਇਸੇ ‘ਚ ਸਰਕਾਰੀ ਨੌਕਰੀ ਕਰੇ।
ਸੁਫਨਿਆਂ ਭਰੀ ਉਡਾਰੀ 
ਜਗਵਿੰਦਰ ਆਪਣੇ ਸੁਫ਼ਨੇ ਬਤੌਰ ਸਾਈਕਲਿਸਟ ਪੂਰੇ ਕਰਨਾ ਚਾਹੁੰਦਾ ਹੈ।ਉਹਦਾ ਮੰਨਣਾ ਹੈ ਕਿ ਜੇ ਸਹੀ ਸਿਖਲਾਈ ਅਤੇ ਚੰਗੀ ਮਦਦ ਮਿਲੇ ਤਾਂ ਭਾਰਤ ਦਾ ਪੈਰਾ ਓਲੰਪਿਕ ‘ਚ ਵੀ ਸਾਈਕਿਲਿੰਗ ਦਾ ਸੋਨ ਤਮਗਾ ਆ ਸਕਦਾ ਹੈ।ਮੇਰਾ ਮੰਨਣਾ ਹੈ ਕਿ ਤੁਸੀ ਜੋ ਚਾਹੋ ਕਰ ਸਕਦੇ ਹੋ ਬੱਸ ਤੁਹਾਨੂੰ ਜ਼ਿੰਦਗੀ ‘ਚ ਚੱਲਦੇ ਰੱਖਣ ਦੀ ਹੀ ਲੋੜ ਹੈ।
ਅਗਰ ਸੂਰਜ ਨਾ ਬਣ ਸਕੇ ਤੋ ਸ਼ਮਾ ਹੀ ਸਹੀ
ਮੇਰੇ ਸੁਫਨਿਆਂ ‘ਚ ਇਹ ਗੱਲ ਹੀ ਖਾਸ ਹੈ।ਹੋ ਸਕਦਾ ਹੈ ਮੈਂ ਵੱਡੇ  ਸਮਾਜ ਲਈ ਰੋਲ ਮਾਡਲ ਨਾ ਬਣ ਸਕਾਂ।ਪਰ ਜੇ ਮੈਂ ਆਪਣੇ ਪਰਿਵਾਰ ਲਈ,ਭੈਣ ਭਰਾਵਾਂ ਲਈ ਜਾਂ ਆਪਣੇ ਹੀ ਮੁਹੱਲੇ ਦਾ ਆਦਰਸ਼ ਬਣ ਜਾਵਾਂ,ਇਹ ਗੱਲ ਵੀ ਬਹੁਤ ਬਹੁਤ ਵੱਡੀ ਹੈ।
ਦਿਲ ਵਾਲੀ ਗੱਲ 
ਜਗਵਿੰਦਰ ਕਹਿੰਦਾ ਹੈ ਵਾਰ ਵਾਰ ਡਿੱਗਦੇ ਰਹੋ।ਜ਼ਿੰਦਗੀ ਅੰਦਰ ਅਸਫਲਤਾ ਹੀ ਤੁਹਾਨੂੰ ਤੁਹਾਡੀ ਮੰਜ਼ਿਲ ਵੱਲ ਵਧਾਵੇਗੀ।ਤੁਸੀ ਕਦੀ ਵੀ ਹੌਂਸਲਾ ਨਾ ਹਾਰੋ।ਜ਼ਿੰਦਗੀ ਇੰਝ ਹੀ ਹੈ।ਪਲ ‘ਚ ਮਾੜੇ ਦਿਨ ਤੇ ਪਲ ‘ਚ ਸੁਨਹਿਰੇ ਦਿਨ,ਪਲ ‘ਚ ਛਾਂ ਤੇ ਪਲ ‘ਚ ਧੁੱਪ ! ਜ਼ਿੰਦਗੀ ਦੇ ਇਸ ਉਤਾਰ ਚੜਾਅ ਦਾ ਮੁਕਾਬਲਾ ਕਰੋ।
ਜਿੱਤ ਦੇ ਨਿਸ਼ਾਨ 
ਜਗਵਿੰਦਰ ਸਟੇਟ ਸਾਈਕਲਿੰਗ ‘ਚ ਸੋਨ ਤਗਮਾ ਜੇਤੂ ਹਨ।3 ਬ੍ਰੇਵੇ ਲਗਾ ਚੁੱਕੇ ਹਨ।ਇਹ 208,212,300 ਕਿਲੋਮੀਟਰ ਦੇ ਹੁੰਦੇ ਹਨ ਅਤੇ ਇਸ ‘ਚ ਹਰ ਕੋਈ ਹਿੱਸਾ ਲੈ ਸਕਦਾ ਹੈ।ਇਹਨਾਂ ਬ੍ਰੇਵੇ  ‘ਚ ਮੁੰਡੇ ਕੁੜੀਆਂ ਬਰਾਬਰ ਸ਼ਾਮਲ ਹੁੰਦੇ ਹਨ।ਇਹਨਾਂ ‘ਚ ਕੁਆਲੀਫਾਈ ਸਮਾਂ 13.5 ਘੰਟੇ ਦਾ ਹੁੰਦਾ ਹੈ ਪਰ ਮੈਂ 9 ਘੰਟੇ ‘ਚ ਹੀ ਪੂਰਾ ਕਰ ਲਿਆ ਸੀ।ਇਸੇ ਤਰ੍ਹਾਂ ਜਗਵਿੰਦਰ ਕੋਨਾਰਕ ਇੰਟਰਨੈਸ਼ਨਲ ਉੜੀਸਾ ਸਾਈਕਲੋਥੋਨ 35 ਕਿਲੋਮੀਟਰ ‘ਚ ਵੀ ਹਿੱਸਾ ਲੈ ਚੁੱਕੇ ਹਨ।ਦਿੱਲੀ ਦੇ ਅੰਦਰ ਹੋਏ ਮਲੇਸ਼ੀਆ ਕੁਆਲੀਫਾਈ ‘ਚ ਵੀ ਹਿੱਸਾ ਲਿਆ ਸੀ।
ਜਗਵਿੰਦਰ ਸਿੰਘ ‘ਚੋਂ ਜੇ ਤੁਹਾਨੂੰ ਕੋਈ ਉਮੀਦ ਵਿਖਦੀ ਹੈ ਤਾਂ ਉਸ ਉਮੀਦ ਦੀ ਇੱਕ ਰੌਸ਼ਨੀ ਆਪਣੇ ਅੰਦਰ ਵੀ ਲੱਭਣ ਦੀ ਕੌਸ਼ਿਸ਼ ਕਰਨਾ।ਇਸ ਦੌਰ ਅੰਦਰ ਸੰਘਰਸ਼,ਮਿਹਨਤ,ਧੱਕੇ ਹਨ ਅਤੇ ਇਸ ਤੋਂ ਮੁਨਕਰ ਨਹੀਂ ਪਰ ਜੇ ਅਸੀ ਖੁਦ ਨੂੰ ਲੈਕੇ ਯਕੀਨ ‘ਚ ਹਾਂ ਤਾਂ ਸਭ ਕੁਝ ਕਰ ਸਕਦੇ ਹਾਂ।ਜਗਵਿੰਦਰ ਦੇ ਇਸੇ ਹੌਂਸਲਿਆਂ ਨੂੰ ਓਲਪਿੰਕ ਨਿਰਮਾਤਾ ਪਿਅਰੇ ਡੀ. ਕਿਊਬ੍ਰਟਿਨ ਇੰਝ ਵੇਖਦੇ ਸਨ ਕਿ ਓਲੰਪਿਕ ਖੇਡਾਂ ‘ਚ ਜਿੱਤਣਾ ਮਹੱਤਵਪੂਰਨ ਨਹੀਂ ਸਗੋਂ ਓਲੰਪਿਕ ‘ਚ ਹਿੱਸਾ ਲੈਣਾ ਮਾਇਨੇ ਰੱਖਦਾ ਹੈ।ਜਿੱਤਣ ਨਾਲੋਂ ਜ਼ਿਆਦਾ ਜ਼ਿੰਦਗੀ ‘ਚ ਸੰਘਰਸ਼ ਕਰਨਾ ਮਾਇਨੇ ਰੱਖਦਾ ਹੈ।
“The important thing in the Olympic games is not the winning but the taking part.
The important thing in Life is not the triumph but the struggle” 
– Pierre dee Coubertin
Founder of the Olympic games 1896
(ਜਗਬਾਣੀ ਰੇਡੀਓ ‘ਤੇ ਜ਼ਿੰਦਗੀ ਦੇ ਜਸ਼ਨ ਦੀਆਂ ਕਹਾਣੀਆਂ-ਉਮੀਦ ਦੇ ਬੰਦੇ,ਹਰ ਮੰਗਲਵਾਰ,ਰਾਤ 8 ਵਜੇ)
Jagwinder Singh
Posted in Inspiration, Life, Social Media, Sports | Tagged , , , , , , , | Leave a comment